ਬੀਜਿੰਗ- 10 ਰੋਜ਼ਾ ਯਾਤਰਾ ’ਤੇ ਚੀਨ ਪਹੁੰਚੇ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਐਤਵਾਰ ਨੂੰ ਚੇਂਗਦੂ ਵਿਚ ਚੀਨ ਦੇ ਏਵੀਏਸ਼ਨ ਇੰਡਸਟਰੀ ਕੰਪਲੈਕਸ ਦਾ ਦੌਰਾ ਕੀਤਾ। ਪਾਕਿਸਤਾਨੀ ਅਖਬਾਰ ‘ਦਿ ਡਾਨ’ ਦੇ ਅਨੁਸਾਰ ਜ਼ਰਦਾਰੀ ਇਸ ਸਥਾਨ ਦਾ ਦੌਰਾ ਕਰਨ ਵਾਲੇ ਪਹਿਲੇ ਵਿਦੇਸ਼ੀ ਰਾਸ਼ਟਰਪਤੀ ਹਨ। ਉਨ੍ਹਾਂ ਦੇ ਪੁੱਤਰ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਧੀ ਆਸਿਫਾ ਭੁੱਟੋ ਜ਼ਰਦਾਰੀ ਵੀ ਇਸ ਮੌਕੇ ਮੌਜੂਦ ਸਨ।
ਜ਼ਰਦਾਰੀ ਨੇ ਕੰਪਨੀ ਦੇ ਇੰਜੀਨੀਅਰਾਂ ਅਤੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ ਅਤੇ ਚੀਨੀ ’ਚ ਬਣੇ ਜਹਾਜ਼ਾਂ ਦੀ ਸਮਰੱਥਾ ਦੀ ਸ਼ਲਾਘਾ ਕੀਤੀ। ਇਸ ਦੌਰਾਨ ਜ਼ਰਦਾਰੀ ਨੇ ਕੰਪਲੈਕਸ ਵਿਚ ਜੇ.-10 ਅਤੇ ਜੇ. ਐੱਫ.-17 ਥੰਡਰ ਜਹਾਜ਼ ਬਣਾਉਣ ਦੀ ਪ੍ਰਕਿਰਿਆ ਨੂੰ ਸਮਝਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਵੀਂ ਪੀੜ੍ਹੀ ਦੇ ਜੇ.-20 ਸਟੀਲਥ ਲੜਾਕੂ ਜਹਾਜ਼ਾਂ ਬਾਰੇ ਵੀ ਜਾਣਕਾਰੀ ਲਈ।
ਜ਼ਰਦਾਰੀ ਨੇ ਕਿਹਾ ਕਿ ਜੇ.-10 ਅਤੇ ਜੇ. ਐੱਫ.-17 ਨੇ ਪਾਕਿਸਤਾਨੀ ਹਵਾਈ ਫੌਜ ਨੂੰ ਮਜ਼ਬੂਤ ਕੀਤਾ ਹੈ ਅਤੇ ਇਹ ਜਹਾਜ਼ ਭਾਰਤ ਦੇ ਖਿਲਾਫ ਪਾਕਿਸਤਾਨ ਲਈ ਮਹੱਤਵਪੂਰਨ ਸਾਬਿਤ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਅਤੇ ਚੀਨ ਰੱਖਿਆ ਉਤਪਾਦਨ ਅਤੇ ਏਵੀਏਸ਼ਨ ’ਚ ਸਹਿਯੋਗ ਵਧਾਉਣਾ ਜਾਰੀ ਰੱਖਣਗੇ।
ਜ਼ਰਦਾਰੀ ਨੇ ਚੀਨੀ ਰੇਲਗੱਡੀਆਂ ਨੂੰ ਦੱਸਿਆ ਇੰਜੀਨੀਅਰਿੰਗ ਦਾ ਚਮਤਕਾਰ
ਜ਼ਰਦਾਰੀ ਨੇ ਚੀਨ ਦੀਆਂ ਹਾਈ-ਸਪੀਡ ਰੇਲਗੱਡੀਆਂ ਦਾ ਵੀ ਅਨੁਭਵ ਕੀਤਾ। ਉਹ ਚੇਂਗਦੂ ਤੋਂ ਮੀਆਂਯਾਂਗ ਤੱਕ ਅੱਧੇ ਘੰਟੇ ਦੀ ਰੇਲ ਯਾਤਰਾ ’ਤੇ ਗਏ। ਯਾਤਰਾ ਦੌਰਾਨ ਉਨ੍ਹਾਂ ਨੇ ਚੀਨ ਦੀ ਆਵਾਜਾਈ ਪ੍ਰਣਾਲੀ ਦੀ ਸ਼ਲਾਘਾ ਕੀਤੀ। ਉਨ੍ਹਾਂ ਪ੍ਰਦੂਸ਼ਣ ਮੁਕਤ ਇਲੈਕਟ੍ਰਿਕ ਰੇਲ ਇੰਜਣਾਂ ਅਤੇ ਭੂਚਾਲ ਦੀ ਸ਼ੁਰੂਆਤੀ ਚਿਤਾਵਨੀ ਦੇਣ ਵਾਲੀਆਂ ਤਕਨਾਲੋਜੀਆਂ ਨੂੰ ‘ਰੇਲਵੇ ਇੰਜੀਨੀਅਰਿੰਗ ਦਾ ਚਮਤਕਾਰ’ ਦੱਸਿਆ।
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦਾ ਚੀਨ ਦੌਰਾ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਜ਼ਰਦਾਰੀ ਦੇ ਦੌਰੇ ਦਾ ਮਕਸਦ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਇਸ ਵਿਚ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ਦਾ ਵਿਕਾਸ ਵੀ ਸ਼ਾਮਲ ਹੈ।
ਅਮਰੀਕਾ 'ਚ ਬੰਦ ਨਹੀਂ ਹੋਵੇਗਾ TikTok, ਟਰੰਪ ਨੇ ਚੀਨ ਨਾਲ ਕਰ ਲਿਆ ਸਮਝੌਤਾ
NEXT STORY