ਇਸਲਾਮਾਬਾਦ- ਕੰਗਾਲੀ ਦੀ ਦਹਿਲੀਜ਼ 'ਤੇ ਖੜ੍ਹੇ ਪਾਕਿਸਤਾਨ ਨੂੰ ਦੁਬਾਰਾ ਕਰਜ਼ੇ ਨੂੰ ਚੁਕਾਉਣ ਲਈ ਕਰਜ਼ਾ ਲੈਣਾ ਪੈ ਰਿਹਾ ਹੈ। ਪਾਕਿਸਤਾਨ ਨੂੰ ਇਹ ਕਰਜ਼ਾ ਮੁੜ ਤੋਂ ਉਸ ਦਾ ਸਦਾਬਹਾਰ ਦੋਸਤ ਚੀਨ ਦੇ ਰਿਹਾ ਹੈ। ਅਗਸਤ ਵਿਚ ਵੀ ਚੀਨ ਨੇ ਸਾਊਦੀ ਅਰਬ ਨੂੰ ਕਰਜ਼ਾ ਅਦਾ ਕਰਨ ਲਈ ਇਮਰਾਨ ਖਾਨ ਨੂੰ 1 ਬਿਲੀਅਨ ਡਾਲਰ ਦਾ ਕਰਜ਼ਾ ਦਿੱਤਾ ਸੀ। ਦੱਸਣਯੋਗ ਹੈ ਕਿ ਸਾਊਦੀ ਅਰਬ ਦਾ ਪਾਕਿਸਤਾਨ 'ਤੇ 3 ਅਰਬ ਡਾਲਰ ਦਾ ਕਰਜ਼ਾ ਹੈ, ਜਿਸ ਵਿਚੋਂ ਪਾਕਿਸਤਾਨ ਨੇ 1 ਬਿਲੀਅਨ ਡਾਲਰ ਦੇ ਕਰਜ਼ੇ ਨੂੰ ਅਦਾ ਕਰ ਦਿੱਤਾ ਹੈ।
ਪਾਕਿਸਤਾਨੀ ਮੀਡੀਆ ਦੀ ਇਕ ਰਿਪੋਰਟ ਮੁਤਾਬਕ ਪਾਕਿਸਤਾਨ ਦਾ ਜਨਤਕ ਕਰਜ਼ਾ ਕੁਝ ਦਿਨਾਂ ਵਿਚ ਵੱਧ ਕੇ 37,500 ਅਰਬ ਪਾਕਿਸਤਾਨੀ ਰੁਪਏ ਜਾਂ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 90 ਫੀਸਦੀ ਹੋ ਜਾਏਗਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਿਰਫ ਇਸ ਸਾਲ ਹੀ ਕਰਜ਼ਾ ਅਦਾ ਕਰਨ 'ਤੇ 2800 ਅਰਬ ਰੁਪਏ ਖਰਚ ਕਰੇਗਾ। ਇਹ ਰਕਮ ਫੈਡਰਲ ਮਾਲੀਆ ਬੋਰਡ ਦੇ ਅੰਦਾਜ਼ਨ ਇਕੱਠੇ ਕੀਤੇ ਗਏ ਟੈਕਸ ਦਾ 72 ਫੀਸਦੀ ਹੈ। 2 ਸਾਲ ਪਹਿਲਾਂ ਜਦੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਸਰਕਾਰ ਸੱਤਾ ਵਿਚ ਆਈ ਸੀ ਤਾਂ ਜਨਤਕ ਕਰਜ਼ਾ 24,800 ਲੱਖ ਕਰੋੜ ਰੁਪਏ ਸੀ ਜੋ ਹੁਣ ਤੇਜ਼ੀ ਨਾਲ ਵੱਧ ਰਿਹਾ ਹੈ।
ਚੀਨ ਦੇ ਰਿਹਾ ਹੈ 1.5 ਬਿਲੀਅਨ ਡਾਲਰ ਦਾ ਕਰਜ਼ਾ
