ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਸਿਟੀ ਕੌਂਸਲ ਲੀਡਰ ਸੁਜਾਨ ਏਟਕਨ ਦੀਆਂ ਬੀਤੇ ਦਿਨ ਸਮਾਜਕ ਦੂਰੀ ਨਿਯਮਾਂ ਦੀ ਉਲੰਘਣਾ ਕਰਦਿਆਂ ਤਸਵੀਰਾਂ ਨਸ਼ਰ ਹੋਣ ਤੋਂ ਬਾਅਦ ਸੁਜਾਨ ਤੇ ਉਸ ਦੀਆਂ ਸਾਥਣਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਵੀ ਇਸ ਮਾਮਲੇ 'ਤੇ ਤਿੱਖਾ ਪ੍ਰਤੀਕਰਮ ਦਿੰਦਿਆ ਕਿਹਾ ਹੈ ਕਿ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੂੰ ਇਹ ਪ੍ਰਭਾਵ ਨਹੀਂ ਦੇਣਾ ਚਾਹੀਦਾ ਕਿ ਉਹ ਲੋਕਾਂ ਨਾਲੋਂ ਵੱਖਰੇ ਹਨ।
ਲੋਕ ਇਹ ਉਮੀਦ ਰੱਖਦੇ ਹਨ ਕਿ ਜਿਹੜੀਆਂ ਹਦਾਇਤਾਂ ਦੀ ਪਾਲਣਾ ਅਸੀਂ ਕਰ ਰਹੇ ਹਾਂ, ਉਨ੍ਹਾਂ ਦੇ ਚੁਣੇ ਨੇਤਾ ਵੀ ਉਸੇ ਤਰ੍ਹਾਂ ਪਾਲਣਾ ਕਰਦੇ ਹੋਣਗੇ। ਸਕਾਟਲੈਂਡ ਵਿਚ ਮੁੜ ਤਾਲਾਬੰਦੀ ਹਦਾਇਤਾਂ ਦੀ ਸਖਤੀ ਤੋਂ ਦੂਜੇ ਦਿਨ ਹੀ ਸੁਜਾਨ ਦੀਆਂ ਮਰਚੈਂਟ ਸਿਟੀ ਦੇ ਇੱਕ ਪੱਬ ਵਿਚ ਡਰਿੰਕ ਪੀਂਦਿਆਂ ਦੀਆਂ ਤਸਵੀਰਾਂ ਚਰਚਾ ਵਿਚ ਆਈਆਂ ਸਨ ਤੇ ਉਸ ਨੇ ਇਸ ਸੰਬੰਧੀ ਮਾਫੀ ਵੀ ਮੰਗੀ ਹੈ।
ਸਕਾਟਲੈਂਡ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੇਕਰ ਤੁਸੀਂ ਕਿਸੇ ਬਾਰ ਵਿਚ ਮਿਲਦੇ ਹੋ ਤਾਂ ਇੱਕ ਪਰਿਵਾਰ ਦੇ ਤਿੰਨ ਜੀਆਂ ਤੋਂ ਵੱਧ ਦੇ ਇਕੱਠੇ ਹੋਣ ਦੀ ਮਨਾਹੀ ਹੈ ਪਰ ਸੁਜਾਨ ਆਪਣੇ ਪਰਿਵਾਰਕ ਮੈਂਬਰਾਂ ਦੀ ਬਜਾਏ ਲੇਬਰ ਪਾਰਟੀ ਦੀ ਏਲੀਨ ਮਕੈਂਜੀ, ਐੱਸ. ਐੱਨ. ਪੀ. ਕੌਂਸਲਰ ਕਰਿਸਟੀਨਾ ਕੈਨਨ, ਜੈਨ ਲੇਅਡੈਕ ਨਾਲ ਪੱਬ ਵਿੱਚ ਹਾਜ਼ਰ ਸੀ।
ਨਿਕੋਲਾ ਸਟਰਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿਯਮ ਸਾਡੇ ਸਭ 'ਤੇ ਲਾਗੂ ਹੁੰਦੇ ਹਨ। ਅਸੀਂ ਸਾਰੇ ਮਨੁੱਖ ਹਾਂ। ਜੇਕਰ ਲੀਡਰ ਬਣ ਗਏ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਮਨੁੱਖ ਨਹੀਂ ਰਹੇ। ਨਿਯਮਾਂ ਦੀ ਉਲੰਘਣਾ ਕਰਕੇ ਅਸੀਂ ਦੂਜਿਆਂ ਦੀ ਜਾਨ ਜ਼ੋਖ਼ਮ ਵਿਚ ਪਾ ਰਹੇ ਹਾਂ। ਨਿਕੋਲਾ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਮੇਰੇ 'ਤੇ, ਗਲਾਸਗੋ ਸਿਟੀ ਕੌਂਸਲ ਲੀਡਰ 'ਤੇ, ਹਰ ਐੱਮ. ਪੀ. ,ਐੱਮ. ਐੱਸ. ਪੀ. ਕੌਂਸਲਰ 'ਤੇ ਨਿਯਮ ਲਾਗੂ ਹੁੰਦੇ ਹਨ। ਪਿਛਲੇ ਦੋ ਹਫਤਿਆਂ ਦੀ ਤਾਲਾਬੰਦੀ ਦੀ ਸਮੀਖਿਆ ਕਰਦਿਆਂ ਉਨ੍ਹਾਂ ਮੁੜ ਕਿਹਾ ਹੈ ਕਿ ਤਾਲਾਬੰਦੀ ਢਿੱਲਾਂ ਦਾ ਮਤਲਬ ਹੈ ਵਾਇਰਸ ਨੂੰ ਫੈਲਣ ਦੀ ਢਿੱਲ ਦੇਣੀ। ਵਾਇਰਸ ਨੂੰ ਖਤਮ ਕਰਨਾ ਹੀ ਸਕਾਟਲੈਂਡ ਦੀ ਆਰਥਿਕਤਾ ਨੂੰ ਮੁੜ ਉੱਚਾ ਲਿਜਾਣ ਲਈ ਲਾਹੇਵੰਦ ਹੈ।
ਇਕ ਮਹੀਨਾ ਕੋਮਾ ਤੇ 3 ਮਹੀਨੇ ਵੈਂਟੀਲੇਟਰ 'ਤੇ ਰਹੇ ਸ਼ਖਸ ਨੇ ਕੋਰੋਨਾ ਨੂੰ ਦਿੱਤੀ ਮਾਤ
NEXT STORY