ਇਸਲਾਮਾਬਾਦ : ਕੰਗਾਲ ਪਾਕਿਸਤਾਨ ਨੇ ਦੋਸਤ ਚੀਨ ਦੇ ਦਬਾਅ ਵਿਚ ਆਪਣਾ ਖਜ਼ਾਨਾ 'ਲੁਟਾਉਣ' ਦਾ ਐਲਾਨ ਕਰ ਦਿੱਤਾ ਹੈ। ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਆਤਮਘਾਤੀ ਹਮਲੇ 'ਚ ਮਾਰੇ ਗਏ ਚੀਨੀ ਇੰਜੀਨੀਅਰਾਂ ਦੇ ਪਰਿਵਾਰਾਂ ਨੂੰ 72 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਹਰੇਕ ਇੰਜੀਨੀਅਰ ਦੇ ਪਰਿਵਾਰਕ ਮੈਂਬਰਾਂ ਨੂੰ 5,16,000 ਅਮਰੀਕੀ ਡਾਲਰ ਦਿੱਤੇ ਜਾਣਗੇ। ਬੀਜਿੰਗ ਸਥਿਤ ਪਾਕਿਸਤਾਨੀ ਦੂਤਾਵਾਸ ਇਹ ਰਕਮ ਜਲਦ ਤੋਂ ਜਲਦ ਉਨ੍ਹਾਂ ਦੇ ਖਾਤਿਆਂ 'ਚ ਟਰਾਂਸਫਰ ਕਰ ਦੇਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿੱਤ ਮੰਤਰਾਲੇ ਦੀ ਆਰਥਿਕ ਤਾਲਮੇਲ ਕਮੇਟੀ ਨੇ ਸਦਭਾਵਨਾ ਵਜੋਂ ਚਾਈਨਾ ਗੇਜ਼ੂਓਬਾ ਗਰੁੱਪ ਦੇ ਇਨ੍ਹਾਂ ਇੰਜੀਨੀਅਰਾਂ ਨੂੰ ਇਹ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ।
ਪਾਕਿਸਤਾਨੀ ਵੈੱਬਸਾਈਟ 'ਦ ਡਾਨ' ਦੀ ਰਿਪੋਰਟ ਮੁਤਾਬਕ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ। 26 ਮਾਰਚ ਨੂੰ ਇਕ ਆਤਮਘਾਤੀ ਹਮਲਾਵਰ ਨੇ ਖ਼ੈਬਰ ਪਖਤੂਨਖਵਾ ਸੂਬੇ ਦੇ ਸ਼ਾਂਗਲ ਵਿਚ ਚੀਨੀ ਨਾਗਰਿਕਾਂ ਦੇ ਕਾਫ਼ਲੇ 'ਤੇ ਇਕ ਆਤਮਘਾਤੀ ਹਮਲਾ ਹੋਇਆ ਸੀ। ਇਸ 'ਚ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੀ ਕਾਰ ਚੀਨੀ ਨਾਗਰਿਕਾਂ ਦੇ ਕਾਫ਼ਲੇ 'ਤੇ ਚੜ੍ਹਾ ਦਿੱਤੀ ਸੀ। ਇਸ ਵਿਚ 5 ਚੀਨੀ ਇੰਜੀਨੀਅਰਾਂ ਸਮੇਤ ਇਕ ਪਾਕਿਸਤਾਨੀ ਡਰਾਈਵਰ ਦੀ ਮੌਤ ਹੋ ਗਈ ਸੀ। ਇਸ ਹਾਦਸੇ ਤੋਂ ਬਾਅਦ ਪਾਕਿਸਤਾਨ ਨੇ ਦੋਸ਼ ਲਾਇਆ ਸੀ ਕਿ ਇਸ ਹਮਲੇ ਦੀ ਯੋਜਨਾ ਅਫ਼ਗਾਨਿਸਤਾਨ ਵਿਚ ਰਚੀ ਗਈ ਸੀ ਅਤੇ ਹਮਲਾਵਰ ਦਾ ਵੀ ਉਥੋਂ ਹੀ ਸਬੰਧ ਸੀ। ਹਾਲਾਂਕਿ, ਤਾਲਿਬਾਨ ਪ੍ਰਸ਼ਾਸਨ ਨੇ ਇਸ ਤੋਂ ਸਾਫ਼ ਇਨਕਾਰ ਕੀਤਾ ਸੀ। ਵਿੱਤ ਮੰਤਰਾਲੇ ਨੇ ਇਹ ਵੀ ਕਿਹਾ ਕਿ ਇਸ ਹਾਦਸੇ ਵਿਚ ਮਾਰੇ ਗਏ ਪਾਕਿਸਤਾਨੀ ਡਰਾਈਵਰ ਨੂੰ 25 ਲੱਖ ਪਾਕਿਸਤਾਨੀ ਰੁਪਏ ਦਿੱਤੇ ਜਾਣਗੇ। ਦਰਅਸਲ, ਪਾਕਿਸਤਾਨ 'ਚ ਚੀਨੀ ਨਾਗਰਿਕਾਂ 'ਤੇ ਹਮਲੇ ਕੋਈ ਨਵੀਂ ਗੱਲ ਨਹੀਂ ਹੈ। ਪਾਕਿਸਤਾਨ ਸਰਕਾਰ ਨੇ ਕਈ ਵਾਰ ਚੀਨੀ ਨਾਗਰਿਕਾਂ ਨੂੰ ਸੁਰੱਖਿਆ ਦੇਣ ਦਾ ਵਾਅਦਾ ਕੀਤਾ ਹੈ। ਇਸ ਦੇ ਬਾਵਜੂਦ ਉਨ੍ਹਾਂ 'ਤੇ ਹਮਲੇ ਰੁਕ ਨਹੀਂ ਰਹੇ ਹਨ। ਚੀਨ ਇਸ ਨੂੰ ਲੈ ਕੇ ਕਈ ਵਾਰ ਨਾਰਾਜ਼ਗੀ ਜ਼ਾਹਿਰ ਕਰ ਚੁੱਕਾ ਹੈ।
ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ 'ਚ ਇਕ ਹੋਰ ਵੱਡਾ ਧਮਾਕਾ, ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਆਗੂ ਨੂੰ ਕੱਢਿਆ ਪਾਰਟੀ 'ਚੋਂ ਬਾਹਰ
2013 ਵਿਚ 9 ਚੀਨੀ ਨਾਗਰਿਕਾਂ ਦੀ ਮੌਤ ਦੇ ਇਕ ਸਾਲ ਬਾਅਦ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਲਈ ਇਕ ਵਿਸ਼ੇਸ਼ ਸੁਰੱਖਿਆ ਯੂਨਿਟ (ਐੱਸਪੀਯੂ) ਦਾ ਗਠਨ ਕੀਤਾ ਸੀ। ਉਦੋਂ ਇਸ ਵਿਚ 3500 ਦੇ ਕਰੀਬ ਸਕਿਓਰਿਟੀ ਅਧਿਕਾਰੀ ਸਨ, ਜਿਹੜੇ ਪਾਕਿ ਫ਼ੌਜ ਨਾਲ ਜੁੜੇ ਹੋਏ ਸਨ। ਵਰਤਮਾਨ ਵਿਚ ਲੱਗਭਗ 7 ਹਜ਼ਾਰ ਸੁਰੱਖਿਆ ਅਧਿਕਾਰੀ ਇਸ ਵਿਚ ਸ਼ਾਮਲ ਹਨ। ਇਹ ਯੂਨਿਟ ਹਜ਼ਾਰਾਂ ਚੀਨੀ ਨਾਗਰਿਕਾਂ ਨੂੰ ਵਿਸ਼ੇਸ਼ ਸੁਰੱਖਿਆ ਪ੍ਰਦਾਨ ਕਰਦਾ ਹੈ। ਚੀਨੀ ਨਾਗਰਿਕਾਂ ਵਿਚ ਜ਼ਿਆਦਾਤਰ ਉਹ ਅਫਸਰ ਅਤੇ ਵਰਕਰਜ਼ ਹਨ, ਜਿਹੜੇ CPEC ਨਾਲ ਸਬੰਧਤ 62 ਬਿਲੀਅਨ ਡਾਲਰ ਦੇ ਚਾਰ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਨ। ਹਾਲਾਂਕਿ, ਚੀਨੀ ਨਾਗਰਿਕਾਂ ਦੀ ਸੁਰੱਖਿਆ ਕਰਨ ਵਾਲਾ ਇਹ ਪ੍ਰੋਜੈਕਟ ਫੇਲ੍ਹ ਸਾਬਿਤ ਹੋਇਆ ਹੈ। ਪਿਛਲੇ ਦੋ ਸਾਲਾਂ ਵਿਚ ਪਾਕਿਸਤਾਨ 'ਚ 30 ਚੀਨੀ ਨਾਗਰਿਕ ਮਾਰੇ ਜਾ ਚੁੱਕੇ ਹਨ। ਇਹੀ ਕਾਰਨ ਹੈ ਕਿ ਚੀਨ ਨੇ CPEC ਪ੍ਰੋਜੈਕਟ ਨਾਲ ਜੁੜੇ ਕਈ ਲੋਕਾਂ ਨੂੰ ਘਰ ਵਾਪਸ ਬੁਲਾ ਲਿਆ ਹੈ।
ਜਾਪਾਨੀ ਅਖ਼ਬਾਰ 'ਨਿਕੇਈ ਏਸ਼ੀਆ' ਨੇ ਪਾਕਿਸਤਾਨ 'ਚ ਮੌਜੂਦ ਚੀਨੀ ਨਾਗਰਿਕਾਂ ਅਤੇ ਉਨ੍ਹਾਂ ਦੇ ਕਾਰੋਬਾਰਾਂ ਨੂੰ ਖ਼ਤਰੇ 'ਤੇ ਵਿਸ਼ੇਸ਼ ਜਾਂਚ ਕੀਤੀ ਸੀ। ਇਸ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਸਾਰੇ ਅੱਤਵਾਦੀ ਸੰਗਠਨ ਚੀਨੀ ਨਾਗਰਿਕਾਂ ਅਤੇ ਉਨ੍ਹਾਂ ਦੇ ਕਾਰੋਬਾਰਾਂ ਜਾਂ ਕੰਪਨੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਪਿਛਲੇ 5 ਸਾਲਾਂ ਵਿਚ ਉਸ ਦੀ ਤਾਕਤ ਅਤੇ ਪ੍ਰਭਾਵ ਬਹੁਤ ਤੇਜ਼ੀ ਨਾਲ ਵਧਿਆ ਹੈ। ਕਈ ਥਾਵਾਂ 'ਤੇ ਉਹ ਸਥਾਨਕ ਲੋਕਾਂ ਨਾਲੋਂ ਵੀ ਜ਼ਿਆਦਾ ਤਾਕਤਵਰ ਹਨ। ਅੱਤਵਾਦੀ ਜਥੇਬੰਦੀਆਂ ਨੂੰ ਲੱਗਦਾ ਹੈ ਕਿ ਚੀਨੀ ਨਾਗਰਿਕਾਂ ਕਾਰਨ ਉਨ੍ਹਾਂ ਦੇ ਭਾਈਚਾਰਿਆਂ ਜਾਂ ਖੇਤਰਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਉਹ ਉਨ੍ਹਾਂ ਦੇ ਕਾਰੋਬਾਰ ਖੋਹ ਰਹੇ ਹਨ। ਸ਼ੁਰੂ ਵਿਚ ਕਰਾਚੀ ਅਤੇ ਲਾਹੌਰ ਵਰਗੇ ਖੇਤਰਾਂ ਵਿਚ ਚੀਨੀ ਨਾਗਰਿਕਾਂ ਦੇ ਕਾਰੋਬਾਰਾਂ ਅਤੇ ਦਫ਼ਤਰਾਂ 'ਤੇ ਹਮਲੇ ਕੀਤੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦੀਆਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024 : 1 ਜੂਨ ਨੂੰ ਇੰਝ ਦਿਖੇਗਾ EVM, ਜਲੰਧਰ ਹਲਕੇ 'ਚ ਇਸ ਤਰ੍ਹਾਂ ਹੋਵੇਗੀ ਉਮੀਦਵਾਰਾਂ ਦੀ ਤਰਤੀਬ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੰਡਨ 'ਚ ਈਰਾਨ ਸਰਕਾਰ ਦੇ ਸਮਰਥਕਾਂ ਤੇ ਵਿਰੋਧੀਆਂ 'ਚ ਝੜਪ, 4 ਜ਼ਖ਼ਮੀ, 1 ਵਿਅਕਤੀ ਗ੍ਰਿਫ਼ਤਾਰ
NEXT STORY