ਇੰਟਰਨੈਸ਼ਨਲ ਡੈਸਕ- ਸਾਊਦੀ ਅਰਬ ਨਾਲ ਕੀਤਾ ਗਿਆ ਰੱਖਿਆ ਸਮਝੌਤਾ ਪਾਕਿਸਤਾਨ ਨੂੰ ਮਿਡਲ ਈਸਟ 'ਚ ਵਧਦੇ ਜਾ ਰਹੇ ਤਣਾਅ ਵਿਚਾਲੇ ਜੰਗ 'ਚ ਡੂੰਘਾ ਧੱਕ ਸਕਦਾ ਹੈ। ਯਮਨ ਦੇ ਇਰਾਨ-ਸਮਰਥਿਤ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਵਿਚਕਾਰ ਤਣਾਅ ਵਧਣ ਕਾਰਨ ਪਾਕਿਸਤਾਨੀ ਫ਼ੌਜ ਦੇ ਫ਼ੀਲਡ ਮਾਰਸ਼ਲ ਆਸਿਮ ਮੁਨੀਰ 'ਤੇ ਦਬਾਅ ਲਗਾਤਾਰ ਵਧ ਰਿਹਾ ਹੈ।
ਪਿਛਲੇ ਸਾਲ ਸਤੰਬਰ ਵਿੱਚ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਅਤੇ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਦਰਮਿਆਨ ਇਹ ਸਮਝੌਤਾ ਹੋਇਆ ਸੀ। ਇਸ ਤਹਿਤ ਸਾਊਦੀ ਅਰਬ ਪਾਕਿਸਤਾਨ ਨੂੰ ਅਰਬਾਂ ਡਾਲਰਾਂ ਦਾ ਨਿਵੇਸ਼ ਅਤੇ ਕਰਜ਼ਾ ਮੁਹੱਈਆ ਕਰਵਾਏਗਾ, ਜਦਕਿ ਪਾਕਿਸਤਾਨੀ ਫ਼ੌਜ ਸਾਊਦੀ ਫੋਰਸਾਂ ਨੂੰ ਟ੍ਰੇਨਿੰਗ ਦੇਵੇਗੀ ਅਤੇ ਕਿਸੇ ਵੀ ਹਮਲੇ ਦੀ ਸੂਰਤ 'ਚ ਸਾਊਦੀ ਅਰਬ ਦਾ ਬਚਾਅ ਕਰੇਗੀ।
ਅਗਸਤ 2026 'ਚ ਇਸ ਰੱਖਿਆ ਪੈਕਟ ਦਾ ਵਿਸਥਾਰ ਕਰ ਕੇ ਤੁਰਕੀ ਨੂੰ ਵੀ ਸ਼ਾਮਲ ਕੀਤਾ ਗਿਆ ਅਤੇ ਇਸ ਦਾ ਨਾਂ 'ਮੱਕਾ ਸੰਯੁਕਤ ਰੱਖਿਆ ਸਮਝੌਤਾ' ਰੱਖਿਆ ਗਿਆ। ਇਸ ਸਮਝੌਤੇ ਦੀ ਮੁੱਖ ਸ਼ਰਤ ਅਨੁਸਾਰ, ਤਿੰਨਾਂ 'ਚੋਂ ਕਿਸੇ ਵੀ ਇੱਕ ਦੇਸ਼ 'ਤੇ ਹੋਏ ਹਮਲੇ ਨੂੰ ਤਿੰਨਾਂ ਦੇਸ਼ਾਂ 'ਤੇ ਹਮਲਾ ਮੰਨਿਆ ਜਾਵੇਗਾ।
ਇਰਾਨ, ਅਮਰੀਕਾ ਅਤੇ ਇਜ਼ਰਾਈਲ ਦਰਮਿਆਨ ਵਧੇ ਤਣਾਅ ਅਤੇ ਹੂਤੀ ਬਾਗੀਆਂ ਵੱਲੋਂ ਸਾਊਦੀ ਅਰਬ ਵੱਲ ਦਾਗੇ ਡਰੋਨਾਂ ਤੋਂ ਬਾਅਦ ਇਹ ਸਮਝੌਤਾ ਪਾਕਿਸਤਾਨ ਲਈ ਗਲੇ ਦੀ ਹੱਡੀ ਬਣ ਗਿਆ ਹੈ। ਰੱਖਿਆ ਮਾਹਿਰਾਂ ਅਨੁਸਾਰ, ਪਾਕਿਸਤਾਨ ਨੇ ਖੇਤਰੀ ਖ਼ਤਰਿਆਂ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਸੀ। ਜੇਕਰ ਸਾਊਦੀ ਅਰਬ ਇਸ ਸਮਝੌਤੇ ਨੂੰ ਲਾਗੂ ਕਰਦਾ ਹੈ, ਤਾਂ ਪਾਕਿਸਤਾਨ ਨੂੰ ਆਪਣੇ ਜਵਾਨ ਜੰਗ 'ਚ ਭੇਜਣੇ ਪੈ ਸਕਦੇ ਹਨ।
ਦੂਜੇ ਪਾਸੇ, ਇਰਾਨ ਨਾਲ ਲੱਗਦੀ ਆਪਣੀ ਸਰਹੱਦ ਅਤੇ ਦੇਸ਼ ਦੇ ਅੰਦਰੂਨੀ ਆਰਥਿਕ ਤੇ ਸੁਰੱਖਿਆ ਸੰਕਟ ਕਾਰਨ ਪਾਕਿਸਤਾਨੀ ਸਿਆਸਤਦਾਨ ਅਤੇ ਵਿਰੋਧੀ ਆਗੂ ਚਿਤਾਵਨੀ ਦੇ ਰਹੇ ਹਨ ਕਿ ਇਸ ਜੰਗ 'ਚ ਕੁੱਦਣਾ ਦੇਸ਼ ਲਈ ਇੱਕ ਵੱਡੀ ਤਬਾਹੀ ਲੈ ਕੇ ਆਵੇਗਾ।
ਨੇਪਾਲ 'ਚ ਹੜ੍ਹਾਂ ਦਾ ਕਹਿਰ: 4 ਹਫ਼ਤਿਆਂ ਬਾਅਦ ਵੀ ਲਾਪਤਾ 6,000 ਲੋਕਾਂ ਦੀ ਭਾਲ ਜਾਰੀ
NEXT STORY