ਲੰਡਨ— ਪਹਿਲੀ ਵਿਸ਼ਵ ਜੰਗ ’ਚ ਸ਼ਹੀਦ ਹੋਏ ਹਜ਼ਾਰਾਂ ਸਿੱਖ ਫੌਜੀਅਾਂ ਨੂੰ ਸ਼ਰਧਾਂਜਲੀ ਦੇਣ ਲਈ ਇੰਗਲੈਂਡ ਦੇ ਸਮੇਥਵਿਕ ਵਿਖੇ ਬਣਾਏ ਗਏ 10 ਫੁੱਟ ਦੇ ਕਾਂਸੀ ਦੇ ਬੁੱਤ ਨਾਲ ਛੇੜਛਾੜ ਕੀਤੀ ਗਈ ਹੈ। ਬੁੱਤ ’ਤੇ ਲਿਖੇ ਅੱਖਰਾਂ ’ਤੇ ਕਾਲੀ ਸਿਅਾਹੀ ਮਲ ਦਿੱਤੀ ਗਈ ਜਿਸ ਕਾਰਨ ਉਹ ਪੜ੍ਹੇ ਨਹੀਂ ਜਾ ਸਕਦੇ। ਬੁੱਤ ’ਤੇ ਸਿੱਖ ਸਿਪਾਹੀਅਾਂ ਦੇ ਸਤਿਕਾਰ ’ਚ ਮਹਾਨ ਜੰਗ ਦੇ ਸ਼ੇਅਰ ਲਿਖੇ ਗਏ ਸਨ। ਇਸ ਬੁੱਤ ਦੀ ਘੁੰਡ-ਚੁਕਾਈ 4 ਨਵੰਬਰ ਨੂੰ ਕੀਤੀ ਗਈ ਸੀ। ਸ਼ਨੀਵਾਰ ਰਾਤ ਤਕ ਬੁੱਤ ਨਾਲ ਛੇੜਛਾੜ ਕਰਨ ਵਾਲੇ ਦੋਸ਼ੀਅਾਂ ਦੀ ਪਛਾਣ ਨਹੀਂ ਹੋ ਸਕੀ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਸਿੱਖਾਂ ਨੇ ਪਹਿਲੀ ਤੇ ਦੂਜੀ ਸੰਸਾਰ ਜੰਗ ਦੌਰਾਨ ਬਰਤਾਨਵੀ ਸਾਮਰਾਜ ਵੱਲੋਂ ਜੰਗ 'ਚ ਹਿੱਸਾ ਲਿਆ ਤੇ ਦੋ ਫ਼ੀਸਦੀ ਤੋਂ ਵੀ ਘੱਟ ਗਿਣਤੀ 'ਚ ਹੋਣ ਦੇ ਬਾਵਜੂਦ ਵੱਡੀਆਂ ਕੁਰਬਾਨੀਆਂ ਦਿੱਤੀਆਂ। ਪਹਿਲੀ ਸੰਸਾਰ ਜੰਗ 26 ਜੁਲਾਈ, 1914 ਨੂੰ ਸ਼ੁਰੂ ਹੋਈ ਤੇ 11 ਨਵੰਬਰ, 1918 ਨੂੰ ਸਮਾਪਤ ਹੋਈ। ਇਸ ਜੰਗ ਦੀ 100ਵੀਂ ਵਰ੍ਹੇਗੰਢ ਬਰਤਾਨਵੀ ਸਰਕਾਰ ਮਨਾ ਰਹੀ ਹੈ ਤੇ ਬਰਤਾਨੀਆ ਦੀ ਵਿਸ਼ਵ ਪ੍ਰਸਿੱਧ ਬਿਗ ਬੇਨ ਘੜੀ ਜੋ 159 ਸਾਲ ਪੁਰਾਣੀ ਹੈ 'ਤੇ ਸ਼ਹੀਦ ਫ਼ੌਜੀਆਂ ਦੀ ਯਾਦ 'ਚ ਐਤਵਾਰ ਨੂੰ 11 ਵਾਰ ਘੰਟਾ ਖੜਕਾਇਆ ਜਾਵੇਗਾ।

ਪ੍ਰਾਪਤ ਜਾਣਕਾਰੀ ਮੁਤਾਬਕ ਇਹ ਬੁੱਤ ਜੋ ਸਥਾਨਕ ਟਾਲਬੋਟ ਪੱਬ ਦੇ ਵੀ ਕਾਫ਼ੀ ਨਜ਼ਦੀਕ ਹੈ 'ਤੇ ਸ਼ਰਾਰਤੀ ਅਨਸਰਾਂ ਨੇ ਕਾਲੇ ਰੰਗ ਨਾਲ 'ਸਿਪਾਹੀ' ਲਿਖਿਆ ਹੈ ਜਿਸ ਦੇ ਅਰਥ ਭਾਰਤੀ ਲੋਕ ਸੈਨਿਕ ਦੇ ਤੌਰ 'ਤੇ ਲੈਂਦੇ ਹਨ ਜਦਕਿ ਅੰਗਰੇਜ਼ ਲੋਕ ਸਿਪਾਹੀ ਦਾ ਅਰਥ ਜਾਸੂਸ ਵਜੋਂ ਲੈਂਦੇ ਹਨ।

ਇਹ ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਣ ਕਾਰਨ ਬਰਤਾਨੀਆ ਅਤੇ ਪੂਰੇ ਵਿਸ਼ਵ ਦੇ ਸਿੱਖ ਭਾਈਚਾਰੇ 'ਚ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ। ਸਥਾਨਕ ਪੁਲਸ ਇਸ ਮਾਮਲੇ ਨੂੰ ਬੜੀ ਸੰਜੀਦਗੀ ਨਾਲ ਲੈ ਕੇ ਪੜਤਾਲ ਕਰ ਰਹੀ ਹੈ। ਆਸਪਾਸ ਲੱਗੇ ਕੈਮਰਿਆਂ ਦੇ ਫੁਟੇਜ ਚੈੱਕ ਕੀਤੇ ਜਾ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਜਲਦੀ ਹੀ ਫੜ ਲਏ ਜਾਣਗੇ। ਇਸ ਦੇ ਨਾਲ ਹੀ ਪੁਲਸ ਨੇ ਲੋਕਾਂ ਨੂੰ ਅਪੀਲ ਜਾਰੀ ਕੀਤੀ ਹੈ ਕਿ ਜੇਕਰ ਕਿਸੇ ਕੋਲ ਉਕਤ ਘਟਨਾ ਨਾਲ ਸਬੰਧਿਤ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਸ ਨਾਲ ਸਹਿਯੋਗ ਕਰਨ ਲਈ 101 'ਤੇ ਡਾਇਲ ਕਰੇ।
ਮੈਕਰੋਨ ਦੇ ਦਫਤਰ ਨੇ ਕਿਹਾ, ਟਰੰਪ ਦੀ ਨਰਾਜ਼ਗੀ ਗਲਤਫਹਿਮੀ 'ਤੇ ਆਧਾਰਿਤ
NEXT STORY