ਪੈਰਿਸ— ਹਰ ਸਾਲ ਦੁਨੀਆ ਵਿਚ 30 ਕਰੋੜ ਟਨ ਪਲਾਸਟਿਕ ਦਾ ਉਤਪਾਦਨ ਹੁੰਦਾ ਹੈ। ਇਸ ਦਾ ਨਿਪਟਾਰਾ ਬਹੁਤ ਵੱਡੀ ਸਮੱਸਿਆ ਹੈ। ਹਰ ਸਾਲ ਸਿਰਫ 10% ਪਲਾਸਟਿਕ ਹੀ ਰੀਸਾਇਕਲ ਹੁੰਦਾ ਹੈ, ਬਾਕੀ ਕੂੜੇ ਵਿਚ ਤਬਦੀਲ ਹੋ ਜਾਂਦਾ ਹੈ। ਵਿਗਿਆਨੀ ਲੰਬੇ ਸਮੇਂ ਤੋਂ ਅਜਿਹੇ ਉਪਾਅ ਦੀ ਖੋਜ ਵਿਚ ਸਨ ਜਿਸ ਨਾਲ ਪਲਾਸਟਿਕ ਦਾ ਨਿਪਟਾਰਾ ਬਿਨਾ ਨੁਕਸਾਨ ਦੇ ਕੀਤਾ ਜਾ ਸਕੇ। ਹੁਣ ਇਸ ਦਾ ਹੱਲ ਮਿਲਣ ਦੀ ਸੰਭਾਵਨਾ ਬਣ ਗਈ ਹੈ। ਯੂਰਪੀ ਵਿਗਿਆਨੀਆਂ ਦੀ ਇਕ ਟੀਮ ਨੇ ਇਕ ਅਜਿਹੇ ਕੀੜੇ ਦੀ ਖੋਜ ਕੀਤੀ ਹੈ, ਜੋ ਪਲਾਸਟਿਕ ਨੂੰ ਖਾ ਕੇ ਖਤਮ ਕਰ ਸਕਦਾ ਹੈ।
ਇਸ ਤਰ੍ਹਾਂ ਹੋਈ ਖੋਜ
ਯੂਨੀਵਰਸਿਟੀ ਆਫ ਕਾਂਤਾਬ੍ਰਿਯਾ ਦੀ ਡਿਵੈਲਪਮੈਂਟ ਬਾਇਓਲਾਜੀਸਟ ਫੇਡੇਰਿਕਾ ਬੇਟੋਰਚਿੱਨੀ ਆਪਣੇ ਘਰ ਦੇ ਪਿਛਲੇ ਹਿੱਸੇ ਵਿਚ ਮੱਧੂ ਮੱਖੀਆਂ ਦੇ ਪੁਰਾਣੇ ਛੱਤੇ ਸਾਫ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਨੇ ਇਨ੍ਹਾਂ ਛੱਤਿਆਂ ਵਿਚ ਰਹਿਣ ਵਾਲੇ 'ਵੈਕਸ ਵਰਮ' ਨੂੰ ਕੱਢ ਕੇ ਇਕ ਪਲਾਸਟਿਕ ਬੈਗ ਵਿਚ ਭਰ ਕੇ ਰੱਖਿਆ ਸੀ। ਉਨ੍ਹਾਂ ਨੇ ਧਿਆਨ ਨਾਲ ਦੇਖਿਆ ਕਿ ਬੈਗ ਵਿਚ ਛੋਟੋ-ਛੋਟੇ ਛੇਦ ਹੋ ਗਏ ਸਨ। ਫੇਡੇਰਿਕਾ ਨੇ ਅਨੁਮਾਨ ਲਗਾਇਆ ਕਿ ਉਨ੍ਹਾਂ ਇੱਲੀਆਂ ਨੇ ਇਸ ਪਲਾਸਟਿਕ ਬੈਗ ਨੂੰ ਖਾਧਾ ਹੋਵੇਗਾ।
ਇਸ ਬੈਗ ਨੂੰ ਬਣਾਉਣ ਲਈ ਪਾਲੀਏਥੀਲੀਨ ਕਿਸਮ ਦੇ ਪਲਾਸਟਿਕ ਦੀ ਵਰਤੋਂ ਹੋਈ ਸੀ, ਜਿਸ ਨੂੰ ਖਤਮ ਕਰਨਾ ਜ਼ਿਆਦਾ ਮੁਸ਼ਕਲ ਹੁੰਦਾ ਹੈ।
ਇਸ ਗਤੀ ਨਾਲ ਖਤਮ ਕਰ ਸਕਦਾ ਹੈ ਪਲਾਸਟਿਕ
ਫੇਡੇਰਿਕਾ ਨੇ ਸਾਥੀ ਵਿਗਿਆਨੀਆਂ ਨਾਲ ਇਸ ਖੋਜ ਨੂੰ ਅੱਗੇ ਵਧਾਇਆ। ਉਨ੍ਹਾਂ ਨੇ ਦੇਖਿਆ ਕਿ ਵੈਕਸ ਵਰਮ ਕਿਸ ਗਤੀ ਨਾਲ ਪਲਾਸਟਿਕ ਖਾ ਸਕਦਾ ਹੈ। ਆਪਣੇ ਪ੍ਰਯੋਗਾਂ ਵਿਚ ਉਨ੍ਹਾਂ ਨੇ ਪਾਇਆ ਕਿ 100 ਵੈਕਸ ਵਰਮ ਇਕ ਮਹੀਨੇ ਵਿਚ 5.5 ਗ੍ਰਾਮ ਦੇ ਪਲਾਸਟਿਕ ਬੈਗ ਨੂੰ ਖਾ ਕੇ ਖਤਮ ਕਰ ਸਕਦੇ ਹਨ।
ਅਜਿਹਾ ਨਹੀਂ ਹੈ ਕਿ ਵੈਕਸ ਵਰਮ ਪਲਾਸਟਿਕ ਨੂੰ ਸਿਰਫ ਆਪਣੇ ਦੰਦਾਂ ਨਾਲ ਕੁਤਰਦਾ ਹੈ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਜਾਂ ਤਾਂ ਉਸਦੇ ਸਰੀਰ ਵਿਚੋਂ ਅਜਿਹੇ ਐਂਜਾਈਮ ਨਿਕਲਦੇ ਹਨ, ਜੋ ਪਲਾਸਟਿਕ ਦੇ ਅਣੂਆਂ ਨੂੰ ਤੋੜ ਦਿੰਦੇ ਹਨ ਜਾਂ ਫਿਰ ਇਹ ਉਸ ਦੇ ਸਰੀਰ 'ਤੇ ਪਾਏ ਜਾਣ ਵਾਲੇ ਕਿਸੇ ਖਾਸ ਤਰ੍ਹਾਂ ਦੇ ਬੈਕਟੀਰੀਆ ਕਾਰਨ ਹੁੰਦਾ ਹੋਵੇਗਾ। ਇਸ ਬਾਰੇ ਵਿਚ ਫੇਡੇਰਿਕਾ ਅਤੇ ਉਸ ਦੀ ਟੀਮ ਦੀ ਖੋਜ ਜਾਰੀ ਹੈ।
ਬੀ.ਸੀ. 'ਚ ਤਬਾਹੀ ਦਾ ਮੰਜ਼ਰ ਬਿਆਨ ਕਰ ਰਹੀਆਂ ਨੇ ਤਸਵੀਰਾਂ, 14,000 ਲੋਕ ਹੋਏ ਬੇਘਰ
NEXT STORY