ਮੈਲਬੌਰਨ (ਮਨਦੀਪ ਸਿੰਘ ਸੈਣੀ)- ਦੁਨੀਆ ਭਰ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਫੈਲਾਉਣ ਲਈ ਰੋਟਰੀ ਕਲੱਬ ਵੱਲੋਂ ਇੱਕ ਵਿਸ਼ਾਲ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਵੱਖ-ਵੱਖ ਭਾਸ਼ਾਵਾਂ ਵਿੱਚ ਪੀਸ ਪੋਲ ਲਗਾਏ ਜਾ ਰਹੇ ਹਨ। ਇਸ ਸੰਦਰਭ ਵਿੱਚ ਰੋਟਰੀ ਕਲੱਬ ਕੈਰੋਲਾਇਨ ਸਪਰਿੰਗਜ਼ ਵੱਲੋਂ ਐਂਟਰੀ (ਵੁੱਡਲੀ) ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ।
ਸਮਾਗਮ ਵਿੱਚ ਫੈਡਰਲ ਮੈਂਬਰ ਪਾਰਲੀਮੈਂਟ ਐਲਿਸ ਜੌਰਡਨ, ਕੌਂਸਲਰ ਲਾਰਾ ਕਾਰਲੀ, ਕੌਂਸਲਰ ਬੌਬ ਟਰਨਰ, ਕੋਂਸਲਰ ਜੂਲੀ ਸ਼ੈਨਨ, ਵੁੱਡਲੀ ਸੀਨੀਅਰਜ਼ ਸਮੇਤ ਸਥਾਨਕ ਮਲਟੀਕਲਚਰਲ ਐਸੋਸੀਏਸ਼ਨਾਂ ਦੇ ਨੁੰਮਾਇਦਿਆਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਰੋਟਰੀ ਕਲੱਬ ਦੇ ਮੈਂਬਰ ਸਿਮਰਜੀਤ ਸਿੰਘ ਦੇ ਸੁਆਗਤੀ ਭਾਸ਼ਣ ਨਾਲ ਹੋਈ।

ਉਨ੍ਹਾਂ ਨੇ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨੂੰ ਸਤਿਕਾਰ ਦਿੱਤਾ ਅਤੇ ਭਾਈਚਾਰਕ ਸਾਂਝ ਤੇ ਸ਼ਾਂਤੀ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਸਿਮਰਜੀਤ ਸਿੰਘ ਨੇ ਰੋਟਰੀ ਕਲੱਬ ਦਾ ਧੰਨਵਾਦ ਕੀਤਾ ਕਿ ਇਸ ਵਾਰ ਪੀਸ ਪੋਲ ਲਈ ਪੰਜਾਬੀ ਭਾਸ਼ਾ ਨੂੰ ਚੁਣਿਆ ਗਿਆ ਹੈ, ਜੋ ਆਸਟ੍ਰੇਲੀਆ ਵਿੱਚ ਵੱਡੀ ਗਿਣਤੀ ਵਿੱਚ ਵੱਸਦੇ ਪੰਜਾਬੀ ਭਾਈਚਾਰਾ ਲਈ ਮਾਣ ਵਾਲੀ ਗੱਲ ਹੈ।
ਰੋਟਰੀ ਕਲੱਬ ਦੇ ਪ੍ਰਧਾਨ ਮਾਰਟਿਨ ਨੇ ਦੱਸਿਆ ਕਿ 2021 ਵਿੱਚ ਰੋਟਰੀ ਦੇ 100 ਸਾਲ ਪੂਰੇ ਹੋਣ ‘ਤੇ ਕੈਨਬਰਾ ਦੇ ਬੁਰਲੇ ਗ੍ਰਿਫਿਨ ਨੇ 100 ਸਕੂਲਾਂ ਵਿੱਚ ਪੀਸ ਪੋਲ ਲਗਾਉਣ ਦਾ ਸੰਕਲਪ ਲਿਆ ਸੀ। ਇਹ ਸੰਕਲਪ ਹੁਣ ਮੁਹਿੰਮ ਦਾ ਰੂਪ ਧਾਰ ਚੁੱਕਾ ਹੈ ਅਤੇ ਅੱਜ ਦੇ ਦਿਨ ਤੱਕ ਦੇਸ਼ ਭਰ ਵਿੱਚ 250 ਤੋਂ ਵੱਧ ਪੀਸ ਪੋਲ ਵੱਖ ਵੱਖ ਭਾਸ਼ਾਵਾਂ ਵਿੱਚ ਲਗਾਏ ਜਾ ਚੁੱਕੇ ਹਨ।

