ਜਿਨੇਵਾ: ਕੋਰੋਨਾ ਮਹਾਮਾਰੀ ਦੇ ਚੱਲਦੇ ਭਾਰਤ, ਬ੍ਰਾਜ਼ੀਲ ਤੇ ਮੈਕਸੀਕੋ ਵਰਗੇ ਦੇਸ਼ਾਂ ਵਿਚ ਲੱਖਾਂ ਬੱਚੇ ਇਕ ਵਾਰ ਮੁੜ ਬਾਲ ਮਜ਼ਦੂਰੀ ਕਰਨ ਨੂੰ ਮਜਬੂਰ ਹੋ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਪਿਛਲੇ 20 ਸਾਲਾਂ ਦੌਰਾਨ ਬਾਲ ਮਜ਼ਦੂਰੀ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਚੁੱਕੇ ਗਏ ਕਦਮਾਂ ਨੂੰ ਗਹਿਰਾ ਝਟਕਾ ਲੱਗੇਗਾ।
ਆਈ.ਐੱਲ.ਓ. ਤੇ ਯੂਨੀਸੇਫ ਨੇ ਜਾਰੀ ਕੀਤੀ ਰਿਪੋਰਟ
ਦੱਸ ਦਈਏ ਕਿ 2011 ਦੀ ਮਰਦਮਸ਼ੁਮਾਰੀ ਮੁਤਾਬਕ ਭਾਰਤ ਵਿਚ 5 ਤੋਂ 14 ਸਾਲ ਦੀ ਉਮਰ ਦੇ ਇਕ ਕਰੋੜ ਤੋਂ ਵਧੇਰੇ ਬਾਲ ਮਜ਼ਦੂਰ ਹਨ ਤੇ ਪੰਜ ਤੋਂ 18 ਸਾਲ ਦੀ ਉਮਰ ਦੇ 11 ਵਿਚੋਂ ਇਕ ਬਾਲ ਮਜ਼ਦੂਰੀ ਕਰ ਰਿਹਾ ਹੈ। ਆਈ.ਐੱਲ.ਓ. 2016 ਦੇ ਅੰਕੜਿਆਂ ਮੁਤਾਬਕ ਦੁਨੀਆ ਵਿਚ 5 ਤੋਂ 17 ਸਾਲ ਦੇ 5 ਕਰੋੜ 20 ਲੱਖ ਤੋਂ ਵਧੇਰੇ ਬੱਚੇ ਕੰਮ ਕਰਦੇ ਹਨ ਤੇ ਇਨ੍ਹਾਂ ਵਿਚੋਂ 2 ਕਰੋੜ 38 ਲੱਖ ਭਾਰਤ ਵਿਚ ਹਨ। ਅੰਤਰਰਾਸ਼ਟਰੀ ਬਾਲ ਮਜ਼ਦੂਰੀ ਰੋਕ ਦਿਵਸ ਮੌਕੇ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (ਆਈ.ਐੱਲ.ਓ.) ਤੇ ਯੂਨੀਸੇਫ ਨੇ ਸ਼ੁੱਕਰਵਾਰ ਨੂੰ ਇਕ ਰਿਪੋਰਟ ਜਾਰੀ ਕੀਤੀ।
ਲੱਖਾਂ ਦੂਜੇ ਬੱਚੇ ਵੀ ਬਾਲ ਮਜ਼ਦੂਰੀ ਨੂੰ ਹੋ ਸਕਦੇ ਹਨ ਮਜਬੂਰ
'ਕੋਵਿਡ-19 ਐਂਡ ਚਾਈਲਡ ਲੇਬਰ: ਟਾਈਮ ਆਫ ਕ੍ਰਾਈਸਿਸ, ਏ ਟਾਈਮ ਟੂ ਐਕਟ' ਸਿਰਲੇਖ ਨਾਲ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਹਿਲਾਂ ਤੋਂ ਬਾਲ ਮਜ਼ਦੂਰੀ ਵਿਚ ਲੱਗੇ ਬੱਚੇ ਬੁਰੇ ਹਾਲਾਤਾਂ ਵਿਚ ਕੰਮ ਕਰ ਰਹੇ ਹਨ। ਜੇਕਰ ਮਹਾਮਾਰੀ ਦਾ ਇਹ ਦੌਰ ਜਾਰੀ ਰਿਹਾ ਤਾਂ ਲੱਖਾਂ ਹੋਰ ਬੱਚੇ ਵੀ ਬਾਲ ਮਜ਼ਦੂਰੀ ਨੂੰ ਮਜਬੂਰ ਹੋ ਸਕਦੇ ਹਨ। ਇਸ ਦਾ ਉਨ੍ਹਾਂ ਦੀ ਸਿਹਤ 'ਤੇ ਬਹੁਤ ਹੀ ਉਲਟ ਅਸਰ ਪਵੇਗਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬ੍ਰਾਜ਼ੀਲ ਵਿਚ ਮਹਾਮਾਰੀ ਦੇ ਚੱਲਦੇ ਨੌਕਰੀ ਗੁਆਉਣ ਵਾਲੇ ਮਾਤਾ-ਪਿਤਾ ਦੀ ਮਦਦ ਲਈ ਇਹ ਬੱਚੇ ਕੰਮ ਕਰਦੇ ਹਨ। ਇਹੀ ਹਾਲਾਤ ਗਵਾਟੇਮਾਲਾ, ਭਾਰਤ, ਮੈਕਸੀਕੋ ਤੇ ਯੂਨਾਈਟਿਡ ਰਿਪਬਲਿਕ ਆਫ ਤੰਜ਼ਾਨੀਆ ਦੇ ਹਨ।