ਸਾਊਦੀ ਅਰਬ ਨੇ ਪਾਕਿਸਤਾਨ ਨੂੰ ਇਸ ਸਾਲ ਦੇ ਅੰਤ ਤੱਕ ਬਾਕੀ ਬਚੇ 2 ਬਿਲੀਅਨ ਡਾਲਰ ਦੇ ਕਰਜ਼ੇ ਨੂੰ ਅਦਾ ਕਰਨ ਲਈ ਕਿਹਾ ਸੀ। ਪਾਕਿਸਤਾਨ ਦੀ ਵਿਗੜੀ ਹੋਈ ਆਰਥਿਕ ਹਾਲਤ ਨੂੰ ਵੇਖਦੇ ਹੋਏ ਇਮਰਾਨ ਖਾਨ ਨੇ ਆਪਣੇ ਦੋਸਤ ਚੀਨ ਨੂੰ ਖੈਰਾਤ ਦੀ ਅਪੀਲ ਕੀਤੀ ਸੀ। ਉਸ ਤੋਂ ਬਾਅਦ ਡ੍ਰੈਗਨ ਨੇ 1.5 ਬਿਲੀਅਨ ਡਾਲਰ ਦਾ ਕਰਜ਼ਾ ਦੇਣ ਦੀ ਹਾਮੀ ਭਰ ਦਿੱਤੀ ਹੈ। ਬਾਕੀ ਬਚੇ ਅੱਧੇ ਬਿਲੀਅਨ ਡਾਲਰ ਦਾ ਪ੍ਰਬੰਧ ਪਾਕਿਸਤਾਨ ਖੁਦ ਕਰੇਗਾ।
ਸਾਊਦੀ ਅਰਬ ਨੇ ਪਾਕਿਸਤਾਨ ਕੋਲੋਂ ਵਾਪਸ ਲਿਆ ਸੀ ਆਰਥਿਕ ਪੈਕੇਜ
ਕਸ਼ਮੀਰ ਮਾਮਲੇ ਨੂੰ ਲੈ ਕੇ ਪਾਕਿਸਤਾਨ ਦੇ ਵਤੀਰੇ ਤੋਂ ਭੜਕੇ ਸਾਊਦੀ ਅਰਬ ਨੇ ਇਸ ਸਾਲ ਜੁਲਾਈ ਵਿਚ ਆਪਣਾ ਆਰਥਿਕ ਪੈਕੇਜ ਵਾਪਸ ਲੈ ਲਿਆ ਸੀ। ਇਸ ਪੈਕੇਜ ਨੂੰ ਸਾਊਦੀ ਅਰਬ ਨੇ ਅਕਤੂਬਰ 2018 ਵਿਚ ਜਾਰੀ ਕੀਤਾ ਸੀ। ਇਸ ਅਧੀਨ ਸਾਊਦੀ ਅਰਬ ਨੇ ਪਾਕਿਸਤਾਨ ਨੂੰ 3 ਸਾਲ ਲਈ 6.2 ਬਿਲੀਅਨ ਡਾਲਰ ਦਾ ਕਰਜ਼ਾ ਦਿੱਤਾ ਸੀ, ਜਿਸ ਵਿਚੋਂ 3 ਬਿਲੀਅਨ ਡਾਲਰ ਦੀ ਨਕਦ ਮਦਦ ਸ਼ਾਮਲ ਸੀ। ਬਾਕੀ ਦੇ ਪੈਸਿਆਂ ਦੇ ਬਦਲੇ ਵਿਚ ਪਾਕਿਸਤਾਨ ਨੂੰ ਤੇਲ ਅਤੇ ਗੈਸ ਦੀ ਸਪਲਾਈ ਕੀਤੀ ਜਾਣੀ ਸੀ ਪਰ ਪਾਕਿਸਤਾਨੀ ਵਿਦੇਸ਼ ਮੰਤਰੀ ਦੇ ਭੜਕਾਊ ਬਿਆਨਾਂ ਤੋਂ ਦੁਖੀ ਸਾਊਦੀ ਅਰਬ ਨੇ 2021 ਵਿਚ ਖਤਮ ਹੋਣ ਵਾਲੇ ਇਸ ਪੈਕੇਜ ਨੂੰ 2020 ਵਿਚ ਹੀ ਬੰਦ ਕਰ ਦਿੱਤਾ ਸੀ।
ਪਾਕਿਸਤਾਨ 'ਚ 1990 ਤੋਂ ਬਾਅਦ ਹੁਣ ਤੱਕ 138 ਪੱਤਰਕਾਰਾਂ ਦਾ ਕਤਲ
NEXT STORY