ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਆਪਣੇ ਆਪ ਨੂੰ ਸ਼ਡਿਊਲ ਕਾਸਟ ਰਾਈਟਸ ਕਮਿਸ਼ਨ ਆਫ ਸਿੰਧ ਕਹਿਲਾਉਣ ਵਾਲੀ ਇਕ ਸੰਸਥਾ ਵੱਲੋਂ ਆਯੋਜਿਤ ਇਕ ਸੈਮੀਨਾਰ ’ਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਉਨ੍ਹਾਂ ਦੇ ਜ਼ਬਰਦਸਤੀ ਨਿਕਾਹ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ । ਸੂਤਰਾਂ ਅਨੁਸਾਰ ਸੰਗਠਨ ਦੇ ਚੇਅਰਮੈਨ ਕਾਂਜੀ ਰਾਣੋ ਭੇਲ ਨੇ ਅੱਜ ਸਿੰਧ ਸੂਬੇ ਦੇ ਸ਼ਹਿਰ ਭੇਲਾਵਾਦ ’ਚ ਇਕ ਸੰਗਠਨ ਵੱਲੋਂ ਆਯੋਜਿਤ ਸੈਮੀਨਾਰ ’ਚ ਕਿਹਾ ਕਿ ਗ਼ੈਰ-ਮੁਸਲਿਮ ਭਾਈਚਾਰੇ ਨਾਲ ਜ਼ਿਆਦਤੀਆਂ ਦੀਆਂ ਘਟਨਾਵਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਸਾਡੀਆਂ ਨਾਬਾਲਗ ਲੜਕੀਆਂ ਨੂੰ ਵੱਖ-ਵੱਖ ਬਹਾਨਿਆਂ ਨਾਲ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਲੜਕੀਆਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਜਾਦਾ ਹੈ, ਜਿਸ ਕਾਰਨ ਗ਼ੈਰ-ਮੁਸਲਿਮ ਪਰਿਵਾਰਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਸੈਮੀਨਾਰ ’ਚ ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਹਿੰਦੂ ਭਾਈਚਾਰਾ ਸਰਕਾਰ ਤੋਂ ਨਿਰਾਸ਼ ਹੈ ਅਤੇ ਅਣਗਿਣਤ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਣਾ ਸਮੇਂ ਦੀ ਮੰਗ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਨੁਸੂਚਿਤ ਜਾਤੀ ਹਿੰਦੂ ਭਾਈਚਾਰੇ ਦੀਆਂ ਹਿੰਦੂ ਲੜਕੀਆਂ ਦੇ ਧਰਮ ਪਰਿਵਰਤਨ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ, ਅਨੁਸੂਚਿਤ ਜਾਤੀ ਦੇ ਲੋਕਾਂ ਲਈ ਨੌਕਰੀਆਂ ’ਚ ਪੰਜ ਫੀਸਦੀ ਕੋਟਾ ਨਿਰਧਾਰਿਤ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਆਪਣੀ ਪਸੰਦ ਦੇ ਕਿਸੇ ਵੀ ਭਾਈਚਾਰੇ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ। ਕੋਲੀ, ਜੋਗੀ, ਜਿੰਦਾਵਾੜਾ, ਗੁੜਗੁਲਾ ਅਤੇ ਸਾਮੀ ਭਾਈਚਾਰੇ ਦੇ ਬੱਚਿਆਂ ਨੂੰ ਸਿੱਖਿਆ ਅਦਾਰਿਆਂ ’ਚ ਦਾਖ਼ਲਾ ਦੇਣ ਦੇ ਨਾਲ-ਨਾਲ ਅਨੁਸੂਚਿਤ ਜਾਤੀ ਦੇ ਲੋਕਾਂ ਲਈ ਹਰ ਸਰਕਾਰੀ ਨੌਕਰੀ ’ਚ 5 ਫੀਸਦੀ ਕੋਟਾ ਨਿਰਧਾਰਿਤ ਕੀਤਾ ਜਾਵੇ। ਸੈਮੀਨਾਰ ਨੂੰ ਜੈ ਰਾਮ ਦਾਸ ਮੇਘਾਵਰ, ਰੇਖਾ ਕੋਹਲੀ, ਗਿਆਨ ਚੰਦ ਅਤੇ ਜਬਲ ਯੋਗੀ ਨੇ ਵੀ ਸੰਬੋਧਨ ਕੀਤਾ।
ਅਮਰੀਕਾ: ਸਰਕਾਰੀ ਉਪਕਰਣਾਂ ਵਿਚ 'TikTok' ਅਤੇ 'Wechat' ਸਮੇਤ ਕਈ ਚੀਨੀ ਐਪਸ ਦੀ ਵਰਤੋਂ 'ਤੇ ਪਾਬੰਦੀ
NEXT STORY