ਸਮਾਗਮ ਦੌਰਾਨ ਮੈਂਬਰ ਪਾਰਲੀਮੈਂਟ ਐਲਿਸ ਜੌਰਡਨ ਅਤੇ ਹੋਰਨਾਂ ਮਹਿਮਾਨਾਂ ਵੱਲੋਂ ਪੀਸ ਪੋਲ ਦੀ ਘੁੰਡ ਚੁਕਾਈ ਗਈ। ਐਲਿਸ ਜੌਰਡਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਦਾ ਇਹ ਉਪਰਾਲਾ ਬਹੁਤ ਸਲਾਹਯੋਗ ਹੈ ਅਤੇ ਉਹ ਵਿਸ਼ਵ ਸ਼ਾਂਤੀ ਦੇ ਹਿਮਾਇਤੀ ਹਨ।
ਸਮਾਗਮ ਵਿੱਚ ਵੱਖ-ਵੱਖ ਬੁਲਾਰਿਆਂ ਨੇ ਵੀ ਪੀਸ ਪੋਲਜ਼ ਦੀ ਵਿਸ਼ਵ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ 1955 ਵਿੱਚ ਜਾਪਾਨੀ ਨਾਗਰਿਕ ਮਹਾਇਸ਼ਾ ਗੋਈ ਵੱਲੋਂ ਸ਼ੁਰੂ ਕੀਤੀ ਗਈ ਸੀ। ਅੱਜ, ਇਹ 200 ਦੇਸ਼ਾਂ ਵਿੱਚ 2.5 ਲੱਖ ਤੋਂ ਵੱਧ ਪੀਸ ਪੋਲਾਂ ਦੇ ਰੂਪ ਵਿੱਚ ਵਿਸ਼ਵ ਭਰ ਵਿੱਚ ਫੈਲ ਚੁੱਕੀ ਹੈ।

ਸਮਾਗਮ ਦਾ ਅੰਤ ਰਾਸ਼ਟਰੀ ਗਾਣ ਨਾਲ ਹੋਇਆ ਅਤੇ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਰੋਨਾਲਡ ਮੌਸ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨਾਂ ਦੀ ਸ਼ਮੂਲੀਅਤ ਨਾਲ ਇਸ ਮੁਹਿੰਮ ਨੂੰ ਹੋਰ ਹੁੰਗਾਰਾ ਮਿਲੇਗਾ। ਇਸ ਸਮਾਗਮ ਨੇ ਸਥਾਨਕ ਭਾਈਚਾਰਿਆਂ ਵਿੱਚ ਭਾਈਚਾਰਕ ਸਾਂਝ ਅਤੇ ਵਿਸ਼ਵ ਸ਼ਾਂਤੀ ਦੀ ਅਹਿਮੀਅਤ ਨੂੰ ਉਜਾਗਰ ਕੀਤਾ।
ਇਹ ਵੀ ਪੜ੍ਹੋ- ਭਾਰਤ ਨੇ ਰਚਿਆ ਇਤਿਹਾਸ ! ਤਿਆਰ ਕਰ'ਤੀ ਟਰੇਨ ਤੋਂ ਲਾਂਚ ਹੋਣ ਵਾਲੀ ਮਿਜ਼ਾਈਲ, ਪ੍ਰੀਖਣ ਸਫ਼ਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼੍ਰੀਲੰਕਾ: ਕੇਬਲ ਨਾਲ ਚੱਲਣ ਵਾਲੀ ਰੇਲਗੱਡੀ ਪਲਟਣ ਨਾਲ ਇੱਕ ਭਾਰਤੀ ਸਣੇ 7 ਬੋਧੀ ਭਿਕਸ਼ੂਆਂ ਦੀ ਮੌਤ
NEXT STORY