ਇਸਲਾਮਾਬਾਦ— ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਪਨਾਮਾ ਗੇਟ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੁਪਰੀਮ ਕੋਰਟ ਦੇ 5 ਜੱਜਾਂ ਦੀ ਬੈਂਚ ਨੇ ਨਵਾਜ਼ ਸ਼ਰੀਫ ਨੂੰ ਆਯੋਗ ਕਰਾਰ ਦਿੱਤਾ ਸੀ। ਸੁਰੱਖਿਆ ਦੇ ਮੱਦੇਨਜ਼ਰ ਪਾਕਿਸਤਾਨ ਦੇ ਸੰਵੇਦਨਸ਼ੀਲ ਇਲਾਕਿਆਂ 'ਚ ਪੁਲਸ ਅਤੇ ਫੌਜੀ ਬਲਾਂ ਦੀ ਭਾਰੀ ਗਿਣਤੀ 'ਚ ਤਾਇਨਾਤੀ ਕੀਤੀ ਗਈ ਹੈ।
ਪਾਕਿਸਤਾਨ ਦੇ ਡਾ. ਤਾਹਿਰ-ਉਲ-ਕਾਦਰੀ ਜੋ ਪਾਕਿਸਤਾਨ ਦੇ ਅਵਾਮੀ ਤਹਿਰੀਕ ਦੇ ਚੇਅਰਮੈਨ ਹਨ ਅਤੇ ਮਿਨਹਾਜ਼-ਉਲ-ਕੁਰਾਨ ਦੇ ਫਾਊਂਡਰ ਹਨ, ਨੇ ਟਵੀਟ ਕਰਦਿਆਂ ਲਿਖਿਆ,''ਪਾਕਿਸਤਾਨ ਦੀ ਅੱਜ ਜਿੱਤ ਹੋਈ ਹੈ। ਇਹ ਲੋਕਾਂ ਦੀ ਜਿੱਤ ਹੈ। ਦੇਸ਼ ਸੁਪਰੀਮ ਕੋਰਟ ਦੇ ਜੱਜਾਂ ਦਾ ਕਰਜ਼ਦਾਰ ਹੈ, ਜਿਨ੍ਹਾਂ ਨੇ ਇਹ ਇਤਿਹਾਸਕ ਫੈਸਲਾ ਲਿਆ ਹੈ।''
ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹਿੰਦੇ ਹੋਏ ਨਵਾਜ਼ ਸ਼ਰੀਫ ਨੇ ਲੰਡਨ 'ਚ ਬੇਨਾਮੀ ਸੰਪਤੀ ਬਣਾਈ ਸੀ। ਇਸ ਦਾ ਖੁਲਾਸਾ ਪਿਛਲੇ ਸਾਲ ਪਨਾਮਾ ਪੇਪਰ ਲੀਕ 'ਚ ਹੋਇਆ ਸੀ। ਲੰਡਨ 'ਚ ਸ਼ਰੀਫ ਪਰਿਵਾਰ ਵਲੋਂ ਖਰੀਦੇ ਗਏ ਫਲੈਟਸ ਲਈ ਪੈਸੇ ਕਿੱਥੋਂ ਆਏ। ਇਸ 'ਤੇ ਸ਼ਰੀਫ ਅਤੇ ਉਨ੍ਹਾਂ ਦੀ ਟੀਮ ਵੱਲੋਂ ਦਿੱਤੇ ਗਏ ਜਵਾਬ ਤੋਂ ਕੋਰਟ ਸੰਤੁਸ਼ਟ ਨਹੀਂ ਸੀ। ਜੱਜਾਂ ਨੇ ਕਿਹਾ ਕਿ ਜੇਕਰ ਸ਼ਰੀਫ ਪਰਿਵਾਰ ਨੇ ਲੰਡਨ ਦੇ ਫਲੈਟਸ ਦੀ ਖਰੀਦ ਦੇ ਸਮੇਂ ਵੀ ਜ਼ਰੂਰੀ ਕਾਗਜ਼ ਲਏ ਹੁੰਦੇ ਤਾਂ ਇਹ ਵਿਵਾਦ ਖੜ੍ਹਾ ਨਾ ਹੁੰਦਾ। ਜੇ. ਆਈ. ਟੀ. ਨੇ ਆਪਣੀ ਰਿਪੋਰਟ 'ਚ ਨਵਾਜ਼ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਧੋਖਾਧੜੀ, ਫਰਜ਼ੀ ਕਾਗਜ਼ਾਤ ਬਣਾਉਣ, ਆਮਦਨ ਤੋਂ ਕਿਤੇ ਵਧੇਰੇ ਆਲੀਸ਼ਾਨ ਜੀਵਨ ਜਿਊਣ ਵਰਗੇ ਕਈ ਦੋਸ਼ ਲਗਾਏ ਸਨ। ਇਸ ਮਾਮਲੇ 'ਚ ਸ਼ੁਰੂ ਤੋਂ ਹੀ ਨਵਾਜ਼ ਵਿਰੋਧੀ ਦਲਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ—ਏ-ਇਨਸਾਫ ਲੰਬੇ ਸਮੇਂ ਤੋਂ ਨਵਾਜ਼ 'ਤੇ ਅਸਤੀਫਾ ਦੇਣ ਦਾ ਦਬਾਅ ਬਣਾ ਰਹੀ ਸੀ।
ਕਿਹਾ ਜਾ ਰਿਹਾ ਹੈ ਕਿ ਹੁਣ ਪਾਕਿਸਤਾਨ 'ਚ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ ਜਾਂ ਦੇਸ਼ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਬੈਠ ਸਕਦੇ ਹਨ। ਫਿਲਹਾਲ ਇਸ ਦਾ ਫੈਸਲਾ ਹੋਣਾ ਅਜੇ ਬਾਕੀ ਹੈ। ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਸ਼ਰੀਫ ਜੇ.ਆਈ.ਟੀ ਦੇ ਸਾਹਮਣੇ ਪੇਸ਼ ਹੋਈ ਸੀ। ਮਰੀਅਮ ਨੂੰ ਪਿਤਾ ਸ਼ਰੀਫ ਦੀ ਰਾਜਨੀਤਕ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ।
ਆਈ. ਬੀ. ਐੱਸ. ਏ. ਨੇ 23 ਲੱਖ ਡਾਲਰ ਦੇ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ
NEXT STORY