ਮਿਆਂਮਾਰ ’ਚ ਆਂਗ ਸਾਨ ਸੂ ਕੀ ਕੋਲੋਂ ਸੱਤਾ ਖੋਹਣ ਤੋਂ ਬਾਅਦ ਫੌਜ ਨੇ ਦੇਸ਼ ਦੀ ਕਮਾਨ ਆਪਣੇ ਹੱਥਾਂ ’ਚ ਲੈ ਲਈ ਹੈ ਅਤੇ ਅਗਲੇ ਇਕ ਸਾਲ ਦੇ ਲਈ ਪੂਰੇ ਦੇਸ਼ ’ਚ ਐਮਰਜੈਂਸੀ ਲਾਗੂ ਕਰ ਦਿੱਤੀ ਹੈ ਪਰ ਮਿਆਂਮਾਰ ਦਾ ਕਾਮਾ ਵਰਗ ਫੌਜ ਦੇ ਸਾਹਮਣੇ ਸਿਰ ਝੁਕਾਉਣ ਲਈ ਤਿਆਰ ਨਹੀਂ ਦਿਸਦਾ ਅਤੇ ਨਾ ਹੀ ਵਿਦਿਆਰਥੀ ਵਰਗ ਦਿਸਦਾ ਹੈ। ਵਿਦਿਆਰਥੀ ਦੇਸ਼ ਦੇ ਕਈ ਇਲਾਕਿਆਂ ’ਚ ਵੱਖ-ਵੱਖ ਥਾਵਾਂ ’ਤੇ ਆਮ ਲੋਕਾਂ ਨਾਲ ਰੋਸ ਵਿਖਾਵਿਆਂ ’ਚ ਹਿੱਸਾ ਲੈ ਰਹੇ ਹਨ।ਉੱਤਰੀ ਮਿਆਂਮਾਰ ’ਚ ਨੇਪੀਡਾਵ ਤੋਂ ਸ਼ੁਰੂ ਹੋਇਆ ਫੌਜ ਵਿਰੋਧੀ ਅੰਦੋਲਨ ਹੁਣ ਦੱਖਣ ’ਚ ਯਾਂਗੌਂਗ ਤਕ ਉਸੇ ਤੇਜ਼ੀ ਨਾਲ ਫੈਲ ਰਿਹਾ ਹੈ। ਸ਼ਾਂਤੀਪੂਰਵਕ ਰੋਸ ਵਿਖਾਵੇ ਕਰਨ ਵਾਲਿਆਂ ’ਚ ਸ਼ਾਮਲ ਇਕ ਡਾਕਟਰ ਕਿਆਵ ਸਿਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਹ ਮਿਆਂਮਾਰ ਦੇ ਇਸ ਫੌਜੀ ਸ਼ਾਸਨ ਨੂੰ ਜਲਦੀ ਹੀ ਪੁੱਟ ਸੁੱਟਣਗੇ ਅਤੇ ਜਦੋਂ ਤਕ ਉਹ ਫੌਜ ਨੂੰ ਪੁੱਟ ਨਾ ਦੇਣਗੇ ਉਦੋਂ ਤਕ ਉਹ ਕੰਮ ’ਤੇ ਵਾਪਸ ਨਹੀਂ ਪਰਤਣਗੇ।
ਮਿਆਂਮਾਰ ’ਚ ਇਸ ਅਸ਼ਾਂਤੀ ਅਤੇ ਤਖਤਾ ਪਲਟ ਦੇ ਪਿੱਛੇ ਜਾਣਕਾਰ ਚੀਨ ਦਾ ਹੱਥ ਦੱਸ ਰਹੇ ਹਨ। ਦਰਅਸਲ ਰਣਨੀਤਿਕ ਤੌਰ ’ਤੇ ਦੇਖਿਆ ਜਾਵੇ ਤਾਂ ਮਿਆਂਮਾਰ ’ਚ ਫੌਜੀ ਸ਼ਾਸਨ ਤੋਂ ਚੀਨ ਨੂੰ ਜ਼ਿਆਦਾ ਲਾਭ ਹੋਵੇਗਾ। ਪਹਿਲਾ ਲਾਭ ਇਹ ਹੋਵੇਗਾ ਕਿ ਚੀਨ ਮਿਆਂਮਾਰ ਦੇ ਫੌਜੀ ਸ਼ਾਸਨ ਨੂੰ ਆਪਣੇ ਇਸ਼ਾਰਿਆਂ ’ਤੇ ਨਚਾ ਸਕਦਾ ਹੈ। ਦੂਸਰਾ ਜੇਕਰ ਮਿਆਂਮਾਰ ’ਚ ਲੋਕਤੰਤਰ ਰਿਹਾ ਤਾਂ ਉਥੇ ਨਿਰਮਾਣ ਅਤੇ ਵਪਾਰਕ ਕਾਰਜਾਂ ’ਚ ਦੂਸਰੇ ਦੇਸ਼ ਵੀ ਆ ਸਕਦੇ ਹਨ ਪਰ ਫੌਜੀ ਸ਼ਾਸਨ ’ਚ ਮਿਆਂਮਾਰ ਦੇ ਹਰ ਨਿਰਮਾਣ ਕਾਰਜ, ਵਪਾਰ ਅਤੇ ਮਿਆਂਮਾਰ ਦੇ ਕੁਦਰਤੀ ਸ੍ਰੋਤਾਂ ਦੀ ਢੁਆਈ ਕਰਨ ’ਤੇ ਚੀਨ ਦਾ ਗਲਬਾ ਹੋਵੇਗਾ। ਮਿਆਂਮਾਰ ’ਚ ਫੌਜੀ ਸ਼ਾਸਨ ਲਾਗੂ ਹੋਣ ਦੇ ਬਾਅਦ ਉਥੇ ਵੀ ਚੀਨ ਦੀ ਤਰਜ਼ ’ਤੇ ਦੇਸ਼ ਦੇ ਅੰਦਰ ਸ਼ਾਸਨ ਵਿਰੁੱਧ ਅੰਦੋਲਨ ਨੂੰ ਦਬਾਉਣ ’ਚ ਆਸਾਨੀ ਹੁੰਦੀ ਹੈ।
ਦਰਅਸਲ ਚੀਨ ਹਿੰਦ ਮਹਾਸਾਗਰ ’ਚ ਆਪਣਾ ਦਖਲ ਚਾਹੁੰਦਾ ਹੈ ਅਤੇ ਇਸਦੇ ਲਈ ਚੀਨ ਨੇ ਕੋਸ਼ਿਸ਼ ਵੀ ਬਹੁਤ ਕੀਤੀ। ਭਾਰਤ ਨੂੰ ਘੇਰਨ ਲਈ ਚੀਨ ਨੇ ਸ਼੍ਰੀਲੰਕਾ ’ਚ ਹੰਬਨਟੋਟਾ ਬੰਦਰਗਾਹ ’ਚ ਵੱਡਾ ਨਿਵੇਸ਼ ਕਰ ਕੇ ਸ਼੍ਰੀਲੰਕਾ ਨੂੰ ਆਪਣੇ ਕਰਜ਼ ਦੇ ਜਾਲ ’ਚ ਫਸਾ ਕੇ 99 ਸਾਲ ਲਈ ਹੰਬਨਟੋਟਾ ਬੰਦਰਗਾਹ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਪਰ ਸਥਾਨਕ ਲੋਕਾਂ ਦੇ ਦਖਲ ਅਤੇ ਚੀਨ ਵਿਰੋਧੀ ਅੰਦੋਲਨ ਦੇ ਸ਼ੁਰੂ ਹੋਣ ਦੇ ਬਾਅਦ ਚੀਨ ਨੂੰ ਆਪਣੀ ਯੋਜਨਾ ’ਚ ਤਬਦੀਲੀ ਕਰਨੀ ਪਈ। ਮਾਲਦੀਵ ’ਚ ਵੀ ਚੀਨ ਨੇ ਬੜੇ ਯਤਨ ਕੀਤੇ ਪਰ ਉਥੇ ਵੀ ਸੱਤਾ ਵਿਰੋਧੀ ਧੜੇ ਦੇ ਹੱਥਾਂ ’ਚ ਆਉਣ ਦੇ ਬਾਅਦ ਚੀਨ ਨੂੰ ਮਾਲਦੀਵ ਤੋਂ ਪਿੱਛੇ ਹਟਣਾ ਪਿਆ, ਇਸਦੇ ਬਾਅਦ ਚੀਨ ਨੇ ਥਾਈਲੈਂਡ ’ਚ ਕ੍ਰਾ ਇਸਤਮੁਸ ਇਲਾਕੇ ’ਚ ਸਵੇਜ਼ ਅਤੇ ਪਨਾਮਾ ਨਹਿਰ ਦੀ ਤਰਜ਼ ’ਤੇ ਜ਼ਮੀਨ ਦੀ ਕਟਾਈ ਕਰ ਕੇ ਇਕ ਨਹਿਰ ਕੱਢਣ ਦੀ ਯੋਜਨਾ ਬਣਾਈ ਅਤੇ ਥਾਈਲੈਂਡ ਨਾਲ ਇਸ ਬਾਰੇ ਚਰਚਾ ਵੀ ਕੀਤੀ ਪਰ ਥਾਈਲੈਂਡ ਨੂੰ ਇਸ ’ਚੋਂ ਦੋ ਖਤਰੇ ਨਜ਼ਰ ਆਏ। ਪਹਿਲਾ, ਥਾਈਲੈਂਡ ਦੂਸਰੇ ਦੇਸ਼ਾਂ ਵਾਂਗ ਚੀਨ ਦੇ ਕਰਜ਼ ਦੇ ਮੱਕੜਜਾਲ ’ਚ ਫਸਣਾ ਨਹੀਂ ਚਾਹੁੰਦਾ ਸੀ ਅਤੇ ਦੂਸਰਾ ਕਾਰਨ ਇਸ ਤੋਂ ਵੀ ਜ਼ਿਆਦਾ ਗੰਭੀਰ ਹੈ, ਦਰਅਸਲ ਥਾਈਲੈਂਡ ਦੇ ਚਾਰ ਦੱਖਣੀ ਸੂਬਿਆਂ ’ਚ ਇਸਲਾਮਿਕ ਅੱਤਵਾਦ ਅਤੇ ਵੱਖਵਾਦ ਪੈਦਾ ਹੋ ਰਿਹਾ ਹੈ।
ਯਾਲਾ, ਪਤਾਨੀ, ਸਾਤੁਨ ਅਤੇ ਨਾਰਾਥਿਵਾਤ ’ਚ ਮੁਸਲਿਮ ਆਬਾਦੀ ਵੱਧ ਹੈ ਅਤੇ ਇਨ੍ਹਾਂ ਚਾਰਾਂ ਦੱਖਣੀ ਸੂਬਿਆਂ ਨੂੰ ਥਾਈਲੈਂਡ ’ਚ ਇਸਲਾਮਿਕ ਅੱਤਵਾਦ ਦੀ ਨਰਸਰੀ ਕਿਹਾ ਜਾਂਦਾ ਹੈ। ਜੇਕਰ ਚੀਨ ਕ੍ਰਾ ਇਸਤਮੁਸ ’ਚ ਨਹਿਰ ਬਣਾ ਦਿੰਦਾ ਤਾਂ ਥਾਈਲੈਂਡ ਦੇ ਦੋ ਟੁਕੜੇ ਹੋ ਜਾਂਦੇ ਅਤੇ ਅਜਿਹੇ ’ਚ ਥਾਈਲੈਂਡ ਲਈ ਦੱਖਣੀ ਸੂਬਿਆਂ ’ਤੇ ਕਾਬੂ ਪਾਉਣਾ ਮੁਸ਼ਕਲ ਹੋ ਜਾਂਦਾ। ਜਦੋਂ ਚੀਨ ਦਾ ਪਲਾਨ ਥਾਈਲੈਂਡ ’ਚ ਵੀ ਖਟਾਈ ’ਚ ਪੈਣ ਲੱਗਾ ਤਾਂ ਚੀਨ ਨੇ ਮਿਆਂਮਾਰ ਵੱਲ ਆਪਣਾ ਧਿਆਨ ਲਗਾਇਆ ਅਤੇ ਮਿਆਂਮਾਰ ਦੇ ਰਸਤੇ ਚੀਨ ਹਿੰਦ ਮਹਾਸਾਗਰ ’ਚ ਪਹੁੰਚਣਾ ਚਾਹੁੰਦਾ ਹਾਂ। ਮਿਆਂਮਾਰ ਦੀ ਸਭ ਤੋਂ ਮਹੱਤਵਪੂਰਨ ਬੰਦਰਗਾਹ ਸਿਤਵੇ ਹੈ ਜਿਥੋਂ ਚੀਨ ਭਾਰਤ ਦੇ ਰਣਨੀਤਿਕ ਥਾਵਾਂ ’ਤੇ ਜਿਨ੍ਹਾਂ ’ਚ ਚਾਂਦੀਪੁਰ, ਬਾਲਾਸੋਰ, ਕਲਾਮ ਦੀਪ, ਸ਼੍ਰੀਹਰੀਕੋਟਾ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਤਕ ਆਪਣੀ ਪਹੁੰਚ ਬਣਾਉਣਾ ਚਾਹੁੰਦਾ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਜਦੋਂ ਤਕ ਮਿਆਂਮਾਰ ’ਚ ਲੋਕਤੰਤਰਿਕ ਸਰਕਾਰ ਹੈ ਚੀਨ ਅਜਿਹਾ ਕਰਨ ਦੀ ਸੋਚ ਵੀ ਨਹੀਂ ਸਕਦਾ ਪਰ ਫੌਜੀ ਸ਼ਾਸਨ ’ਚ ਜ਼ਰੂਰ ਅਜਿਹਾ ਕਰ ਸਕਦਾ ਹੈ ਅਤੇ ਮਿਆਂਮਾਰ ਦੀ ਫੌਜੀ ਕਮਾਨ ਚੀਨ ਦੇ ਹੱਥਾਂ ’ਚ ਹੈ।
ਪਰ ਜਿਸ ਤਰ੍ਹਾਂ ਮਿਆਂਮਾਰ ’ਚ ਫੌਜੀ ਸ਼ਾਸਨ ਵਿਰੁੱਧ ਪ੍ਰਦਰਸ਼ਨ ਹੋ ਰਹੇ ਹਨ, ਇਨ੍ਹਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਚੀਨ ਦੀ ਚਾਲ ਉਸ ’ਤੇ ਉਲਟ ਪੈ ਗਈ ਹੈ। ਚੀਨ ਹੁਣ ਕਿਸੇ ਵੀ ਤਰ੍ਹਾਂ ਫੌਜੀ ਸਰਕਾਰ ਨੂੰ ਚਲਾਉਣ ਲਈ ਬੜੇ ਵੱਡੇ ਯਤਨ ਕਰ ਰਿਹਾ ਹੈ ਪਰ ਮਿਆਂਮਾਰ ਦੀ ਜਨਤਾ ਨਾ ਸਿਰਫ ਵਿਰੋਧ ਵਿਖਾਵੇ ਕਰ ਰਹੀ ਹੈ ਸਗੋਂ ਇਸ ਗੱਲ ਨੂੰ ਲੈ ਕੇ ਆਸਵੰਦ ਹੈ ਕਿ ਜਲਦੀ ਹੀ ਉਹ ਮਿਲ ਕੇ ਫੌਜੀ ਸਰਕਾਰ ਨੂੰ ਪੁੱਟ ਸੁੱਟੇਗੀ।
ਇਕ ਪਾਸੇ ਡਾਕਟਰ ਕੰਮ ’ਤੇ ਨਹੀਂ ਜਾ ਰਹੇ ਹਨ, ਉਥੇ ਹੀ ਬਿਜਲੀ ਕਰਮਚਾਰੀਆਂ ਅਤੇ ਸਫਾਈ ਕਰਮਚਾਰੀਆਂ ਨੇ ਵੀ ਰੋਸ ਵਿਖਾਵਿਆਂ ’ਚ ਹਿੱਸਾ ਲੈਂਦੇ ਹੋਏ ਕੰਮ ਦਾ ਬਾਈਕਾਟ ਕਰ ਦਿੱਤਾ ਹੈ। ਅੰਦੋਲਨ ’ਚ ਸ਼ਾਮਲ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਬੇਸ਼ੱਕ ਹੀ ਸਰਕਾਰੀ ਹਸਪਤਾਲਾਂ ’ਚ ਨਹੀਂ ਜਾ ਰਹੇ ਪਰ ਮਰੀਜ਼ ਅੰਦੋਲਨ ਦੇ ਬਾਅਦ ਉਨ੍ਹਾਂ ਦੇ ਘਰ ਆ ਸਕਦੇ ਹਨ, ਉਹ ਉਨ੍ਹਾਂ ਦਾ ਇਲਾਜ ਮੁਫਤ ’ਚ ਕਰਨਗੇ। ਬਿਜਲੀ ਕਰਮਚਾਰੀਆਂ ’ਚ ਸਭ ਤੋਂ ਵੱਧ ਗਿਣਤੀ ਮੀਟਰ ਰੀਡਰਾਂ ਦੀ ਹੈ ਜਿਨ੍ਹਾਂ ਦੇ ਕੰਮ ’ਤੇ ਨਾ ਜਾਣ ਕਾਰਨ ਮੀਟਰ ਦੇ ਬਿੱਲ ਨਹੀਂ ਆਉਣਗੇ ਅਤੇ ਫਿਰ ਸਰਕਾਰ ਦੀ ਕਮਾਈ ’ਤੇ ਇਸਦਾ ਬੁਰਾ ਅਸਰ ਪਵੇਗਾ। ਇਸਦੇ ਇਲਾਵਾ ਅੰਦੋਲਨ ’ਚ ਸ਼ਾਮਲ ਇਕ ਕਰਮਚਾਰੀ ਨੇ ਦੱਸਿਆ ਕਿ ਫੌਜ ਨੂੰ ਦਰਅਸਲ ਪੈਸਿਆਂ ਨਾਲ ਪਿਆਰ ਹੈ, ਇਸ ਲਈ ਫੌਜ ਨੇ ਦੇਸ਼ ਭਰ ’ਚ ਬੀਅਰ ਅਤੇ ਸੋਨੇ-ਚਾਂਦੀ ਦੇ ਕਈ ਸਟੋਰ ਖੋਲ੍ਹ ਰੱਖੇ ਹਨ। ਲੋਕ ਹੁਣ ਇਨ੍ਹਾਂ ਸਟੋਰਾਂ ਤੋਂ ਨਾ ਤਾਂ ਬੀਅਰ ਖਰੀਦ ਰਹੇ ਹਨ ਅਤੇ ਨਾ ਹੀ ਸੋਨਾ ਅਤੇ ਚਾਂਦੀ। ਇਸ ਨਾਲ ਫੌਜ ਨੂੰ ਆਰਥਿਕ ਮੰਚ ’ਤੇ ਵੀ ਨੁਕਸਾਨ ਹੋ ਰਿਹਾ ਹੈ।
ਉਧਰ ਅਮਰੀਕਾ ਦੀ ਬਾਈਡੇਨ ਸਰਕਾਰ ਨੇ ਮਿਆਂਮਾਰ ਦੇ ਤਾਜ਼ਾ ਹਾਲਾਤ ਦੇ ਮੱਦੇਨਜ਼ਰ ਆਪਣਾ ਏਅਰਕ੍ਰਾਫਟ ਕੈਰੀਅਰ ਯੂ. ਐੱਸ. ਐੱਸ. ਰੋਨਾਲਡ ਰੀਗਨ ਦੱਖਣੀ ਚੀਨ ਸਾਗਰ ’ਚ ਤਾਇਨਾਤ ਕਰ ਦਿੱਤਾ ਹੈ। ਅਮਰੀਕਾ ਨੇ ਇਸਦੇ ਪਿੱਛੇ ਤਾਈਵਾਨ ’ਤੇ ਨਜ਼ਰ ਬਣਾਏ ਰੱਖਣ ਦੀ ਗੱਲ ਕੀਤੀ ਹੈ ਪਰ ਅਸਲ ’ਚ ਅਮਰੀਕਾ ਮਿਆਂਮਾਰ ’ਚ ਪੈਦਾ ਤਾਜ਼ਾ ਹਾਲਾਤ ਨੂੰ ਦੇਖਦੇ ਹੋਏ ਚੌਕੰਨਾ ਹੋ ਗਿਆ ਹੈ। ਅਮਰੀਕਾ ਨਹੀਂ ਚਾਹੁੰਦਾ ਕਿ ਕਿਸੇ ਵੀ ਹਾਲਾਤ ’ਚ ਮਿਆਂਮਾਰ ਚੀਨ ਨਾਲ ਜਾਵੇ, ਅਜਿਹਾ ਹੋਣ ’ਤੇ ਦੱਖਣ-ਪੂਰਬ ਏਸ਼ੀਆ ’ਚ ਤਣਾਅ ਵਧ ਸਕਦਾ ਹੈ।