ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਅਮਰੀਕਾ ਦੇ 250ਵੇਂ ਆਜ਼ਾਦੀ ਦਿਹਾੜੇ ਮੌਕੇ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਨੇ ਘੋਲੀਆ ਹਵੇਲੀ ਵਿਖੇ ਰਲ-ਮਿਲ ਕੇ ਦੇਸ਼ ਭਗਤੀ ਅਤੇ ਭਾਈਚਾਰਕ ਸਾਂਝ ਦਾ ਸ਼ਾਨਦਾਰ ਪ੍ਰਗਟਾਵਾ ਕੀਤਾ। ਇਸ ਵਿਸ਼ੇਸ਼ ਸਮਾਗਮ ਦਾ ਆਯੋਜਨ ਉੱਘੇ ਕਾਰੋਬਾਰੀ ਸੁਰਜੀਤ ਸਿੰਘ ਘੋਲੀਆ (GTC Logistics), ਸ. ਸੁਖਦੀਪ ਸਿੰਘ ਸਿੱਧੂ, ਬਿੰਦਰ ਸਰਾਭਾ, ਗਾਇਕ ਬੱਬੂ ਗੁਰਪਾਲ ਅਤੇ ਕਮਲਜੀਤ ਟਿਵਾਣਾ, ਚਰਨਜੀਤ ਚੀਮਾ, ਮੇਸ਼ੀ ਭਲਵਾਨ, ਦਲਜੀਤ ਸਿੱਧੂ , ਹਰਪ੍ਰੀਤ ਸੋਮਲ ਤੇ ਪਰਮਿੰਦਰ ਸਿੰਘ ਆਦਿ ਸੱਜਣਾਂ ਦੇ ਉੱਦਮ ਸਦਕਾ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਨੇ ਸ਼ਮੂਲੀਅਤ ਕੀਤੀ।

ਸਮਾਗਮ ਦੀ ਸ਼ੁਰੂਆਤ ਅਮਰੀਕਾ ਦੇ ਰਾਸ਼ਟਰੀ ਝੰਡੇ ਨੂੰ ਪੂਰੇ ਸਨਮਾਨ ਨਾਲ ਲਹਿਰਾ ਕੇ ਕੀਤੀ ਗਈ। ਇਸ ਤੋਂ ਬਾਅਦ ਵਾਹਨਾਂ ’ਤੇ ਅਮਰੀਕੀ ਝੰਡੇ ਸਜਾ ਕੇ ਇੱਕ ਪ੍ਰਭਾਵਸ਼ਾਲੀ ਕਾਰ ਰੈਲੀ ਕੱਢੀ ਗਈ, ਜਿਸ ਨੇ ਸ਼ਹਿਰ ਵਾਸੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਅਮਰੀਕਾ ਪ੍ਰਤੀ ਪੰਜਾਬੀ ਭਾਈਚਾਰੇ ਦੇ ਸਤਿਕਾਰ ਅਤੇ ਵਫ਼ਾਦਾਰੀ ਦਾ ਸੁੰਦਰ ਸੰਦੇਸ਼ ਦਿੱਤਾ। ਇਸ ਮੌਕੇ ਬਾਰਬੀਕਿਊ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਸ ਦਾ ਪਰਿਵਾਰਾਂ ਅਤੇ ਬੱਚਿਆਂ ਨੇ ਭਰਪੂਰ ਆਨੰਦ ਮਾਣਿਆ। ਸਮਾਗਮ ਦੌਰਾਨ ਆਪਸੀ ਭਾਈਚਾਰਾ, ਮਿਲਵਰਤਣ ਅਤੇ ਦੇਸ਼-ਪ੍ਰੇਮ ਦੀ ਭਾਵਨਾ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲੀ। ਬੁਲਾਰਿਆਂ ਨੇ ਕਿਹਾ ਕਿ ਅਮਰੀਕਾ ਨੇ ਪੰਜਾਬੀਆਂ ਨੂੰ ਮਿਹਨਤ ਅਤੇ ਕਾਬਲੀਅਤ ਦੇ ਬਲਬੂਤੇ ਅੱਗੇ ਵਧਣ ਦੇ ਬੇਅੰਤ ਮੌਕੇ ਦਿੱਤੇ ਹਨ। ਅੱਜ ਫਰਿਜ਼ਨੋ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਪੰਜਾਬੀਆਂ ਨੇ ਟਰੱਕਿੰਗ, ਖੇਤੀਬਾੜੀ, ਕਾਰੋਬਾਰ, ਸਿੱਖਿਆ, ਸਿਹਤ ਸੇਵਾਵਾਂ ਅਤੇ ਹੋਰ ਕਈ ਖੇਤਰਾਂ ਵਿੱਚ ਆਪਣੀ ਮਿਹਨਤ, ਲਗਨ ਅਤੇ ਸਿਆਣਪ ਨਾਲ ਵਿਸ਼ੇਸ਼ ਮਾਣ-ਸਨਮਾਨ ਹਾਸਲ ਕੀਤਾ ਹੈ।

ਇਸ ਮੌਕੇ ਲੋਕ ਗਾਇਕ ਬੱਬੂ ਗੁਰਪਾਲ ਨੇ ਗੀਤ ਗਾ ਕੇ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ। ਸੁਰਜੀਤ ਘੋਲੀਆ ਤੇ ਮਿੱਤਰਾਂ ਨੇ ਆਪਣੇ ਟੋਟਕਿਆਂ ਨਾਲ ਪਰਿਵਾਰਕ ਮਹਿਫ਼ਲ ਦੌਰਾਨ ਚੰਗਾ ਸਮਾਂ ਬੰਨ੍ਹਿਆ। ਸਮਾਗਮ ਦੇ ਅੰਤ ਵਿੱਚ ਸਾਰਿਆਂ ਨੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਹਾੜੇ ਦੀ ਇੱਕ-ਦੂਜੇ ਨੂੰ ਵਧਾਈ ਦਿੱਤੀ ਅਤੇ ਇਹ ਸੰਕਲਪ ਦੁਹਰਾਇਆ ਕਿ ਪੰਜਾਬੀ ਭਾਈਚਾਰਾ ਅਮਰੀਕਾ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਇਸੇ ਤਰ੍ਹਾਂ ਜਾਰੀ ਰੱਖੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਰਾਨੀਜਨਕ! ਪਾਕਿਸਤਾਨ 'ਚ 72 ਲੋਕਾਂ ਦੀ ਮੌਤ ਦੇ ਮਾਮਲੇ 'ਚ ਜਵਾਕ 'ਤੇ ਚੱਲੇਗਾ ਕੇਸ
NEXT STORY