ਓਂਟਾਰੀਓ,(ਰਮਨਦੀਪ ਸਿੰਘ ਸੋਢੀ/ ਨਰੇਸ਼ ਅਰੋੜਾ) — 7 ਜੂਨ ਨੂੰ ਓਂਟਾਰੀਓ ਵਿਧਾਨ ਸਭਾ ਚੋਣਾਂ ਵਿਚ ਪੰਜਾਬੀ ਮੂਲ ਦੇ ਸੱਤ ਉਮੀਦਵਾਰ ਚੋਣਾਂ ਜਿੱਤ ਕੇ ਮੈਂਬਰ ਆਫ ਪ੍ਰੋਵੈਂਸ਼ੀਅਲ ਪਾਰਲੀਮੈਂਟ (ਐੱਮ. ਪੀ. ਪੀ.) ਯਾਨੀ ਵਿਧਾਇਕ ਬਣੇ ਹਨ। ਇਨ੍ਹਾਂ ਚੋਣਾਂ ਵਿਚ ਕੁੱਲ 24 ਪੰਜਾਬੀ ਮੂਲ ਦੇ ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ਵਿਚੋਂ 7 ਨੂੰ ਜਿੱਤ ਮਿਲੀ। ਕੈਨੇਡਾ ਦੌਰੇ 'ਤੇ ਆਈ 'ਜਗ ਬਾਣੀ' ਦੀ ਟੀਮ ਨੇ ਇਨ੍ਹਾਂ ਸਾਰੇ ਵਿਧਾਇਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਪਰਿਵਾਰਕ ਪਿਛੋਕੜ, ਸਿਆਸਤ ਵਿਚ ਉਨ੍ਹਾਂ ਦੀ ਰੁਚੀ ਅਤੇ ਓਂਟਾਰੀਓ ਅਤੇ ਉਨ੍ਹਾਂ ਦੇ ਆਪਣੇ ਹਲਕੇ ਨੂੰ ਲੈ ਕੇ ਵਿਕਾਸ ਸਬੰਧੀ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਲੈ ਕੇ ਵਿਸਥਾਰਤ ਗੱਲਬਾਤ ਕੀਤੀ। ਉੱਥੇ ਹੀ ਐੱਨ. ਡੀ. ਪੀ. ਦੇ ਕੌਮੀ ਪ੍ਰਧਾਨ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੋਟਾਂ ਦੇ ਚੰਗੇ ਫਰਕ ਨਾਲ ਬਰੈਂਪਟਨ ਈਸਟ ਦੀ ਸੀਟ 'ਤੇ ਜਿੱਤ ਪ੍ਰਾਪਤ ਕੀਤੀ। ਗੁਰਰਤਨ ਸਿੰਘ ਨੂੰ 17706 ਵੋਟਾਂ ਪ੍ਰਾਪਤ ਹੋਈਆਂ ਅਤੇ ਉਨ੍ਹਾਂ ਨੇ ਆਪਣੇ ਵਿਰੋਧੀ ਨੂੰ 4975 ਵੋਟਾਂ ਦੇ ਫਰਕ ਨਾਲ ਹਰਾਇਆ।
ਕੌਣ ਹਨ ਗੁਰਰਤਨ ਸਿੰਘ—
ਐੱਨ. ਡੀ. ਪੀ. ਦੇ ਪ੍ਰਧਾਨ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਦਾ ਪਰਿਵਾਰਕ ਪਿਛੋਕੜ ਵੀ ਪੰਜਾਬ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੀ ਮਾਂ ਹਰਮੀਤ ਕੌਰ ਲੁਧਿਆਣਾ ਅਤੇ ਪਿਤਾ ਜਗਤਾਰਨ ਸਿੰਘ ਬਰਨਾਲਾ ਨਾਲ ਸਬੰਧ ਰੱਖਦੇ ਹਨ। ਗੁਰਰਤਨ ਕੈਨੇਡਾ ਵਿਚ ਹੀ ਜੰਮੇ ਪਲੇ ਹਨ ਅਤੇ ਉਨ੍ਹਾਂ ਨੇ ਉਚੇਰੀ ਸਿੱਖਿਆ ਹਾਸਲ ਕੀਤੀ ਹੈ। ਬਰੈਂਪਟਨ ਈਸਟ ਤੋਂ ਗੁਰਰਤਨ ਸਿੰਘ ਪਹਿਲੀ ਵਾਰ ਚੋਣ ਲੜੇ ਅਤੇ ਪਹਿਲੀ ਵਾਰ ਹੀ ਉਹ ਜਿੱਤਣ ਵਿਚ ਕਾਮਯਾਬ ਵੀ ਰਹੇ।

ਸਿਆਸਤ ਵਿਚ ਕਿਵੇਂ ਆਏ—
ਗੁਰਰਤਨ ਸਿੰਘ ਪੇਸ਼ੇ ਤੋਂ ਵਕੀਲ ਹਨ ਅਤੇ ਆਪਣੇ ਭਰਾ ਜਗਮੀਤ ਸਿੰਘ ਦੇ ਨਾਲ ਹੀ ਵਕਾਲਤ ਦਾ ਕੰਮ ਕਰਦੇ ਹਨ। ਸਿਆਸਤ ਵਿਚ ਆਉਣ ਦੀ ਪ੍ਰੇਰਨਾ ਉਨ੍ਹਾਂ ਨੂੰ ਆਪਣੇ ਭਰਾ ਜਗਮੀਤ ਸਿੰਘ ਨੂੰ ਦੇਖ ਕੇ ਮਿਲੀ। ਜਗਮੀਤ ਸਿੰਘ ਇਸ ਤੋਂ ਪਹਿਲਾਂ ਦੋ ਵਾਰ ਵਿਧਾਇਕ ਰਹੇ ਹਨ ਅਤੇ ਉਨ੍ਹਾਂ ਦੇ ਵਿਧਾਇਕ ਬਣਨ ਵਿਚ ਗੁਰਰਤਨ ਦੀ ਅਹਿਮ ਭੂਮਿਕਾ ਰਹੀ। ਜਗਮੀਤ ਸਿੰਘ ਨਾਲ ਜ਼ਮੀਨੀ ਪੱਧਰ 'ਤੇ ਕੰਮ ਕਰਦਿਆਂ ਉਹ ਲੋਕਾਂ ਨਾਲ ਜ਼ਮੀਨੀ ਪੱਧਰ 'ਤੇ ਜੁੜੇ ਅਤੇ ਆਖਿਰਕਾਰ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਵਿਚ ਕਿਸਮਤ ਅਜ਼ਮਾਉਣ ਦਾ ਮੌਕਾ ਮਿਲਿਆ।
ਗੁਰਰਤਨ ਦੇ ਮੁੱਦੇ—
ਵਾਤਾਵਰਣ ਦੀ ਸੰਭਾਲ ਤੋਂ ਇਲਾਵਾ ਸਿਹਤ ਸੇਵਾਵਾਂ ਵਿਚ ਸੁਧਾਰ, ਨੌਜਵਾਨਾਂ ਨੂੰ ਨੌਕਰੀ, ਸਿੱਖਿਆ ਦੇ ਬਿਹਤਰ ਮੌਕੇ ਮੁਹੱਈਆ ਕਰਵਾਉਣਾ, ਨਵੇਂ ਹਸਪਤਾਲ ਖੋਲ੍ਹਣ ਅਤੇ ਆਮ ਲੋਕਾਂ ਦਾ ਜੀਵਨ ਪੱਧਰ ਆਸਾਨ ਬਣਾਉਣਾ ਗੁਰਰਤਨ ਸਿੰਘ ਦੇ ਅਹਿਮ ਮੁੱਦੇ ਹਨ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਲੋਕਾਂ ਦੀ ਆਵਾਜ਼ ਅਤੇ ਉਨ੍ਹਾਂ ਨਾਲ ਜੁੜੇ ਹਰ ਮੁੱਦੇ ਨੂੰ ਵਿਧਾਨ ਸਭਾ ਵਿਚ ਚੁੱਕਣ ਦਾ ਵਾਅਦਾ ਕੀਤਾ ਹੈ।
ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨੂੰ ਪਿਆ ਦਿਲ ਦਾ ਦੌਰਾ
NEXT STORY