ਸਕੂਲ ਬੰਦ ਹੋਣ ਨਾਲ ਵੀ ਵਧੀ ਬਾਲ ਮਜ਼ਦੂਰੀ
ਰਿਪੋਰਟ ਵਿਚ ਇਸ ਗੱਲ ਦੇ ਵੀ ਸੰਕੇਤ ਮਿਲਦੇ ਹਨ ਕਿ ਮਹਾਮਾਰੀ ਦੌਰਾਨ ਬੰਦ ਹੋਏ ਸਕੂਲਾਂ ਨਾਲ ਵੀ ਬਾਲ ਮਜ਼ਦੂਰੀ ਵਧੀ ਹੈ। ਮੰਨਿਆ ਜਾਂਦਾ ਹੈ ਕਿ ਸਕੂਲ ਬੰਦ ਹੋਣ ਨਾਲ 130 ਤੋਂ ਵਧੇਰੇ ਦੇਸ਼ਾਂ ਦੇ ਇਕ ਅਰਬ ਤੋਂ ਵਧੇਰੇ ਬੱਚਿਆਂ ਦੀ ਪੜਾਈ-ਲਿਖਾਈ ਪ੍ਰਭਾਵਿਤ ਹੋਈ ਹੈ। ਰਿਪੋਰਟ ਵਿਚ ਇਸ ਗੱਲ 'ਤੇ ਚਿੰਤਾ ਜਤਾਈ ਗਈ ਹੈ ਕਿ ਜਦੋਂ ਸਕੂਲ ਦੁਬਾਰਾ ਖੁੱਲ੍ਹਣਗੇ ਤਾਂ ਹੋ ਸਕਦਾ ਹੈ ਕਿ ਵਧੇਰੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਮੁੜ ਸਕੂਲ ਭੇਜਣ ਵਿਚ ਸਮਰਥ ਨਾ ਹੋਣ। ਕੁਝ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਗਰੀਬੀ ਵਿਚ ਇਕ ਫੀਸਦੀ ਦੇ ਵਾਧੇ ਨਾਲ ਕੁਝ ਦੇਸ਼ਾਂ ਵਿਚ ਬਾਲ ਮਜ਼ਦੂਰੀ ਵਿਚ ਘੱਟ ਤੋਂ ਘੱਟ 0.7 ਫੀਸਦੀ ਦਾ ਵਾਧਾ ਹੁੰਦਾ ਹੈ।
ਗਰੀਬਾਂ ਦੀ ਆਮਦਨ ਵਿਚ 38 ਅਰਬ ਰੁਪਏ ਦੀ ਕਮੀ
ਮਹਾਮਾਰੀ ਦੇ ਚੱਲਦੇ ਦੁਨੀਆ ਦੇ ਸਭ ਤੋਂ ਗਰੀਬ ਲੋਕਾਂ ਦੀ ਆਮਦਨ ਵਿਚ 38 ਅਰਬ ਰੁਪਏ ਦੀ ਕਮੀ ਆਈ ਹੈ, ਜਿਸ ਨਾਲ ਗਰੀਬਾਂ ਦੀ ਤਾਦਾਦ ਇਕ ਵਾਰ ਮੁੜ ਇਕ ਅਰਬ ਤੋਂ ਵਧੇਰੇ ਹੋਣਾ ਤੈਅ ਹੈ। ਲੰਡਨ ਦੇ ਕਿੰਗਸ ਕਾਲਜ ਤੇ ਆਸਟ੍ਰੇਲੀਆਈ ਨੈਸ਼ਨਲ ਯੂਨੀਵਰਸਿਟੀ ਵਲੋਂ ਕੀਤੇ ਗਏ ਇਕ ਅਧਿਐਨ ਤੋਂ ਪਤਾ ਲੱਗਿਆ ਕਿ ਮੱਧਮ ਆਮਦਨ ਵਾਲੇ ਵਿਕਾਸਸ਼ੀਲ ਦੇਸ਼ਾਂ ਵਿਚ ਗਰੀਬੀ ਦਾ ਪੱਧਰ ਤੇਜ਼ੀ ਨਾਲ ਵਧਿਆ ਹੈ। ਇਨ੍ਹਾਂ ਦੇਸ਼ਾਂ ਵਿਚ ਗਰੀਬੀ ਰੇਖਾ ਤੋਂ ਬਿਲਕੁੱਲ ਉੱਪਰ ਲੱਖਾਂ ਲੋਕ ਰਹਿੰਦੇ ਹਨ। ਬੰਗਲਾਦੇਸ਼, ਭਾਰਤ, ਇੰਡੋਨੇਸ਼ੀਆ, ਪਾਕਿਸਤਾਨ ਤੇ ਫਿਲਪੀਨਸ ਵਰਗੇ ਦੇਸ਼ਾਂ ਦਾ ਅਧਿਐਨ ਵਿਚ ਜ਼ਿਕਰ ਕੀਤਾ ਗਿਆ ਹੈ ਜਿਥੇ ਗਰੀਬੀ ਦਾ ਖਤਰਾ ਵਧੇਰੇ ਹੈ।
ਪਾਕਿ: ਫੌਜੀ ਹੈੱਡਕੁਆਰਟਰ ਨੇੜੇ ਬਾਜ਼ਾਰ 'ਚ ਬੰਬ ਧਮਾਕਾ, 1 ਦੀ ਮੌਤ 15 ਜ਼ਖਮੀ
NEXT STORY