ਇਸਲਾਮਾਬਾਦ : ਪਾਕਿਸਤਾਨ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਭਿਆਨਕ ਆਰਥਿਕ ਅਤੇ ਊਰਜਾ ਸੰਕਟ ਵਿੱਚੋਂ ਲੰਘ ਰਿਹਾ ਹੈ। ਮੱਧ ਪੂਰਬ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਦਾ ਸਿੱਧਾ ਅਸਰ ਪਾਕਿਸਤਾਨ ਦੀ ਆਰਥਿਕਤਾ 'ਤੇ ਪਿਆ ਹੈ।
ਰਾਤ 8 ਵਜੇ ਲੱਗ ਜਾਵੇਗਾ 'ਲਾਕਡਾਊਨ'
ਊਰਜਾ ਸੰਕਟ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸਖ਼ਤ ਕਦਮ ਚੁੱਕੇ ਹਨ। 7 ਅਪ੍ਰੈਲ ਤੋਂ ਦੇਸ਼ ਭਰ ਵਿੱਚ ਸ਼ਾਪਿੰਗ ਮਾਲ ਅਤੇ ਬਾਜ਼ਾਰ ਰਾਤ 8 ਵਜੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਹੋਟਲ, ਰੈਸਟੋਰੈਂਟ ਅਤੇ ਵਿਆਹ ਸਮਾਗਮਾਂ ਨੂੰ ਰਾਤ 10 ਵਜੇ ਤੱਕ ਸੀਮਤ ਕਰ ਦਿੱਤਾ ਗਿਆ ਹੈ। ਸਰਕਾਰ ਨੇ ਊਰਜਾ ਬਚਾਉਣ ਲਈ ਸਰਕਾਰੀ ਗੱਡੀਆਂ ਦੇ ਖਰਚੇ ਵਿੱਚ 60 ਫੀਸਦ ਕਟੌਤੀ ਅਤੇ ਮੰਤਰੀਆਂ ਦੀਆਂ ਤਨਖਾਹਾਂ ਵਿੱਚ ਵੀ ਕਟੌਤੀ ਕੀਤੀ ਹੈ। ਇਹ ਪਾਬੰਦੀਆਂ ਨੂੰ ਲੋਕ ਲਾਕਡਾਊਨ ਨਾਲ ਜੋੜ ਕੇ ਵੇਖ ਰਹੇ ਹਨ।
ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਆਮ ਜਨਤਾ ਦਾ ਲੱਕ ਤੋੜ ਦਿੱਤਾ ਹੈ। ਹਾਲ ਹੀ ਵਿੱਚ ਪੈਟਰੋਲ ਦੀ ਕੀਮਤ 458.41 ਰੁਪਏ ਅਤੇ ਡੀਜ਼ਲ 520.35 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਸੀ। ਹਾਲਾਂਕਿ ਜਨਤਾ ਦੇ ਵਿਰੋਧ ਤੋਂ ਬਾਅਦ ਪੈਟਰੋਲ ਦੀ ਕੀਮਤ ਘਟਾ ਕੇ 378 ਰੁਪਏ ਕੀਤੀ ਗਈ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਟਾ, ਚੌਲ, ਦੁੱਧ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਬੇਤਹਾਸ਼ਾ ਵਧ ਗਈਆਂ ਹਨ, ਜਿਸ ਕਾਰਨ ਮਹਿੰਗਾਈ ਦਰ 7.3 ਫੀਸਦ ਤੱਕ ਪਹੁੰਚ ਗਈ ਹੈ।
ਕਰਜ਼ੇ ਦਾ ਵਧਦਾ ਬੋਝ
ਪਾਕਿਸਤਾਨ ਸਿਰ ਕਰਜ਼ੇ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਜਨਵਰੀ 2026 ਤੱਕ ਦੇਸ਼ ਸਿਰ ਕੁੱਲ ਕਰਜ਼ਾ 79,322 ਅਰਬ ਪਾਕਿਸਤਾਨੀ ਰੁਪਏ ਹੋ ਗਿਆ ਹੈ, ਜੋ ਕਿ ਜੀ.ਡੀ.ਪੀ. (GDP) ਦਾ ਲਗਭਗ 70 ਫੀਸਦ ਹੈ। ਸੰਯੁਕਤ ਅਰਬ ਅਮੀਰਾਤ (UAE) ਨੇ ਵੀ ਪਾਕਿਸਤਾਨ ਨੂੰ ਇਸ ਮਹੀਨੇ ਦੇ ਅੰਤ ਤੱਕ 3.5 ਅਰਬ ਡਾਲਰ ਦਾ ਕਰਜ਼ਾ ਵਾਪਸ ਕਰਨ ਦਾ ਫਰਮਾਨ ਸੁਣਾਇਆ ਹੈ, ਜਿਸ ਨੇ ਸਰਕਾਰ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।
ਮਾਹਿਰਾਂ ਅਨੁਸਾਰ ਜੇਕਰ ਮੱਧ ਪੂਰਬ ਵਿੱਚ ਜੰਗ ਜਾਰੀ ਰਹਿੰਦੀ ਹੈ ਅਤੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਰਹਿੰਦੀਆਂ ਹਨ, ਤਾਂ ਪਾਕਿਸਤਾਨ ਦੀ ਜੀ.ਡੀ.ਪੀ. ਵਿੱਚ 1-1.5 ਫੀਸਦ ਦੀ ਗਿਰਾਵਟ ਆ ਸਕਦੀ ਹੈ। ਫਿਲਹਾਲ ਪਾਕਿਸਤਾਨੀ ਜਨਤਾ ਮਹਿੰਗਾਈ ਅਤੇ ਹਨੇਰੇ ਦੇ ਦੋਹਰੇ ਸੰਕਟ ਨਾਲ ਜੂਝ ਰਹੀ ਹੈ।
ਕਪੂਰਥਲਾ ਦੀ ਸੁਖਮਨ ਕੌਰ ਨੇ ਵਧਾਇਆ ਮਾਣ, ਇਟਲੀ ਪੁਲਿਸ 'ਚ ਹੋਈ ਭਰਤੀ
NEXT STORY