ਬਰੈਂਪਟਨ(ਏਜੰਸੀ)— ਕੈਨੇਡਾ ਦੇ ਓਂਟਾਰੀਓ ਸੂਬੇ 'ਚ ਹੋਈਆਂ ਮਿਊਂਸੀਪਲ ਚੋਣਾਂ ਦੇ ਨਤੀਜੇ ਆ ਗਏ ਹਨ। ਇੱਥੇ ਕਈ ਪੰਜਾਬੀ ਜਿੱਤ ਹਾਸਲ ਕਰਨ ਤੋਂ ਪਿੱਛੇ ਰਹਿ ਗਏ ਤਾਂ ਕੋਈ ਜਿੱਤ ਦਾ ਰਿਕਾਰਡ ਦਰਜ ਕਰਨ 'ਚ ਸਫਲ ਰਿਹਾ। ਟੋਰਾਂਟੋ 'ਚ ਸਿਰਫ਼ 4 ਪੰਜਾਬੀਆਂ ਨੂੰ ਹੀ ਸਫ਼ਲਤਾ ਮਿਲੀ ਹੈ। ਓਂਟਾਰੀਓ ਸੂਬੇ ਦੇ ਸ਼ਹਿਰ ਟੋਰਾਂਟੋ, ਬਰੈਂਪਟਨ ਅਤੇ ਮਿਸੀਸਾਗਾ 'ਚ ਕੋਈ ਪੰਜਾਬੀ ਮੇਅਰ ਤਾਂ ਨਹੀਂ ਬਣਿਆ ਪਰ ਬਰੈਂਪਟਨ ਦੇ ਗੁਰਪ੍ਰੀਤ ਢਿੱਲੋਂ ਖੇਤਰੀ ਕੌਂਸਲਰ ਬਣੇ ਅਤੇ ਉਨ੍ਹਾਂ ਨੂੰ ਰਿਕਾਰਡ ਪੱਧਰ 'ਤੇ ਵੋਟਾਂ ਮਿਲੀਆਂ।
ਟੋਰਾਂਟੋ ਵਿਚ ਪਿਛਲੇ ਮੇਅਰ ਜੌਹਨ ਟੋਰੀ ਦੁਬਾਰਾ ਕੁਰਸੀ 'ਤੇ ਬੈਠ ਗਏ ਹਨ। ਇਸੇ ਤਰ੍ਹਾਂ ਮਿਸੀਸਾਗਾ ਵਿਚ ਬੌਨੀ ਕਰੌਂਬੀ ਦੁਬਾਰਾ ਮੇਅਰ ਬਣ ਗਈ ਹੈ। ਬਰੈਂਪਟਨ ਦੀ ਪਿਛਲੀ ਮੇਅਰ ਲਿੰਦਾ ਜੈਫਰੀ 4 ਹਜ਼ਾਰ ਵੋਟਾਂ ਦੇ ਫਰਕ ਨਾਲ ਸਾਬਕਾ ਸੂਬਾਈ ਕੰਜ਼ਰਵੇਟਿਵ ਪਾਰਟੀ ਲੀਡਰ ਪੈਟਰਿਕ ਬਰਾਊਨ ਤੋਂ ਹਾਰ ਗਈ ਹੈ।

ਬਰੈਂਪਟਨ ਦੇ ਵਾਰਡ 9-10 ਵਿਚ ਸਭ ਤੋਂ ਦਿਲਚਸਪ ਸਮਝੇ ਜਾਣ ਵਾਲੇ ਮੁਕਾਬਲੇ ਵਿਚ ਖੇਤਰੀ ਕੌਂਸਲਰ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਆਪਣੇ ਵਿਰੋਧੀ ਵਿੱਕੀ ਢਿੱਲੋਂ (ਸਾਬਕਾ ਕੌਂਸਲਰ) ਨੂੰ 9092 ਵੋਟਾਂ ਦੇ ਵੱਡੇ ਫਰਕ ਨਾਲ ਪਛਾੜ ਦਿੱਤਾ। ਪਿਛਲੀ ਵਾਰ ਗੁਰਪ੍ਰੀਤ ਢਿੱਲੋਂ ਪਹਿਲੀ ਵਾਰ ਕੌਂਸਲਰ ਬਣੇ ਸਨ। ਇਸ ਵਾਰ ਉਨ੍ਹਾਂ ਨੇ ਪੂਰੇ ਓਂਟਾਰੀਓ ਵਿਚ 55.46 ਫ਼ੀਸਦ ਵੋਟਾਂ ਲੈ ਕੇ ਰਿਕਾਰਡ ਬਣਾਇਆ ਹੈ।

ਇਸੇ ਵਾਰਡ 'ਚ ਸਾਬਕਾ ਸਕੂਲ ਟਰੱਸਟੀ ਹਰਕੀਰਤ ਸਿੰਘ ਕੌਂਸਲਰ ਚੁਣੇ ਗਏ ਹਨ, ਉਨ੍ਹਾਂ 42.87 ਫ਼ੀਸਦ ਵੋਟਾਂ ਹਾਸਲ ਕੀਤੀਆਂ ਹਨ। ਇਸੇ ਵਾਰਡ ਵਿਚ ਬਲਬੀਰ ਸੋਹੀ ਨੇ ਸਕੂਲ ਟਰੱਸਟੀ ਵਜੋਂ ਚੋਣ ਜਿੱਤੀ ਹੈ। ਉਨ੍ਹਾਂ ਪੱਤਰਕਾਰ ਸੱਤਪਾਲ ਜੌਹਲ ਸਣੇ 11 ਉਮੀਦਵਾਰਾਂ ਨੂੰ ਮਾਤ ਦਿੱਤੀ। ਮਿਸੀਸਾਗਾ ਵਿਚ ਸਾਬਕਾ ਮੰਤਰੀ ਦੀਪਿਕਾ ਦਮਰਲਾ ਤੇ ਓਕਵਿਲ ਤੋਂ ਜਸਵਿੰਦਰ ਸੰਧੂ ਕੌਂਸਲਰ ਜਿੱਤੇ ਹਨ। ਦੱਸਣਯੋਗ ਹੈ ਕਿ ਸਵਾ ਕਰੋੜ ਤੋਂ ਵੱਧ ਵਸੋਂ ਵਾਲੇ ਓਂਟਾਰੀਓ ਸੂਬੇ ਵਿਚ 444 ਨਗਰਪਾਲਿਕਾਵਾਂ ਹਨ।
