ਨਿਊਯਾਰਕ/ਲੰਡਨ (ਸਰਬਜੀਤ ਸਿੰਘ ਬਨੂੜ) : ਨਿਊਯਾਰਕ ਦੇ ਮੈਨਹੈਟਨ ਸਥਿਤ ਵਿਸ਼ਵ ਪ੍ਰਸਿੱਧ ਮੈਡੀਸਨ ਸਕੁਏਅਰ ਗਾਰਡਨ ਵਿਖੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੇ ਸਮਾਗਮ ਮੌਕੇ ਸਿੱਖ ਜਥੇਬੰਦੀਆਂ ਅਤੇ ਵੱਖ-ਵੱਖ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਵੱਡੇ ਪੱਧਰ ’ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਖਾਲਿਸਤਾਨ ਦੇ ਝੰਡੇ ਲਹਿਰਾਏ ਗਏ ਅਤੇ ਪੰਜਾਬ ਦੀ ਆਜ਼ਾਦੀ ਤੇ ਸਵੈ-ਨਿਰਣੇ ਦੇ ਹੱਕ ਵਿੱਚ ਆਕਾਸ਼-ਗੂੰਜਾਊ ਨਾਅਰੇ ਲਾਏ ਗਏ। ਅਮਰੀਕੀ ਸਿਆਸੀ ਆਗੂ ਅਤੇ ਨਿਊਯਾਰਕ ਦੇ ਸਾਬਕਾ ਕੰਪਟਰੋਲਰ ਬ੍ਰੈਡ ਲੈਂਡਰ ਵੀ ਮੈਡੀਸਨ ਸਕੁਏਅਰ ਗਾਰਡਨ ਦੇ ਬਾਹਰ ਆਰ.ਐੱਸ.ਐੱਸ.-ਵਿਰੋਧੀ ਪ੍ਰਦਰਸ਼ਨ ਵਿੱਚ ਪਹੁੰਚੇ। ਉਨ੍ਹਾਂ ਮੋਹਨ ਭਾਗਵਤ ਅਤੇ ਆਰ.ਐੱਸ.ਐੱਸ. ਦੀ ਵਿਚਾਰਧਾਰਾ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਇਆ। ਇਸ ਤੋਂ ਪਹਿਲਾਂ ਵੀ ਲੈਂਡਰ ਨੇ ਨਿਊਯਾਰਕ ਸਿਟੀ ਹਾਲ ਵਿਖੇ ਵੱਖ-ਵੱਖ ਧਰਮਾਂ ਦੇ ਆਗੂਆਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨਾਲ ਮਿਲ ਕੇ ਭਾਗਵਤ ਦੇ ਸਮਾਗਮ ਦਾ ਵਿਰੋਧ ਕੀਤਾ ਸੀ।

ਮੋਹਨ ਭਾਗਵਤ ਵੱਲੋਂ ਸੰਬੋਧਨ ਕੀਤੇ ਗਏ ਸਮਾਗਮ ਨੂੰ ‘ਯੂਨੀਵਰਸਲ ਆਨਨੈੱਸ ਸੈਲੀਬ੍ਰੇਸ਼ਨ’ ਦਾ ਨਾਂ ਦਿੱਤਾ ਗਿਆ ਸੀ। ਇਸ ਦਾ ਪ੍ਰਬੰਧ ‘ਅਮਰੀਕਨ ਹਿੰਦੂਜ਼ ਫਾਰ ਐਨਗੇਜਮੈਂਟ ਐਂਡ ਡਾਇਲਾਗ’ ਵੱਲੋਂ ਕੀਤਾ ਗਿਆ। ਪ੍ਰਬੰਧਕਾਂ ਅਨੁਸਾਰ ਸਮਾਗਮ ਵਿੱਚ 5,000 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ 200 ਤੋਂ ਵੱਧ ਹਿੰਦੂ-ਅਮਰੀਕੀ ਤੇ ਸਹਿਯੋਗੀ ਜਥੇਬੰਦੀਆਂ ਇਸ ਨਾਲ ਜੁੜੀਆਂ ਹੋਈਆਂ ਸਨ। ਪ੍ਰਬੰਧਕਾਂ ਨੇ ਦੱਸਿਆ ਕਿ ਅਮਰੀਕਾ ਦੇ 39 ਸੂਬਿਆਂ ਦੇ 85 ਸ਼ਹਿਰਾਂ ਤੋਂ ਲੋਕਾਂ ਨੇ ਸਮਾਗਮ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਵੱਡੀ ਮੰਗ ਕਾਰਨ ਰਜਿਸਟ੍ਰੇਸ਼ਨ ਸਮਾਗਮ ਤੋਂ ਪਹਿਲਾਂ ਹੀ ਬੰਦ ਕਰਨੀ ਪਈ। ਸਮਾਗਮ ਵਿੱਚ ਅੰਤਰ-ਧਾਰਮਿਕ, ਸੱਭਿਆਚਾਰਕ ਅਤੇ ਅਧਿਆਤਮਿਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਪ੍ਰਬੰਧਕਾਂ ਨੇ ਇਸ ਨੂੰ ਭਾਰਤੀ ਦਰਸ਼ਨ ‘ਵਸੁਧੈਵ ਕੁਟੁੰਬਕਮ’ਅਰਥਾਤ ਸਾਰਾ ਸੰਸਾਰ ਇਕ ਪਰਿਵਾਰ ਹੈ ਦੇ ਸੰਦੇਸ਼ ਨੂੰ ਸਮਰਪਿਤ ਇਕੱਠ ਕਰਾਰ ਦਿੱਤਾ। ਇਸ ਦੇ ਉਲਟ ਮੈਡੀਸਨ ਸਕੁਏਅਰ ਗਾਰਡਨ ਦੇ ਬਾਹਰ ਸਿੱਖਾਂ, ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਆਰ.ਐੱਸ.ਐੱਸ.-ਵਿਰੋਧੀ ਸੰਗਠਨਾਂ ਨੇ ਰੋਸ ਪ੍ਰਗਟਾਇਆ। ਪਰਦਰਸ਼ਨ ਕਰ ਰਹੇ ਸਿੱਖਸ ਫਾਰ ਜਸਟਿਸ ਦੇ ਕਾਰਕੁਨਾਂ ਆਰ ਐਸ ਐਸ ਦੇ ਵਰਕਰਾਂ ਤੋ ਤਿਰੰਗਾ ਖੋਹ ਲਿਆ ਗਿਆ ਤੇ ਉਸ ਨੂੰ ਬਾਦ ਵਿੱਚ ਲੀਰੋ ਲੀਰ ਕਰ ਦਿੱਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਤੇ ਆਰ ਐਸ ਐਸ ਦੇ ਵਰਕਰਾਂ ਵਿੱਚ ਪੁਲਸ ਦਾ ਸਖ਼ਤ ਪ੍ਰਬੰਧ ਕੀਤਾ ਗਿਆ ਸੀ।
ਅਮਰੀਕਾ ਦੇ ਕਈ ਸੂਬਿਆਂ ਤੋਂ ਪਹੁੰਚੀਆਂ ਸਿੱਖ ਸੰਗਤਾਂ
ਰੋਸ ਮੁਜ਼ਾਹਰੇ ਦੀ ਕਾਲ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਦਿੱਤੀ ਗਈ ਸੀ। ਇਸ ਵਿੱਚ ਸਿੱਖਸ ਫਾਰ ਜਸਟਿਸ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ, ਖਾਲਿਸਤਾਨ ਅਫੇਅਰਜ਼ ਸੈਂਟਰ, ਕਾਊਂਸਿਲ ਆਫ ਖਾਲਿਸਤਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕਾਕਸ ਕਮੇਟੀ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ, ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ, ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਅਤੇ ਵਰਲਡ ਸਿੱਖ ਪਾਰਲੀਮੈਂਟ ਸਮੇਤ ਵੱਖ-ਵੱਖ ਪੰਥਕ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਨਿਊਯਾਰਕ ਤੋਂ ਇਲਾਵਾ ਨਿਊਜਰਸੀ, ਕਨੈਕਟੀਕਟ, ਪੈਨਸਿਲਵੇਨੀਆ, ਮੈਰੀਲੈਂਡ, ਵਰਜੀਨੀਆ, ਇੰਡਿਆਨਾ ਅਤੇ ਬੋਸਟਨ ਸਮੇਤ ਵੱਖ-ਵੱਖ ਇਲਾਕਿਆਂ ਤੋਂ ਸਿੱਖ ਆਗੂ, ਨੌਜਵਾਨ, ਕਾਰਕੁਨ ਅਤੇ ਸੰਗਤਾਂ ਮੁਜ਼ਾਹਰੇ ਵਿੱਚ ਪਹੁੰਚੀਆਂ। ਪ੍ਰਬੰਧਕਾਂ ਨੇ ਇਸ ਇਕੱਠ ਨੂੰ ਅਮਰੀਕਾ ਵੱਸਦੇ ਸਿੱਖ ਭਾਈਚਾਰੇ ਦੀ ਸੰਗਠਿਤ ਆਵਾਜ਼ ਕਰਾਰ ਦਿੱਤਾ।