ਮਿਆਂਮਾਰ ’ਚ ਸੈਂਕੜੇ-ਹਜ਼ਾਰਾਂ ਨੌਕਰਸ਼ਾਹਾਂ, ਡਾਕਟਰਾਂ ਤੋਂ ਲੈ ਕੇ ਬਿਜਲੀ ਕਰਮਚਾਰੀਆਂ ਅਤੇ ਕੂੜਾ ਚੁੱਕਣ ਵਾਲੇ ਕਰਮਚਾਰੀਆਂ ਨੇ ਸੜਕਾਂ ’ਤੇ ਨਿਕਲ ਕੇ ਰੋਸ ਵਿਖਾਵਾ ਸ਼ੁਰੂ ਕਰ ਦਿੱਤਾ ਹੈ। ਇਹ ਲੋਕ ਫੌਜੀ ਸਰਕਾਰ ਦੇ ਵਿਰੋਧ ’ਚ ਸ਼ਾਂਤੀਪੂਰਨ ਅੰਦੋਲਨ ਦੀ ਸ਼ੁਰੂਆਤ ਕਰ ਚੁੱਕੇ ਹਨ ਅਤੇ ਆਪਣੇ ਦਫਤਰਾਂ ’ਚ ਜਾ ਕੇ ਕੰਮ ਕਰਨ ਦੀ ਜਗ੍ਹਾ ਅੰਦੋਲਨ ’ਚ ਕੁੱਦ ਪਏ ਹਨ।
ਅੰਦੋਲਨ ’ਚ ਸ਼ਾਮਲ ਇਕ ਅੰਦੋਲਨਕਾਰੀ ਪਾਈ ਸੋਨ ਕੋ ਨੇ ਕਿਹਾ ਕਿ ਜਦੋਂ ਅਸੀਂ ਸਰਕਾਰ ਲਈ ਕੰਮ ਕਰਨਾ ਬੰਦ ਕਰ ਦੇਣਗੇ ਤਦ ਸਰਕਾਰ ਦੀ ਆਰਥਿਕ ਕਾਰਜਪ੍ਰਣਾਲੀ ਬੰਦ ਹੋ ਜਾਵੇਗੀ ਜਿਸ ਨਾਲ ਇਸ ਸਰਕਾਰ ਨੂੰ ਆਰਥਿਕ ਨੁਕਸਾਨ ਹੋਵੇਗਾ, ਜੋ ਇਹ ਸਰਕਾਰ ਸਹਿਣ ਨਹੀਂ ਕਰ ਸਕੇਗੀ। ਓਧਰ ਇਕ ਦੂਸਰੇ ਅੰਦੋਲਨਕਾਰੀ ਡਾਵ ਥਾਨਦਾਰ ਕਾਯਾਵ ਨੇ ਕਿਹਾ ਕਿ ਜੇਕਰ ਇਸ ਅੰਦੋਲਨ ’ਚ ਬੈਂਕ ਮੁਲਾਜ਼ਮ ਵੀ ਉਤਰ ਜਾਂਦੇ ਹਨ ਤਾਂ ਆਰਥਿਕ ਸਰਗਰਮੀ ਰੁਕ ਜਾਵੇਗੀ ਅਤੇ ਪੈਸਿਆਂ ਦੀ ਲੋਭੀ ਫੌਜੀ ਸਰਕਾਰ ਇਸਦੇ ਅੱਗੇ ਝੁਕਣ ਲਈ ਮਜਬੂਰ ਹੋਵੇਗੀ।ਸੋਮਵਾਰ ਨੂੰ ਯਾਂਗੌਂਗ ’ਚ ਲੋਕਾਂ ਨੇ ਰੋਸ ਵਿਖਾਵੇ ਦਾ ਇਕ ਨਵਾਂ ਨੁਸਖਾ ਕੱਢਿਆ। ਪੁਲਸ ਹੈੱਡਕੁਆਰਟਰ ਦੇ ਨੇੜੇ-ਤੇੜੇ ਦੇ ਲੋਕਾਂ ਨੇ ਆਪਣੀਆਂ-ਆਪਣੀਆਂ ਗੱਡੀਆਂ ਨੂੰ ਸੜਕ ’ਚ ਖੜ੍ਹੀਆਂ ਕਰ ਕੇ ਬੋਨਟ ਖੋਲ੍ਹ ਕੇ ਸੜਕ ਜਾਮ ਕਰ ਦਿੱਤੀ ਹੈ ਜਿਸ ਨਾਲ ਪੁਲਸ ਅੰਦੋਲਨਕਾਰੀਆਂ ਨੂੰ ਗ੍ਰਿਫਤਾਰ ਕਰਨ ਲਈ ਬਾਹਰ ਨਾ ਜਾ ਸਕੇ।
