ਚਿਆਂਗ ਰਾਈ (ਵਾਰਤਾ)— ਥਾਈਲੈਂਡ ਦੀ ਥਾਮ ਲੁਆਂਗ ਗੁਫਾ ਵਿਚ 2 ਹਫਤਿਆਂ ਤੋਂ ਵੱਧ ਸਮੇਂ ਤਕ ਫਸੇ ਰਹਿਣ ਤੋਂ ਬਾਅਦ ਸੁਰੱਖਿਅਤ ਕੱਢੇ ਗਏ ਫੁੱਟਬਾਲ ਟੀਮ ਦੇ ਸਾਰੇ 12 ਬੱਚਿਆਂ ਨੂੰ ਅਗਲੇ ਹਫਤੇ ਤਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਸਿਹਤ ਮੰਤਰੀ ਪਿਯਾਸਾਕੋਲ ਸਕੋਲਸੱਤਿਆਦੋਰਨ ਨੇ ਸ਼ਨੀਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫੁੱਟਬਾਲ ਟੀਮ ਦੇ ਸਾਰੇ 12 ਬੱਚਿਆਂ ਅਤੇ ਉਨ੍ਹਾਂ ਦਾ ਕੋਚ ਸਰੀਰਕ ਅਤੇ ਮਾਨਸਿਕ ਰੂਪ ਨਾਲ ਠੀਕ ਹੋ ਰਹੇ ਹਨ ਅਤੇ ਉਨ੍ਹਾਂ ਨੂੰ 19 ਜੁਲਾਈ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।
ਗੁਫਾ ਵਿਚ ਦੋ ਹਫਤਿਆਂ ਤੋਂ ਫਸੇ ਫੁੱਟਬਾਲ ਟੀਮ ਦੇ 4 ਬੱਚਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਮੰਗਲਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਤੋਂ ਪਹਿਲਾਂ 8 ਬੱਚਿਆਂ ਨੂੰ ਬਾਹਰ ਕੱਢਿਆ ਗਿਆ ਸੀ। ਇਸ ਤਰ੍ਹਾਂ ਥਾਮ ਲੁਆਂਗ ਗੁਫਾ ਵਿਚ ਫਸੇ 13 ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਜ਼ੋਖਮ ਭਰਿਆ ਮਿਸ਼ਨ ਸਫਲਤਾਪੂਰਵਕ ਨੇਪਰੇ ਚੜ੍ਹਿਆ, ਜਿਸ ਨੇ ਪੂਰੀ ਦੁਨੀਆ ਦਾ ਧਿਆਨ ਆਕਰਸ਼ਿਤ ਕੀਤਾ ਸੀ। ਇਸ ਸਾਹਸ ਅਤੇ ਖਤਰਨਾਕ ਭਰੀ ਮੁਹਿੰਮ ਵਿਚ ਕਈ ਦੇਸ਼ਾਂ ਦੇ ਗੋਤਾਖੋਰਾਂ ਨੇ ਹਿੱਸਾ ਲਿਆ ਸੀ।
ਜ਼ਿਕਰਯੋਗ ਹੈ ਕਿ 23 ਜੂਨ, 2018 ਨੂੰ ਫੁੱਟਬਾਲ ਮੈਚ ਦੇ ਅਭਿਆਸ ਮਗਰੋਂ ਫੁੱਟਬਾਲ ਟੀਮ ਦੇ 12 ਬੱਚੇ ਅਤੇ ਉਨ੍ਹਾਂ ਦਾ ਕੋਚ ਚਿਆਂਗ ਰਾਈ ਸੂਬੇ ਵਿਚ ਗੁਫਾ ਦੇਖਣ ਗਏ ਸਨ ਅਤੇ ਭਾਰੀ ਮੀਂਹ ਪੈਣ ਕਾਰਨ ਪਾਣੀ ਦਾ ਪੱਧਰ ਵੱਧ ਗਿਆ, ਜਿਸ ਕਾਰਨ ਉਹ ਗੁਫਾ ਵਿਚ ਫਸ ਗਏ ਸਨ। ਇਕ ਬ੍ਰਿਟਿਸ਼ ਗੋਤਾਖੋਰ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਥਾਈਲੈਂਡ ਦੀ ਜਲ ਸੈਨਾ ਨੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਸ਼ੁਰੂ ਕੀਤੀ। ਥਾਈਲੈਂਡ ਦੀ ਜਲ ਸੈਨਾ ਨੇ ਐਤਵਾਰ ਨੂੰ 4 ਬੱਚਿਆਂ, ਸੋਮਵਾਰ ਨੂੰ 4 ਬੱਚਿਆਂ ਅਤੇ ਮੰਗਲਵਾਰ ਨੂੰ 4 ਬੱਚਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਗੁਫਾ 'ਚੋਂ ਬਾਹਰ ਕੱਢਿਆ। ਹਾਲਾਂਕਿ ਥਾਈਲੈਂਡ ਫੌਜ ਦੇ ਇਕ ਸਾਬਕਾ ਕਮਾਂਡਰ ਦੀ ਗੁਫਾ ਵਿਚ ਬਚਾਅ ਮੁਹਿੰਮ ਦੌਰਾਨ ਆਕਸੀਜਨ ਦੀ ਕਮੀ ਕਾਰਨ 6 ਜੁਲਾਈ ਨੂੰ ਮੌਤ ਹੋ ਗਈ ਸੀ।
ਯੂ. ਕੇ. 'ਚ ਸੁਨਿਆਰੇ ਨੂੰ ਹੋਇਆ 30 ਹਜ਼ਾਰ ਪੌਂਡ ਦਾ ਜੁਰਮਾਨਾ
NEXT STORY