ਸਿੱਖਸ ਫਾਰ ਜਸਟਿਸ ਦੇ ਕਾਰਕੁਨਾਂ ਨੇ ਪ੍ਰਗਟਾਇਆ ਰੋਸ
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਮਰੀਕਾ ਧਾਰਮਿਕ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਵਾਲੀ ਧਰਤੀ ਹੈ ਅਤੇ ਇੱਥੇ ਘੱਟਗਿਣਤੀਆਂ ਵਿਰੁੱਧ ਨਫ਼ਰਤ ਫੈਲਾਉਣ ਵਾਲੀ ਕਿਸੇ ਵੀ ਵਿਚਾਰਧਾਰਾ ਦਾ ਸ਼ਾਂਤਮਈ ਅਤੇ ਜਮਹੂਰੀ ਢੰਗ ਨਾਲ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਸਿੱਖਸ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ, ‘‘ਸ੍ਰੀ ਦਰਬਾਰ ਸਾਹਿਬ ’ਤੇ ਜੂਨ 1984 ਦੇ ਭਾਰਤੀ ਫ਼ੌਜੀ ਹਮਲੇ, ਜਿਸ ਦਾ ਆਰ.ਐੱਸ.ਐੱਸ. ਅਤੇ ਭਾਜਪਾ ਨੇ ਸਮਰਥਨ ਕੀਤਾ ਸੀ, ਤੋਂ ਲੈ ਕੇ 1992 ਵਿੱਚ ਬਾਬਰੀ ਮਸਜਿਦ ਢਾਹੇ ਜਾਣ ਅਤੇ ਮਨੀਪੁਰ ਵਿੱਚ ਚਰਚਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਤੱਕ ਮੋਦੀ ਅਤੇ ਮੋਹਨ ਭਾਗਵਤ ਦੀ ਆਰ.ਐੱਸ.ਐੱਸ.-ਭਾਜਪਾ ਜੋੜੀ ਇਕਹਿਰੇ ‘ਹਿੰਦੂ ਰਾਸ਼ਟਰ’ ਦੀ ਸਥਾਪਨਾ ਵੱਲ ਵਧ ਰਹੀ ਹੈ।’’
ਪੰਨੂ ਨੇ ਦੋਸ਼ ਲਾਇਆ ਕਿ ਭਾਰਤੀ ਰਾਜ ਦੀਆਂ ਸੰਸਥਾਵਾਂ ਨੂੰ ਹਮਲਾਵਰ ਢੰਗ ਨਾਲ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ, ਜਿਸ ਕਾਰਨ ਸਿੱਖਾਂ, ਮੁਸਲਮਾਨਾਂ ਅਤੇ ਈਸਾਈਆਂ ਦੀ ਹੋਂਦ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ ਰਾਜਨੀਤਕ ਭਵਿੱਖ ਬਾਰੇ ਖ਼ੁਦ ਫ਼ੈਸਲਾ ਕਰਨ ਦਾ ਹੱਕ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਪੰਜਾਬ ਦੀ ਆਜ਼ਾਦੀ ਹੀ ਸਾਡੀ ਕੌਮੀ ਹੋਂਦ, ਪਛਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਸੁਰੱਖਿਆ ਦਾ ਰਾਹ ਹੈ। ਸਿੱਖ ਕੌਮ ਆਪਣੇ ਸਵੈ-ਨਿਰਣੇ ਅਤੇ ਆਜ਼ਾਦੀ ਦੀ ਆਵਾਜ਼ ਦੁਨੀਆ ਦੇ ਹਰ ਲੋਕਤੰਤਰੀ ਮੰਚ ਉੱਤੇ ਸ਼ਾਂਤਮਈ ਢੰਗ ਨਾਲ ਬੁਲੰਦ ਕਰਦੀ ਰਹੇਗੀ।’’ ਹਿੰਮਤ ਸਿੰਘ ਨੇ ਦੋਸ਼ ਲਾਇਆ ਕਿ ਭਾਰਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਨਾਲ ਜੁੜੇ ਨੈੱਟਵਰਕਾਂ ਨੂੰ ਕਥਿਤ ਤੌਰ ’ਤੇ ਵਿਦੇਸ਼ਾਂ ਵਿੱਚ ਸਿੱਖ ਡਾਇਸਪੋਰਾ ਵਿਰੁੱਧ ਹਿੰਸਕ ਕਾਰਵਾਈਆਂ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਗੰਭੀਰ ਦੋਸ਼ਾਂ ਦੀ ਅੰਤਰਰਾਸ਼ਟਰੀ ਪੱਧਰ ’ਤੇ ਸੁਤੰਤਰ ਅਤੇ ਪਾਰਦਰਸ਼ੀ ਜਾਂਚ ਕਰਵਾ ਕੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਮੀਡੀਆ ਬੁਲਾਰੇ ਹਰਜਿੰਦਰ ਸਿੰਘ ਨੇ ਕਿਹਾ ਕਿ ਸਿੱਖਾਂ ਵਿਰੁੱਧ ਕਥਿਤ ‘ਟਰਾਂਸਨੈਸ਼ਨਲ ਰਿਪਰੈਸ਼ਨ’ ਦੇ ਮਾਮਲੇ ਸੰਬੰਧਤ ਸਰਕਾਰਾਂ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਸਾਹਮਣੇ ਉਠਾਏ ਜਾਂਦੇ ਰਹਿਣਗੇ। ਇਸ ਮੌਕੇ ਸੁਰਜੀਤ ਸਿੰਘ ਕਲਾਰ, ਡਾ. ਬਖਸ਼ੀਸ਼ ਸਿੰਘ, ਬਲਵਿੰਦਰ ਸਿੰਘ ਚੱਠਾ, ਸੰਤੋਖ ਸਿੰਘ ਇੰਡਿਆਨਾ, ਹਰਮਿੰਦਰ ਸਿੰਘ ਆਲੂਵਾਲੀਆ, ਬਲਾਕਾ ਸਿੰਘ, ਜੱਗਪ੍ਰੀਤ ਸਿੰਘ ‘ਜੈਗ ਬਾਬਾ’, ਜੋਗਾ ਸਿੰਘ ਨਿਊਜਰਸੀ ਅਤੇ ਰਜਿੰਦਰ ਸਿੰਘ ਸਮੇਤ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਨੌਜਵਾਨ ਸਿੱਖ ਆਗੂ ਜਪਨੀਤ ਸਿੰਘ ਅਤੇ ਗੁਰਪ੍ਰਤਾਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਵੀ ਸ਼ਮੂਲੀਅਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਵੱਖ-ਵੱਖ ਸੂਬਿਆਂ ਤੋਂ ਪਹੁੰਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਿੱਖ ਨੌਜਵਾਨਾਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਕਮੇਟੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਧਾਰਮਿਕ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨਾਲ ਸਾਂਝ ਵਧਾ ਕੇ ਘੱਟਗਿਣਤੀਆਂ ਦੇ ਹੱਕਾਂ ਅਤੇ ਧਾਰਮਿਕ ਆਜ਼ਾਦੀ ਸਬੰਧੀ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲਾਰਕ ਟਾਪੂ 'ਤੇ ਹਮਲੇ ਪਿੱਛੋਂ ਈਰਾਨ ਦਾ ਪਲਟਵਾਰ, ਜਾਰਡਨ 'ਚ ਅਮਰੀਕੀ ਫ਼ੌਜੀ ਟਿਕਾਣਿਆਂ 'ਤੇ ਦਾਗੀਆਂ ਮਿਜ਼ਾਈਲਾਂ
NEXT STORY