ਇਸ ਨੂੰ ਇਨ੍ਹਾਂ ਲੋਕਾਂ ਨੇ ਮੋਟਰ ਬੋਨਟ ਅੰਦੋਲਨ ਦਾ ਨਾਂ ਦਿੱਤਾ ਹੈ। ਓਧਰ ਪੁਲਸ ਨੇ ਇਸ ਘਟਨਾ ਨੂੰ ਲੋਕਾਂ ਦੀ ਬੇਸ਼ਰਮੀ ਕਰਾਰ ਦਿੱਤਾ ਹੈ। ਫੌਜ ਦੇ ਸੀਨੀਅਰ ਜਨਰਲ ਮਿਨਆਂਗ ਹਾਈਨ ਨੇ ਸਾਰੇ ਲੋਕਾਂ ਨੂੰ ਕੰਮ ’ਤੇ ਪਰਤ ਆਉਣ ਲਈ ਕਿਹਾ ਹੈ ਅਤੇ ਅੰਦੋਲਨਕਾਰੀਆਂ ਨੂੰ ਉਨ੍ਹਾਂ ਨੇ ਦੇਸ਼ ਲਈ ਪ੍ਰੇਸ਼ਾਨੀਆਂ ਖੜ੍ਹਾ ਕਰਨ ਵਾਲਾ ਦੱਸਿਆ ਹੈ। ਸੋਮਵਾਰ ਦੁਪਹਿਰ ਨੂੰ ਮਾਂਡਲੇ ਸ਼ਹਿਰ ’ਚ ਵਿਖਾਵਾਕਾਰੀ ਮਿਆਂਮਾਰ ਇਕਨਾਮਿਕ ਬੈਂਕ ਜੋ ਇਥੋਂ ਦਾ ਪ੍ਰਮੁੱਖ ਸਰਕਾਰੀ ਬੈਂਕ ਹੈ, ਦੇ ਸਾਹਮਣੇ ਰੋਸ ਵਿਖਾਵਾ ਕਰਦੇ ਹੋਏ ਬੈਂਕ ਕਰਮਚਾਰੀਆਂ ਨੂੰ ਅੰਦੋਲਨ ’ਚ ਸ਼ਾਮਲ ਹੋਣ ਲਈ ਕਹਿਣ ਲੱਗੇ ਪਰ ਪੁਲਸ ਨੇ ਅੰਦੋਲਨਕਾਰੀਆਂ ’ਤੇ ਡਾਂਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਈ ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ।ਓਧਰ ਸੋਮਵਾਰ ਰਾਤ ਤੋਂ ਹੀ ਫੌਜ ਨੇ ਸ਼ਹਿਰਾਂ ’ਚ ਸੜਕਾਂ ’ਤੇ ਆਪਣੇ ਟੈਂਟ ਉਤਾਰ ਕੇ ਆਪਣੀ ਮੌਜੂਦਗੀ ਦਰਜ ਕਰਵਾ ਦਿੱਤੀ ਹੈ। ਬਾਵਜੂਦ ਇਸ ਦੇ ਸੜਕਾਂ ’ਤੇ ਲੋਕਾਂ ਦਾ ਰੋਸ ਵਿਖਾਵਾ ਵਧਦਾ ਜਾ ਰਿਹਾ ਹੈ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅਮਰੀਕਾ ਦੀ ਨਜ਼ਰ ਮਿਆਂਮਾਰ ’ਤੇ ਟਿਕੀ ਹੋਈ ਹੈ, ਜਿਸ ਨਾਲ ਦੱਖਣੀ-ਪੂਰਬੀ ਏਸ਼ੀਆ ’ਚ ਤਣਾਅ ਨਾ ਵਧੇ।
ਇਟਲੀ 'ਚ ਵਾਪਰੀ ਅਣਹੋਣੀ, ਇੱਕ ਹੋਰ ਪੰਜਾਬੀ ਨੌਜਵਾਨ ਲਈ ਬਣੀ ਕਾਲ
NEXT STORY