ਮੈਲਬੌਰਨ(ਮਨਦੀਪ ਸਿੰਘ ਸੈਣੀ)— ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਵਲੋਂ ਸਿਡਨੀ ਪਾਰਲੀਮੈਂਟ 'ਚ ਆਪਣੇ 13ਵੇਂ ਸਾਲਾਨਾ ਵਿਸਾਖੀ ਸਮਾਗ਼ਮ ਮੌਕੇ ਪੰਜਾਬ ਤੋਂ ਉਚੇਚੇ ਤੌਰ 'ਤੇ ਪਹੁੰਚੇ ਜਨਮੇਜਾ ਜੌਹਲ ਸਮੇਤ ਅਨੇਕਾਂ ਉੱਘੀਆਂ ਸਖਸ਼ੀਅਤਾਂ ਨੂੰ 'ਪੰਜਾਬੀਅਤ ਦਾ ਮਾਣ' ਨਾਲ ਸਨਮਾਨਿਤ ਕੀਤਾ ਗਿਆ। ਸ: ਜੌਹਲ ਨੂੰ ਇਹ ਸਨਮਾਨ ਉਨ੍ਹਾਂ ਵਲੋਂ ਪੰਜਾਬ ਦੇ ਸੱਭਿਆਚਾਰ ਦੀ ਫੋਟੋਗਰਾਫ਼ੀ ਅਤੇ ਪੰਜਾਬੀ ਬੋਲੀ ਦੇ ਪਸਾਰ ਲਈ ਕੀਤੇ ਉਚੇਚੇ ਯਤਨਾਂ ਲਈ ਦਿੱਤਾ ਗਿਆ।
ਜਨਮੇਜਾ ਜੌਹਲ ਤੋਂ ਇਲਾਵਾ ਐਡੀਲੇਡ ਤੋਂ ਪਹੁੰਚੇ ਸਰਦਾਰ ਮਹਾਂਬੀਰ ਸਿੰਘ ਗਰੇਵਾਲ ਨੂੰ ਆਸਟ੍ਰੇਲੀਆ 'ਚ ਸਾਢੇ ਤਿੰਨ ਦਹਾਕੇ ਪਹਿਲਾਂ ਸ਼ੁਰੂ ਕੀਤੀਆਂ ਸਿੱਖ ਖੇਡਾਂ ਲਈ, ਬ੍ਰਿਸਬੇਨ ਤੋਂ ਪਹੁੰਚੇ ਮਨਜੀਤ ਬੋਪਾਰਾਏ ਨੂੰ ਪੱਤਰਕਾਰੀ ਅਤੇ ਸਮਾਜਿਕ ਕੰਮਾਂ 'ਚ ਪਾਏ ਭਰਵੇਂ ਯੋਗਦਾਨ ਲਈ, ਪੰਜਾਬ ਤੋਂ ਪਹੁੰਚੇ ਦਰਸ਼ਨ 'ਬੜੀ' ਨੂੰ ਪੰਜਾਬੀ ਰੰਗ-ਮੰਚ ਤੇ ਕਬੱਡੀ-ਕੁਮੈਂਟੇਟਰ ਵਜੋਂ ਪਾਏ ਮਹੱਤਵਪੂਰਨ ਯੋਗਦਾਨ ਲਈ 'ਪੰਜਾਬੀਅਤ ਦਾ ਮਾਣ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਪਿਛਲੇ ਦਿਨੀਂ ਅਫ਼ਗਾਨਿਸਤਾਨ 'ਚ ਡਿਊਟੀ ਨਿਭਾਅ ਕੇ ਵਾਪਸ ਪਰਤੇ ਰੌਇਲ ਆਸਟ੍ਰੇਲੀਅਨ ਏਅਰ ਫ਼ੋਰਸ ਦੇ ਫ਼ਲਾਈਟ ਲੈਫ਼ਟੀਨੈਂਟ ਸ਼ੁੱਭਦੀਪ ਸਿੰਘ ਭੰਗੂ ਨੂੰ 'ਯੰਗ ਅਚੀਵਰਜ਼ ਐਵਾਰਡ' ਨਾਲ ਤੇ ਪੰਜਾਬ ਤੋਂ ਆਏ ਹੋਏ 'ਅੰਤਰਰਾਸ਼ਟਰੀ ਪਗੜੀ ਕੋਚ' ਸਰਦਾਰ ਭੁਪਿੰਦਰ ਸਿੰਘ ਥਿੰਦ ਨੂੰ 'ਐਵਾਰਡ ਆਫ਼ ਐਕਸੀਲੈਂਸ' ਨਾਲ ਸਨਮਾਨਿਤ ਕੀਤਾ ਗਿਆ। ਸਿਡਨੀ ਪਾਰਲੀਮੈਂਟ ਦੇ ਖਚਾਖਚ ਭਰੇ ਜੁਬਲੀ ਰੂਮ 'ਚ ਇਹ ਸਨਮਾਨ ਕਰੀਬ ਦੋ ਦਰਜਨ ਸੰਸਦ ਮੈਂਬਰਾਂ ਦੀ ਹਾਜ਼ਰੀ 'ਚ ਸੂਬੇ ਦੀ ਪ੍ਰੀਮੀਅਰ ਦੇ ਨੁਮਾਇੰਦੇ ਅਤੇ ਵਿਰੋਧੀ ਧਿਰ ਦੇ ਲੀਡਰ ਵਲੋਂ ਦਿੱਤੇ ਗਏ।
ਪਿਛਲੇ ਦਿਨੀਂ ਸਿਡਨੀ 'ਚ ਖਤਮ ਹੋਈਆਂ 31ਵੀਆਂ ਸਿੱਖ ਖੇਡਾਂ ਨੂੰ ਸਫ਼ਲ ਕਰਨ ਲਈ ਪਾਏ ਯੋਗਦਾਨ ਲਈ ਖੇਡ ਕਮੇਟੀ ਦੇ ਮੈਂਬਰਾਂ ਮਹਿੰਗਾ ਸਿੰਘ ਖੱਖ, ਜਸਬੀਰ ਸਿੰਘ ਰੰਧਾਵਾ, ਰਣਜੀਤ ਖੈੜਾ, ਮਾਈਕਲ ਸਿੰਘ, ਰਣਬੀਰ ਅਟਵਾਲ ਅਤੇ ਰਣਜੀਤ ਸਿੰਘ ਗਲੈਨਮੋਰ ਪਾਰਕ ਨੂੰ ਵੀ ਸਨਮਾਨਿਤ ਕੀਤਾ ਗਿਆ। ਆਸਟ੍ਰੇਲੀਆ ਭਰ 'ਚ ਪਗੜੀ ਦੀ ਮਹੱਤਤਾ ਬਾਰੇ ਸੁਚੇਤ ਕਰਨ ਲਈ ਚਲਾਈ ਜਾ ਰਹੀ ਲਹਿਰ 'ਚ ਵਰਨਣਯੋਗ ਹਿੱਸਾ ਪਾਉਣ ਲਈ 'ਟਰਬਨਜ਼ 4 ਆਸਟ੍ਰੇਲੀਆ' ਟੀਮ ਦੇ ਮੈਂਬਰਾਂ ਅਮਰ ਸਿੰਘ, ਉਂਕਾਰ ਸਿੰਘ ਬੇਦੀ, ਜਸਵਿੰਦਰ ਸਿੰਘ, ਦਿੱਬਜੋਤ ਸਿੰਘ, ਐਮ.ਪੀ ਸਿੰਘ ਅਤੇ ਪਰਮਜੀਤ ਸਿੰਘ ਨੂੰ 'ਦਸਤਾਰ ਜਾਗਰੂਕਤਾ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦਾ ਆਰੰਭ ਕੌਂਸਲਰ ਮਨਿੰਦਰ ਸਿੰਘ ਵਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਅਤੇ 'ਸਿੱਖ ਕੀਰਤਨ ਪਰਚਾਰ ਮਿਸ਼ਨ ਰਿਵਸਬੀ' ਦੀ ਟੀਮ ਵਲੋਂ ਗਾਇਨ ਕੀਤੇ ਧਾਰਮਿਕ ਸ਼ਬਦ ਨਾਲ ਹੋਇਆ । ਪੈਨਰਿੱਥ ਵਿਰਸਾ ਅਕੈਡਮੀ ਦੇ ਬੱਚਿਆਂ ਦੀ ਭੰਗੜਾ ਟੀਮ ਵਲੋਂ ਪੇਸ਼ ਕੀਤਾ ਗਿਆ। ਵਰੁਣ ਤਿਵਾੜੀ ਤੇ ਕਮਲਦੀਪ ਕੌਰ ਦੀ ਟੀਮ ਨੇ ਭੰਗੜੇ ਦੀ ਪੇਸ਼ਕਾਰੀ 'ਤੇ ਗੋਰਿਆਂ ਨੂੰ ਨੱਚਣ ਲਈ ਮਜਬੂਰ ਕੀਤਾ। ਪ੍ਰੋਗਰਾਮ ਦੇ ਅਖੀਰ 'ਚ ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਦੇ ਬੁਲਾਰੇ ਡਿੰਪੀ ਸੰਧੂ ਨੇ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਜ਼ਿਆਦਾ ਦੇਰ ਤੱਕ ਬੈਠੇ ਰਹਿਣ ਨਾਲ ਯਾਦਸ਼ਕਤੀ ਖਤਮ ਹੋਣ ਦਾ ਖਤਰਾ
NEXT STORY