ਪੰਜਾਬੀਆਂ ਦਾ ਗੜ੍ਹ ਕਹਾਉਂਦਾ ਹੈ ਇਹ ਇਲਾਕਾ ਪਰ ਨਾ ਚਮਕੀ ਕਿਸਮਤ—
ਬਰੈਂਪਟਨ ਨੂੰ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਇਸ ਦੇ ਬਾਵਜੂਦ ਇੱਥੇ ਪੰਜਾਬੀ ਉਮੀਦਵਾਰ ਪਿੱਛੜ ਗਏ। ਬਰੈਂਪਟਨ ਸਿਟੀ ਮੇਅਰ ਦੀ ਚੋਣ ਦੇ ਪੰਜਾਬੀ ਉਮੀਦਵਾਰ ਬਲਜੀਤ ਗੋਸਲ (ਸਾਬਕਾ ਮੰਤਰੀ) ਵੀ ਚੋਣ ਹਾਰ ਗਏ ਹਨ। ਦੂਜੇ ਪਾਸੇ, ਜਿੱਤਣ ਵਾਲੇ ਪੈਟਰਿਕ ਬਰਾਊਨ ਨੂੰ ਵੀ ਬਹੁਤੇ ਪੰਜਾਬੀ ਵੋਟਰਾਂ ਨੇ ਸਮਰਥਨ ਦਿੱਤਾ। ਇਸ ਚੋਣ ਵਿਚ ਤਿੰਨ ਤਰ੍ਹਾਂ ਦੇ ਉਮੀਦਵਾਰ ਚੁਣੇ ਗਏ ਹਨ। ਮੇਅਰ ਤੋਂ ਇਲਾਵਾ ਰਿਜਨਲ ਕੌਂਸਲਰ, ਸਿਟੀ ਕੌਂਸਲਰ ਤੇ ਸਕੂਲ ਟਰੱਸਟੀ ਲਈ ਵੋਟਾਂ ਪਈਆਂ ਹਨ। ਬਰੈਂਪਟਨ ਸਿਟੀ ਦੀ 11 ਮੈਂਬਰੀ ਕੌਂਸਲ ਵਿਚ 36 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਸਨ। ਬਰੈਂਪਟਨ ਦੇ ਵਾਰਡ 9 ਅਤੇ 10 'ਚ ਤਿੰਨੇ ਪੰਜਾਬੀ ਉਮੀਦਵਾਰ ਚੁਣੇ ਗਏ ਹਨ, ਜਿਨ੍ਹਾਂ ਵਿਚ ਸੀਨੀਅਰ ਕੌਂਸਲਰ ਲਈ ਗੁਰਪ੍ਰੀਤ ਸਿੰਘ ਢਿੱਲੋਂ ਦੂਜੀ ਵਾਰ ਚੋਣ ਜਿੱਤੇ ਹਨ। ਚੋਣ ਹਾਰਨ ਵਾਲੇ ਦਿੱਗਜ ਪੰਜਾਬੀਆਂ ਵਿਚ ਪੱਤਰਕਾਰ ਸਤਪਾਲ ਜੌਹਲ, ਪ੍ਰਭਜੋਤ ਗਰੇਵਾਲ, ਹਰਨੇਕ ਰਾਏ, ਰਾਜਵੀਰ ਕੌਰ, ਅਮਨਦੀਪ ਸਿੰਘ, ਗੁਰਪ੍ਰੀਤ ਕੌਰ ਬੈਂਸ, ਹਰਪ੍ਰੀਤ ਹੰਸਰਾ, ਇੰਦੂ ਅਰੋੜਾ, ਹਰਜੋਤ ਸਿੰਘ ਗਿੱਲ, ਸੁਧਾ ਸ਼ਰਮਾ ਤੇ ਟੰਡਨ ਆਦਿ ਦੇ ਨਾਂ ਸ਼ਾਮਲ ਹਨ। ਲੋਕਾਂ ਨੂੰ ਉਮੀਦ ਹੈ ਕਿ ਨਵੇਂ ਚੁਣੇ ਗਏ ਮੇਅਰ, ਖੇਤਰੀ ਕੌਂਸਲਰ ਅਤੇ ਸਕੂਲ ਟਰੱਸਟੀਜ਼ ਉਨ੍ਹਾਂ ਦੇ ਹਿੱਤ ਬਾਰੇ ਜ਼ਰੂਰ ਵਿਚਾਰ ਕਰਨਗੇ ਅਤੇ ਸੂਬੇ ਦਾ ਚੰਗਾ ਵਿਕਾਸ ਹੋ ਸਕੇਗਾ।
ਇਟਲੀ 'ਚ 28 ਅਕਤੂਬਰ ਨੂੰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ
NEXT STORY