ਨਵੀਂ ਦਿੱਲੀ - ਹਾਂਗ ਕਾਂਗ ਦੀ ਲੋਕਤੰਤਰ ਪੱਖੀ ਅਖਬਾਰ ਐਪਲ ਡੇਲੀ ਆਰਥਿਕ ਪਾਬੰਦੀਆਂ ਕਾਰਨ ਬੰਦ ਹੋ ਗਈ ਹੈ। ਫਿਰ ਵੀ ਲੋਕਤੰਤਰ ਦੇ ਹਮਾਇਤੀਆਂ ਨੇ ਉਮੀਦ ਨਹੀਂ ਛੱਡੀ। ਹਾਂਗ ਕਾਂਗ ਵਿਚ ਲੋਕਤੰਤਰ ਪੱਖੀ ਸਾਈਬਰ ਕਾਰਕੁਨਾਂ ਨੇ ਘੋਸ਼ਣਾ ਕੀਤੀ ਹੈ ਕਿ ਹਾਲਾਂਕਿ ਐਪਲ ਡੇਲੀ ਦਾ ਪ੍ਰਿੰਟ ਪ੍ਰਕਾਸ਼ਨ ਬੰਦ ਕਰ ਦਿੱਤਾ ਹੈ, ਪਰ ਇਹ ਬਲਾਕਚੇਨ ਪਲੇਟਫਾਰਮ 'ਤੇ ਪ੍ਰਕਾਸ਼ਤ ਹੁੰਦਾ ਰਹੇਗਾ। ਜੇ ਅਜਿਹਾ ਹੁੰਦਾ ਹੈ ਤਾਂ ਇਹ ਇਕ ਦਲੇਰਾਨਾ ਕਦਮ ਹੋਵੇਗਾ।
ਚੀਨ ਵਿਚ ਇੰਟਰਨੈੱਟ 'ਤੇ ਜਿਸ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਉਸੇ ਤਰ੍ਹਾਂ ਦੀਆਂ ਪਾਬੰਦੀਆਂ ਸ਼ਾਇਦ ਕੈਰੀ ਲੈਮ ਪ੍ਰਸ਼ਾਸਨ ਹਾਂਗ ਕਾਂਗ ਵਿਚ ਅਜਮਾਉਣ ਜਾ ਰਿਹਾ ਹੈ। ਹਾਂਗ ਕਾਂਗ ਸਰਕਾਰ ਦੇ ਇਸ ਕਦਮ 'ਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਐਪਲ ਡੇਲੀ ਦੀ ਮੁੱਢਲੀ ਕੰਪਨੀ ਨੈਕਸਟ ਡਿਜੀਟਲ ਲਿਮਟਿਡ ਦੇ ਡੇਵਿਡ ਵੈਬ ਨੇ ਕਿਹਾ ਹੈ ਕਿ ਤੇਜ਼ੀ ਨਾਲ ਪਛੜਣ ਵਾਲੀ ਹਾਂਗ ਕਾਂਗ ਦੀ ਆਰਥਿਕਤਾ ਵੱਲ ਧਿਆਨ ਦੀ ਜ਼ਰੂਰਤ ਹੈ, ਪਰ ਪ੍ਰਸ਼ਾਸਨ ਇਸ ਦੀ ਬਜਾਏ ਪੁਲਿਸ ਰਾਜ ਵਰਗਾ ਵਿਵਹਾਰ ਕਰ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਹਾਂਗ ਕਾਂਗ ਦੀ ਲੋਕਤੰਤਰ ਪੱਖੀ ਅਖਬਾਰ ਐਪਲ ਡੇਲੀ ਦਾ ਅੰਤਮ ਸੰਸਕਰਣ ਵੀਰਵਾਰ ਨੂੰ ਪ੍ਰਕਾਸ਼ਤ ਹੋਇਆ ਸੀ। ਜਿਸ ਦੀ ਤਸਵੀਰ ਤੁਸੀਂ ਉੱਪਰ ਵੇਖ ਸਕਦੇ ਹੋ। ਚੀਨ ਆਖਰਕਾਰ ਇੱਕ ਸਾਲ ਬਾਅਦ ਹਾਂਗ ਕਾਂਗ ਦੀ ਸਭ ਤੋਂ ਵੱਡੀ ਆਵਾਜ਼ ਅਤੇ ਲੋਕਤੰਤਰੀ ਪ੍ਰਣਾਲੀ ਦੇ ਸਭ ਤੋਂ ਵੱਡੇ ਥੰਮ ਨੂੰ ਢਾਹੁਣ ਵਿੱਚ ਕਾਮਯਾਬ ਹੋ ਗਿਆ ਹੈ। ਜਦੋਂ ਪਿਛਲੇ ਸਾਲ ਕੋਰੋਨਾ ਕਾਰਨ ਪੂਰੀ ਦੁਨੀਆ ਵਿਚ ਤਾਲਾਬੰਦੀ ਲਾਗੂ ਸੀ, ਉਸ ਵੇਲੇ ਚੀਨ ਨੇ ਹਾਂਗਕਾਂਗ ਵਿੱਚ ਰਾਸ਼ਟਰੀ ਸੁਰੱਖਿਆ ਐਕਟ ਲਾਗੂ ਕੀਤਾ ਸੀ। ਇਸ ਦੇ ਤਹਿਤ ਹਾਂਗ ਕਾਂਗ ਵਿੱਚ ਹਜ਼ਾਰਾਂ ਲੋਕਤੰਤਰੀ ਸਮਰਥਕਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ, ਜਿੰਨ੍ਹਾਂ ਵਿਚ ਲੋਕਤੰਤਰ ਦੇ ਮਜ਼ਬੂਤ ਸਮਰਥਕ ਅਤੇ ਹਾਂਗਕਾਂਗ ਦੀ ਮੀਡੀਆ ਦਾ ਸਭ ਤੋਂ ਵੱਡਾ ਚਿਹਰਾ ਜਿੰਮੀ ਲਾਈ ਵੀ ਸ਼ਾਮਲ ਸੀ। ਜਿੰਮੀ ਲਾਈ ਪਿਛਲੇ ਇਕ ਸਾਲ ਤੋਂ ਜੇਲ੍ਹ ਵਿੱਚ ਹਨ ਅਤੇ ਹੁਣ ਉਸਦਾ ਅਖਬਾਰ ਸਦਾ ਲਈ ਬੰਦ ਕਰ ਦਿੱਤਾ ਗਿਆ ਹੈ।
ਐਪਲ ਡੇਲੀ ਨੇ ਇੱਕ ਆਨਲਾਈਨ ਲੇਖ ਵਿੱਚ ਕਿਹਾ ਸੀ ਕਿ 'ਅਸੀਂ ਸਾਰੇ ਪਾਠਕਾਂ, ਗਾਹਕਾਂ, ਇਸ਼ਤਿਹਾਰ ਦੇਣ ਵਾਲਿਆਂ ਅਤੇ ਹਾਂਗ ਕਾਂਗ ਦੇ ਲੋਕਾਂ ਨੂੰ 26 ਸਾਲਾਂ ਦੇ ਅਥਾਹ ਪਿਆਰ ਅਤੇ ਸਹਾਇਤਾ ਲਈ ਧੰਨਵਾਦ ਕਰਦੇ ਹਾਂ। ਅਸੀਂ ਅਲਵਿਦਾ ਕਹਿਦੇ ਹਾਂ, ਆਪਣਾ ਖਿਆਲ ਰੱਖਣਾ।'
ਐਪਲ ਡੇਲੀ ਨੇ ਕਿਹਾ ਹੈ ਕਿ ਇਸਦੇ ਸੈਂਕੜੇ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਕਰੋੜਾਂ ਡਾਲਰ ਦੀ ਜਾਇਦਾਦ ਚੀਨੀ ਸਰਕਾਰ ਨੇ ਜ਼ਬਤ ਕਰ ਲਈ ਹੈ, ਇਸ ਲਈ ਅਖਬਾਰ ਨੂੰ ਬੰਦ ਕਰਨਾ ਪਿਆ ਹੈ। ਚੀਨ ਵਿਚ ਰਾਸ਼ਟਰੀ ਸੁਰੱਖਿਆ ਐਕਟ ਲਾਗੂ ਹੋਣ ਤੋਂ ਬਾਅਦ ਐਪਲ ਡੇਲੀ ਹੌਲੀ ਹੌਲੀ ਅਪਾਹਜ ਹੋ ਗਿਆ ਸੀ। ਲੋਕਤੰਤਰ ਪੱਖੀ ਰੈਲੀ ਵਿਚ ਹਿੱਸਾ ਲੈਣ ਤੋਂ ਪਹਿਲਾਂ ਹੀ ਅਖਬਾਰ ਦੇ ਸੰਸਥਾਪਕ ਜਿੰਮੀ ਲਾਈ ਨੂੰ ਜੇਲ੍ਹ ਵਿਚ ਬੰਦ ਰੱਖਿਆ ਗਿਆ ਸੀ।
