ਹੈਲੀਫੈਕਸ- ਵੀਰਵਾਰ ਸਵੇਰੇ ਮੈਰੀਟਾਈਮਜ਼ 'ਚ ਤੂਫਾਨ ਕਾਰਨ ਜਨ-ਜੀਵਨ ਠੱਪ ਹੋ ਗਿਆ। ਤੂਫਾਨ ਦੌਰਾਨ 130 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ। ਇਸ ਦੌਰਾਨ ਸਕੂਲ ਬੰਦ ਕਰ ਦਿੱਤੇ ਗਏ, ਫੈਰੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਬਿਜਲੀ ਸਪਲਾਈ ਵੀ ਠੱਪ ਹੋ ਗਈ।
ਵੀਰਵਾਰ ਸਵੇਰੇ ਜਦੋਂ ਨੋਵਾ ਸਕੋਸ਼ੀਆ, ਪੀ. ਈ. ਆਈ. ਅਤੇ ਨਿਊ ਬਰੰਜ਼ਵਿੱਕ ਦੇ ਹਜ਼ਾਰਾਂ ਲੋਕ ਸੌਂ ਕੇ ਉੱਠੇ ਤਾਂ ਬਾਹਰ ਹਨ੍ਹੇਰਾ ਸੀ। ਸਾਰੀ ਰਾਤ ਤੇ ਸਵੇਰ ਸਮੇਂ ਇਸ ਖਿੱਤੇ 'ਚ ਤੇਜ ਹਵਾਵਾਂ ਚੱਲਦੀਆਂ ਰਹੀਆਂ। ਇੱਕ ਵਿਅਕਤੀ ਨੇ ਟਵਿੱਟਰ 'ਤੇ ਮਜ਼ਾਕ ਨਾਲ ਲਿਖਿਆ “ਅੱਜ ਮੈਰੀਟਾਈਮਜ ਬੰਦ ਹੈ। ਫਿਰ ਫੋਨ ਕਰਿਓ।” ਐਨਵਾਇਰਮੈਂਟ ਕੈਨੇਡਾ ਦੇ ਮੌਸਮ ਵਿਗਿਆਨੀ ਇਆਨ ਹਬਰਡ ਨੇ ਆਖਿਆ ਕਿ ਤੂਫਾਨ ਤੇਜੀ ਨਾਲ ਅੱਗੇ ਵੱਧ ਰਿਹਾ ਹੈ ਜਿਹੜਾ ਕਿ ਜਲਦੀ ਹੀ ਨੋਵਾ ਸਕੋਸ਼ੀਆ ਨੂੰ ਪਾਰ ਕਰਕੇ ਸੇਂਟ ਲਾਰੈਂਸ ਦੀ ਖਾੜੀ ਵੱਲ ਚਲਾ ਜਾਵੇਗਾ।
ਐਨੇ ਘੱਟ ਸਮੇਂ 'ਚ ਇਸ ਦਾ ਐਨਾ ਖਤਰਨਾਕ ਰੂਪ ਕਾਫੀ ਤਬਾਹਕੁੰਨ ਮੰਨਿਆ ਜਾ ਰਿਹਾ ਹੈ। ਸੱਭ ਤੋਂ ਵੱਧ ਨੁਕਸਾਨ ਨੋਵਾ ਸਕੋਸੀਆ ਨੂੰ ਹੋਇਆ ਮੰਨਿਆ ਜਾ ਰਿਹਾ ਹੈ। ਇੱਥੋਂ ਦੇ 24000 ਲੋਕ ਬਿਜਲੀ ਸਪਲਾਈ ਤੋਂ ਵਾਂਝੇ ਹੋ ਗਏ ਹਨ। ਹੈਲੀਫੈਕਸ 'ਚ ਤੇਜ਼ ਹਵਾਵਾਂ ਕਾਰਨ ਮੈਕੇਅ ਬ੍ਰਿੱਜ ਬੰਦ ਕਰਨਾ ਪਿਆ। ਕੇਪ ਬ੍ਰੈਟਨ ਦੇ ਕਈ ਸਕੂਲਾਂ ਤੇ ਡਾਰਟਮਾਊਥ ਵਿੱਚ ਨੋਵਾ ਸਕੋਸ਼ੀਆ ਕਮਿਊਨਿਟੀ ਕਾਲਜ ਨੂੰ ਵੀ ਬਿਜਲੀ ਠੱਪ ਹੋਣ ਕਾਰਨ ਬੰਦ ਕਰਨਾ ਪਿਆ।
ਤੂਫਾਨ ਕਾਰਨ ਨੋਵਾ ਸਕੋਸੀਆ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਵੀ ਪਿਆ। ਬੈਕਾਰੋ ਪੁਆਇੰਟ 'ਤੇ 54.9 ਮਿਲੀਮੀਟਰ ਮੀਂਹ ਪਿਆ, ਜਿਸ ਦੌਰਾਨ ਕਾਫੀ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਆਵਾਜਾਈ ਠੱਪ ਹੋ ਗਈ ਹੈ। ਹੁਣ ਇਹ ਤੂਫਾਨ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਉੱਤਰ ਵੱਲ ਵੱਧ ਰਿਹਾ ਹੈ।
ਡੋਨਾਲਡ ਟਰੰਪ ਭਾਰਤ 'ਚ ਗੱਡਣਗੇ ਝੰਡੇ, ਸ਼ੁਰੂ ਹੋਇਆ ਇਹ ਪ੍ਰਾਜੈਕਟ
NEXT STORY