ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਦੇਸ਼ ਨੂੰ ਅਰਾਜਕਤਾ ਤੋਂ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਚੋਣਾਂ ਜਲਦੀ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣ। ਖਾਨ ਨੇ ਚੇਤਾਵਨੀ ਦਿੱਤੀ ਕਿ ਦੇਸ਼ ਦੀ ਆਰਥਿਕ ਸਥਿਤੀ ਤੇਜ਼ੀ ਨਾਲ ਵਿਗੜ ਰਹੀ ਹੈ ਅਤੇ ਅਜਿਹੇ ਪੱਧਰ 'ਤੇ ਪਹੁੰਚ ਸਕਦੀ ਹੈ ਜਿੱਥੋਂ ਵਾਪਸ ਆਉਣਾ ਸੰਭਵ ਨਹੀਂ ਹੋਵੇਗਾ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਮੁਖੀ ਨੇ ਵੀਰਵਾਰ ਨੂੰ ਇੱਕ ਵੀਡੀਓ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਸਰਕਾਰ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਪਿਛਲੇ ਪੰਜ ਮਹੀਨਿਆਂ ਦੌਰਾਨ ਉਨ੍ਹਾਂ ਦਾ ਸ਼ਾਸਨ ਨਿਰਾਸ਼ ਕਰਨ ਵਾਲਾ ਰਿਹਾ ਹੈ। ਉਨ੍ਹਾਂ ਕਿਹਾ, "ਦੇਸ਼ ਨੂੰ ਅਰਾਜਕਤਾ ਵਿੱਚ ਜਾਣ ਤੋਂ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਜਲਦੀ ਅਤੇ ਪਾਰਦਰਸ਼ੀ ਚੋਣਾਂ ਕਰਵਾਈਆਂ ਜਾਣ... ਜੇਕਰ ਚੋਣਾਂ ਨਾ ਕਰਵਾਈਆਂ ਗਈਆਂ ਤਾਂ ਹਾਲਾਤ ਕਾਬੂ ਤੋਂ ਬਾਹਰ ਹੋ ਜਾਣਗੇ।" ਖਾਨ ਨੇ ਕਿਹਾ ਕਿ ਸਿਰਫ਼ ਸਿਆਸੀ ਸਥਿਰਤਾ ਹੀ ਆਰਥਿਕਤਾ ਨੂੰ ਸਥਿਰ ਕਰ ਸਕਦੀ ਹੈ। ਉਨ੍ਹਾਂ ਕਿਹਾ, "ਸਾਨੂੰ ਦੇਸ਼ ਨੂੰ ਇਸ ਨਾਜ਼ੁਕ ਸਥਿਤੀ ਤੋਂ ਬਾਹਰ ਕੱਢਣਾ ਪਵੇਗਾ... ਉਹ (ਸਰਕਾਰ) ਤੇਜ਼ੀ ਨਾਲ ਦੇਸ਼ ਨੂੰ ਅਰਾਜਕਤਾ ਵੱਲ ਧੱਕ ਰਹੇ ਹਨ।"
ਸਾਬਕਾ ਪ੍ਰਧਾਨ ਮੰਤਰੀ ਮੌਜੂਦਾ ਸਰਕਾਰ ਦੇ ਇਨ੍ਹਾਂ ਦੋਸ਼ਾਂ 'ਤੇ ਪ੍ਰਤੀਕਿਰਿਆ ਦੇ ਰਹੇ ਸਨ ਕਿ ਖਾਨ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਨੇ ਸਥਿਤੀ ਨੂੰ ਖ਼ਰਾਬ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਡਿੱਗ ਗਈ ਸੀ ਤਾਂ ਆਰਥਿਕ ਸਥਿਤੀ ਠੀਕ ਸੀ। ਖਾਨ ਨੇ ਦਾਅਵਾ ਕੀਤਾ ਕਿ ਵਿਸ਼ਵਵਿਆਪੀ ਮਹਿੰਗਾਈ ਸਮੇਤ ਬੇਮਿਸਾਲ ਚੁਣੌਤੀਆਂ ਦੇ ਬਾਵਜੂਦ, ਉਨ੍ਹਾਂ ਨੇ ਤੇਲ ਦੀਆਂ ਕੀਮਤਾਂ ਅਤੇ ਬਿਜਲੀ ਦਰਾਂ ਵਿੱਚ ਕਟੌਤੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸ਼ਾਸਨਕਾਲ ਦੌਰਾਨ ਨਿਰਯਾਤ 24 ਅਰਬ ਡਾਲਰ ਤੋਂ ਵਧ ਕੇ 32 ਅਰਬ ਡਾਲਰ ਹੋ ਗਿਆ ਅਤੇ ਪ੍ਰਵਾਸੀਆਂ ਵੱਲੋਂ ਭੇਜੇ ਜਾਣ ਵਾਲੇ ਪੈਸੇ ਵੀ 19 ਅਰਬ ਡਾਲਰ ਤੋਂ ਵੱਧ ਕੇ 31 ਅਰਬ ਡਾਲਰ ਹੋ ਗਏ ਸਨ, ਜਿਸ ਨਾਲ ਵਿੱਤੀ ਘਾਟੇ ਨੂੰ ਘਟਾਉਣ ਵਿੱਚ ਮਦਦ ਮਿਲੀ। ਖਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 16 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਛੱਡ ਕੇ ਗਈ ਸੀ, ਜੋ ਹੁਣ ਘੱਟ ਕੇ 8 ਅਰਬ ਡਾਲਰ ਰਹਿ ਗਿਆ ਹੈ। ਖਾਨ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਪਾਰਟੀ ਅਤੇ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਖ਼ਿਲਾਫ਼ ਅੱਤਵਾਦ ਦੇ ਦੋਸ਼ਾਂ ਸਮੇਤ ਹੋਰ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ।
ਚੀਨ ਨੂੰ ਨਹੀਂ ਮਿਲੀ ਬ੍ਰਿਟਿਸ਼ ਮਹਾਰਾਣੀ ਦੇ 'ਲਾਈਂਗ ਇਨ ਸਟੇਟ' ਪ੍ਰੋਗਰਾਮ 'ਚ ਦਾਖਲ ਹੋਣ ਦੀ ਇਜਾਜ਼ਤ
NEXT STORY