ਇਸ ਤੋਂ ਬਾਅਦ ਅਖਬਾਰ ਦੇ ਪੰਜ ਚੋਟੀ ਦੇ ਸੰਪਾਦਕਾਂ ਅਤੇ ਅਧਿਕਾਰੀਆਂ 'ਤੇ ਇਕ ਹੀ ਤਰ੍ਹਾਂ ਦੇ ਅਪਰਾਧ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਇਲਾਵਾ ਐਪਲ ਡੇਲੀ ਦੇ ਦਫ਼ਤਰ 'ਤੇ ਵਾਰ ਵਾਰ ਛਾਪੇਮਾਰੀ ਕੀਤੀ ਗਈ। ਅਖਬਾਰ ਉੱਤੇ ਵਿਦੇਸ਼ੀ ਸਰਕਾਰਾਂ ਦਾ ਸਮਰਥਨ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। ਸੈਂਕੜੇ ਪੁਲਿਸ ਅਧਿਕਾਰੀ ਅਖਬਾਰ 'ਤੇ ਛਾਪੇਮਾਰੀ ਕਰਨ ਲਈ ਪਹੁੰਚਦੇ ਸਨ ਅਤੇ ਹਾਲ ਹੀ ਵਿਚ ਕੰਪਿਊਟਰਾਂ ਸਮੇਤ ਸਾਰੇ ਸਾਜ਼ੋ-ਸਮਾਨ ਪੁਲਿਸ ਮੁਲਾਜ਼ਮਾਂ ਨੇ ਅਖਬਾਰ ਦੇ ਦਫਤਰ ਤੋਂ ਲੈ ਕੇ ਚਲੇ ਗਏ।
ਯੂਐਸ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਇਸ ਨੂੰ ਮੀਡੀਆ ਦੀ ਆਜ਼ਾਦੀ ਲਈ ਦੁਖ਼ਦ ਦਿਨ ਕਿਹਾ ਹੈ। ਇਸ 'ਤੇ, ਚੀਨੀ ਸਰਕਾਰ ਨੇ ਕਿਹਾ ਹੈ ਕਿ ਹਾਂਗਕਾਂਗ ਪ੍ਰਸ਼ਾਸਨ ਸਿਰਫ ਹਾਂਗ ਕਾਂਗ , ਚੀਨ ਵਿਰੋਧੀ ਲੋਕਾਂ ਅਤੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਬਣ ਚੁੱਕੇ ਲੋਕਾਂ ਉੱਤੇ ਕਾਰਵਾਈ ਕਰ ਰਿਹਾ ਹੈ।
ਇਹ ਵੀ ਪੜ੍ਹੋ :
ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਮਰੀਕਾ ਨਾਲ ‘ਸੱਭਿਅਕ’ ਤੇ ‘ਬਰਾਬਰੀ’ ਵਾਲਾ ਰਿਸ਼ਤਾ ਚਾਹੁੰਦੈ ਪਾਕਿ, ਜਿਵੇਂ ਹੈ ਭਾਰਤ ਤੇ ਬਿ੍ਰਟੇਨ ਦਾ : ਇਮਰਾਨ
NEXT STORY