ਬਰੈਂਪਟਨ- ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਹੋ ਰਹੇ ਅੰਦੋਲਨ ਵਿਚ ਦੇਸ਼-ਵਿਦੇਸ਼ ਵਿਚ ਵੱਸਦੇ ਪੰਜਾਬੀ ਵੀ ਆਪਣਾ ਯੋਗਦਾਨ ਪਾ ਰਹੇ ਹਨ। ਜਿਹੜੇ ਲੋਕ ਦਿੱਲੀ ਵਿਖੇ ਅੰਦੋਲਨ ਦਾ ਹਿੱਸਾ ਨਹੀਂ ਬਣ ਸਕੇ, ਉਹ ਕਿਸੇ ਨਾ ਕਿਸੇ ਤਰੀਕੇ ਇਸ ਨੂੰ ਆਪਣਾ ਸਾਥ ਦੇ ਰਹੇ ਹਨ। ਕਿਸਾਨਾਂ ਦੀਆਂ ਮੰਗਾਂ ਸਰਕਾਰ ਵਲੋਂ ਨਾ ਮੰਨੇ ਜਾਣ ਦੇ ਵਿਰੋਧ ਵਿਚ ਪੰਜਾਬ ਦੇ ਕੌਮਾਂਤਰੀ ਪ੍ਰਸਿੱਧੀ ਹਾਸਲ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ (ਪਿੰਡ ਚਕਰ) ਨੇ ਭਾਰਤੀ ਖੇਡ ਸਾਹਿਤ ਦਾ ਨੈਸ਼ਨਲ ਐਵਾਰਡ ਮੋੜਨ ਦਾ ਫ਼ੈਸਲਾ ਕੀਤਾ ਹੈ।
ਕੈਨੇਡਾ ਦੇ ਬਰੈਂਪਟਨ ਰਹਿੰਦੇ ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਉਨ੍ਹਾਂ ਦੇ ਸੁਤੰਤਰਤਾ ਸੰਗਰਾਮੀ ਬਾਬਾ ਪਾਲਾ ਸਿੰਘ ਨੂੰ ਮਿਲਿਆ ਤਾਮਰ ਪੱਤਰ ਵੀ ਉਹ ਰਾਸ਼ਟਰਪਤੀ ਨੂੰ ਮੋੜ ਦੇਣਗੇ। ਬਾਬਾ ਪਾਲਾ ਸਿੰਘ ਦੇ ਪਰਿਵਾਰ ਨੇ ਕਿਸਾਨ ਜਥੇਬੰਦੀਆਂ ਦੀ ਤਨ-ਮਨ-ਧਨ ਨਾਲ ਹਿਮਾਇਤ ਕਰਨ ਦੀ ਹਾਮੀ ਭਰੀ ਹੈ।
ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਬਾਰਡਰ 'ਤੇ ਆਪਣੇ ਹੱਕਾਂ ਲਈ ਅੰਦੋਲਨ ਕਰ ਰਹੇ ਹਨ। ਕਈ ਸਿਆਸੀ ਪਾਰਟੀਆਂ, ਕਲਾਕਾਰਾਂ ਅਤੇ ਜਥੇਬੰਦੀਆਂ ਵਲੋਂ ਕਿਸਾਨਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਤੇ ਦੁਪਹਿਰ ਤੱਕ ਚੱਕਾ ਜਾਮ ਰੱਖਿਆ ਜਾਵੇਗਾ। ਦੱਸ ਦਈਏ ਕਿ ਵਿਦੇਸ਼ਾਂ ਵਿਚ ਵੀ ਕਿਸਾਨ ਅੰਦੋਲਨ ਦੀ ਹਿਮਾਇਤ ਵਿਚ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਹੋ ਰਹੇ ਹਨ।
ਖੇਤੀ ਕਾਨੂੰਨਾਂ ਖ਼ਿਲਾਫ਼ ਮੈਲਬੌਰਨ ਦੀਆਂ ਸੜਕਾਂ 'ਤੇ ਉੱਤਰੇ ਲੋਕ
NEXT STORY