ਮਿਨੀਆਪੋਲਿਸ ਅਮਰੀਕਾ (ਏ. ਪੀ.) : ਮਿਨੀਆਪੋਲਿਸ ਦੇ ਜਿਸ ਪੁਲਸ ਅਧਿਕਾਰੀ ਨੇ ਕਾਲੇ ਵਿਅਕਤੀ ਜਾਰਜ ਫਲਾਇਡ ਦੀ ਧੌਣ ਨੂੰ ਆਪਣੇ ਗੋਡੇ ਨਾਲ ਨੱਪਿਆ ਸੀ, ਉਸ ’ਤੇ ਸੋਮਵਾਰ ਹੱਤਿਆ ਦਾ ਮੁਕੱਦਮਾ ਚਲਾਇਆ ਗਿਆ ਤੇ ਇਸ ਦੌਰਾਨ ਘਟਨਾ ਦੀ ਵੀਡੀਓ ਵੀ ਦਿਖਾਈ ਗਈ। ਸਰਕਾਰੀ ਵਕੀਲ ਜੈਰੀ ਬਲੈਕਬੈੱਲ ਨੇ ਜਿਊਰੀ ਦੇ ਮੈਂਬਰਾਂ ਨੂੰ ਦੱਸਿਆ ਕਿ 9 ਮਿੰਟ 29 ਸੈਕਿੰਡ ਤਕ ਫਲਾਇਡ ਜ਼ਮੀਨ ’ਤੇ ਡਿਗਿਆ ਹੋਇਆ ਸੀ ਅਤੇ ਉਸ ਦੀ ਧੌਣ ’ਤੇ ਪੁਲਸ ਅਧਿਕਾਰੀ ਡੈਰੇਕ ਚੌਵਿਨ ਨੇ ਆਪਣਾ ਗੋਡਾ ਰੱਖਿਆ ਸੀ। ਬਲੈਕਬੈੱਲ ਨੇ ਦੱਸਿਆ ਕਿ ਗੋਰੇ ਪੁਲਸ ਅਧਿਕਾਰੀ ਨੇ ਫਲਾਇਡ ਨੂੰ ਹੱਥਕੜੀ ਲਾਈ ਹੋਈ ਸੀ ਤੇ ਉਹ 27 ਵਾਰ ਬੋਲਿਆ ਕਿ ਉਸ ਨੂੰ ਸਾਹ ਲੈਣ ’ਚ ਤਕਲੀਫ ਹੋ ਰਹੀ ਹੈ, ਇਸ ਦੇ ਬਾਵਜੂਦ ਚੌਵਿਨ ਨੇ ਉਸ ਦੀ ਧੌਣ ਤੋਂ ਆਪਣਾ ਗੋਡਾ ਨਹੀਂ ਚੁੱਕਿਆ।
ਬਲੈਕਬੈੱਲ ਨੇ ਕਿਹਾ ਕਿ ਉਸ ਨੇ ਉਸ ਦੀ ਧੌਣ ਅਤੇ ਪਿੱਠ ’ਤੇ ਗੋਡਾ ਰੱਖਿਆ ਸੀ ਅਤੇ ਜਦੋਂ ਤਕ ਉਸ ਦਾ ਸਾਹ ਨਹੀਂ ਉੱਖੜ ਗਿਆ, ਉਹ ਨਹੀਂ ਹਟਿਆ। ਚੌਵਿਨ ਦੇ ਵਕੀਲ ਐਰਿਕ ਨੈਲਸਨ ਨੇ ਜਵਾਬੀ ਦਲੀਲ ਦਿੰਦਿਆਂ ਕਿਹਾ ਕਿ ਡੈਰੇਕ ਚੌਵਿਨ ਨੇ ਉਹੀ ਕੀਤਾ, ਜੋ ਉਸ ਦੇ 19 ਸਾਲ ਦੇ ਕਰੀਅਰ ’ਚ ਸਿਖਾਇਆ ਗਿਆ ਸੀ। ਉਸ ਨੇ ਕਿਹਾ ਕਿ ਚੌਵਿਨ ਅਤੇ ਉਸ ਦੇ ਸਾਥੀ ਪੁਲਸ ਕਰਮਚਾਰੀਆਂ ਨੇੜੇ ਘਟਨਾ ਨੂੰ ਦੇਖ ਰਹੀ ਲੋਕਾਂ ਦੀ ਭੀੜ ਉਤੇਜਿਤ ਹੁੰਦੀ ਜਾ ਰਹੀ ਸੀ ਅਤੇ ਫਲਾਇਡ ਪੁਲਸ ਦੀ ਕਾਰ ’ਚ ਨਾ ਬੈਠਣ ਲਈ ਸੰਘਰਸ਼ ਕਰ ਰਿਹਾ ਸੀ। ਬਚਾਅ ਪੱਖ ਦੇ ਵਕੀਲ ਨੇ ਇਹ ਵੀ ਕਿਹਾ ਕਿ ਫਲਾਇਡ ਦੀ ਮੌਤ ਲਈ ਚੌਵਿਨ ਜ਼ਿੰਮੇਵਾਰ ਨਹੀਂ ਹੈ।
ਨੈਲਸਨ ਨੇ ਕਿਹਾ ਕਿ ਇਸ ਅਦਾਲਤ ’ਚ ਕੋਈ ਸਿਆਸੀ ਜਾਂ ਸਮਾਜਿਕ ਮੁੱਦਾ ਨਹੀਂ ਹੈ ਪਰ ਸਬੂਤ 9 ਮਿੰਟ ਅਤੇ 29 ਸੈਕਿੰਡ ਤੋਂ ਅੱਗੇ ਵੀ ਹਨ। ਹਾਲਾਂਕਿ ਬਲੈਕਬੈੱਲ ਨੇ ਇਸ ਤਰਕ ਨੂੰ ਖਾਰਿਜ ਕਰ ਦਿੱਤਾ ਕਿ ਫਲਾਇਡ ਡਰੱਗਜ਼ ਲੈਂਦਾ ਸੀ ਜਾਂ ਕਿਸੇ ਹੋਰ ਕਾਰਨ ਕਰਕੇ ਉਸ ਦੀ ਮੌਤ ਹੋਈ। ਇਸ ਦਰਮਿਆਨ ਡੋਨਾਲਡ ਵਿਲੀਅਮਸ ਨਾਮੀ ਵਿਅਕਤੀ, ਜੋ ਕਿ ਮਾਰਸ਼ਲ ਆਰਟਸ ’ਚ ਮਾਹਿਰ ਹੈ, ਨੇ ਅਦਾਲਤ ਨੂੰ ਆਪਣੇ ਬਿਆਨ ’ਚ ਦੱਸਿਆ ਕਿ ਉਸ ਨੇ ਪੁਲਸ ਅਧਿਕਾਰੀ ਨੂੰ ਉੱਚੀ ਆਵਾਜ਼ ’ਚ ਕਿਹਾ ਸੀ ਕਿ ਉਹ ਫਲਾਇਡ ਦੀ ਧੌਣ ’ਤੇ ਨਸਾਂ ਨੂੰ ਦੱਬ ਰਿਹਾ ਹੈ, ਜਿਸ ਕਾਰਨ ਉਸ ਦੇ ਖੂਨ ਦਾ ਸੰਚਾਰ ਰੁਕ ਸਕਦਾ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਦਾ ਸਰੀਰ ਸੁੰਨ ਹੋ ਗਿਆ।
ਡੋਨਾਲਡ ਟਰੰਪ ਨੇ ਲਾਂਚ ਕੀਤੀ ਆਪਣੀ ਅਧਿਕਾਰਤ ਵੈਬਸਾਈਟ
NEXT STORY