ਬਰੈਂਪਟਨ,(ਏਜੰਸੀ)— ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਮੰਗਲਵਾਰ ਨੂੰ 4 ਹਮਲਾਵਰਾਂ ਨੇ ਜਲੰਧਰ ਦੇ ਟਰਾਂਸਪੋਰਟਰ ਪਲਵਿੰਦਰ ਸਿੰਘ (ਵਿੱਕੀ) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਿਸ ਕਾਰਨ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਹੈ। ਪਲਵਿੰਦਰ ਨੇ ਦੋ ਦਿਨ ਪਹਿਲਾਂ ਹੀ ਆਪਣਾ ਜਨਮ ਦਿਨ ਮਨਾਇਆ ਸੀ ਅਤੇ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਉਸ ਨਾਲ ਅਜਿਹਾ ਹੋਵੇਗਾ। ਹਮਲਾਵਰਾਂ ਨੇ 28 ਸਾਲਾ ਪਲਵਿੰਦਰ ਦੇ ਏਅਰਪੋਰਟ ਰੋਡ 'ਤੇ ਡੋਨਵੁਡ ਕੋਰਟ ਕੋਲ ਸਥਿਤ ਘਰ 'ਚ ਜਾ ਕੇ ਉਸ 'ਤੇ ਹਮਲਾ ਕੀਤਾ ਸੀ। ਉਹ ਕੰਮ ਤੋਂ ਵਿਹਲਾ ਹੋ ਕੇ ਘਰ ਗਿਆ ਹੀ ਸੀ ਕਿ ਕਿਸੇ ਨੇ ਉਸ ਦੇ ਘਰ ਦੇ ਦਰਵਾਜ਼ੇ ਦੀ ਘੰਟੀ ਵਜਾਈ। ਜਿਵੇਂ ਹੀ ਪਲਵਿੰਦਰ ਨੇ ਦਰਵਾਜ਼ਾ ਖੋਲ੍ਹਿਆ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਇਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ। ਕੈਨੇਡਾ 'ਚ ਰਹਿ ਰਹੀ ਪਲਵਿੰਦਰ ਦੀ ਭੈਣ ਜਸਵਿੰਦਰ ਕੌਰ ਨੇ ਕਿਹਾ ਕਿ 18 ਅਤੇ 19 ਸਾਲ ਦੇ ਦੋ ਦੋਸ਼ੀਆਂ ਨੇ ਪੁਲਸ ਦੇ ਸਾਹਮਣੇ ਸਰੈਂਡਰ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਬਾਕੀ ਦੋ ਹਮਲਾਵਰ ਫਰਾਰ ਹਨ, ਜਿਨ੍ਹਾਂ ਨੂੰ ਪੁਲਸ ਲੱਭ ਰਹੀ ਹੈ।
ਇਸ ਘਟਨਾ ਨੂੰ ਦੇਖ ਕੇ ਲੱਗਦਾ ਹੈ ਕਿ ਪਲਵਿੰਦਰ 'ਤੇ ਨਿਸ਼ਾਨਾ ਲਗਾ ਕੇ ਹਮਲਾ ਕੀਤਾ ਗਿਆ ਸੀ। ਪਲਵਿੰਦਰ 2009 'ਚ ਕੈਨੇਡਾ ਗਿਆ ਸੀ। ਉਨ੍ਹਾਂ ਦਾ ਪਰਿਵਾਰ ਜਲੰਧਰ ਦੇ ਰਾਮਾ ਮੰਡੀ ਦੇ ਨੈਸ਼ਨਲ ਐਵੇਨਿਊ 'ਚ ਰਹਿੰਦਾ ਹੈ। ਪਲਵਿੰਦਰ ਦੇ ਪਿਤਾ ਗੁਰਮੇਜ ਸਿੰਘ ਪੰਜਾਬ ਪੁਲਸ 'ਚ ਏ. ਐੱਸ. ਆਈ. ਰਹੇ ਹਨ ਜਦਕਿ ਮਾਤਾ ਰਾਜਿੰਦਰ ਕੌਰ ਖੇਤੀਬਾੜੀ ਵਿਭਾਗ ਤੋਂ ਰਿਟਾਇਰਡ ਹਨ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਲਵਿੰਦਰ ਨੇ ਦੋ ਦਿਨ ਪਹਿਲਾਂ ਹੀ ਜਨਮਦਿਨ ਮਨਾਇਆ ਸੀ ਅਤੇ ਉਸੇ ਦਿਨ ਪਰਿਵਾਰ ਵਾਲਿਆਂ ਨਾਲ ਉਸ ਦੀ ਆਖਰੀ ਵਾਰ ਗੱਲ ਹੋਈ ਸੀ। ਪਰਿਵਾਰ ਪਲਵਿੰਦਰ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਪਰ ਹੁਣ ਉਸ ਘਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਰੂਸ ਨੂੰ ਅਮਰੀਕੀ ਨਾਗਰਿਕਾਂ ਤੋਂ ਪੁੱਛਗਿੱਛ ਦੀ ਇਜਾਜ਼ਤ ਨਹੀਂ ਦੇਵੇਗਾ ਪ੍ਰਸ਼ਾਸਨ : ਪੋਂਪਿਓ
NEXT STORY