ਸਿਡਨੀ/ਕੈਨਬਰਾ (ਸਨੀ ਚਾਂਦਪੁਰੀ):- ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕੀਤਾ ਕਤਲ ਪੂਰੀ ਦੁਨੀਆ ਵਿੱਚ ਨਿੰਦਿਆ ਜਾ ਰਿਹਾ ਹੈ। ਪੰਜਾਬ ਦੇ ਪੁੱਤ ਨੂੰ ਇਸ ਤਰ੍ਹਾਂ ਦਿਨ ਦਿਹਾੜੇ ਮਾਰ ਦੇਣ ਨਾਲ ਸਮੁੱਚੀ ਮਿਊਜ਼ਿਕ ਇੰਡਸਟਰੀ ਅਤੇ ਉਹਨਾਂ ਦੇ ਚਾਹੁਣ ਵਾਲੇ ਸਦਮੇ ਵਿੱਚ ਹਨ। ਸਿੱਧੂ ਮੂਸੇਵਾਲਾ ਦੀ ਆਤਮਾ ਦੀ ਸ਼ਾਂਤੀ ਲਈ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਗੁਰੂ ਘਰ ਵਿੱਚ ਅਰਦਾਸ ਕਰਵਾਈ ਗਈ ਅਤੇ ਕੈਂਡਲ ਜਗਾ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸਾਰੇ ਹੀ ਭਾਈਚਾਰੇ ਦੇ ਲੋਕ ਗੁਰੂ ਘਰ ਵਿੱਚ ਪਹੁੰਚੇ ਅਤੇ ਉਹਨਾਂ ਸਿੱਧੂ ਮੂਸੇਵਾਲਾ, ਦੀਪ ਸਿੱਧੂ ਅਤੇ ਸੰਦੀਪ ਨੰਗਲ ਅੰਬੀਆਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।
ਇਸ ਮੌਕੇ ਗਿਆਨੀ ਸੰਤੋਖ ਸਿੰਘ ਨੇ ਕਿਹਾ ਕਿ ਸਾਡੀ ਪੰਜਾਬ ਦੀ ਜਵਾਨੀ ਸਿਰ ਉੱਚਾ ਕਰ ਕੇ ਤੁਰਨਾ ਚਾਹੁੰਦੀ ਹੈ ਪਰ ਉਹਨਾਂ ਦੀ ਆਵਾਜ਼ ਨੂੰ ਦੱਬ ਦਿੱਤਾ ਜਾਂਦਾ ਹੈ ਪਰ ਇਹ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਦੇ ਨੌਜਵਾਨ ਬੇਪਰਵਾਹ ਅਤੇ ਮੌਤ ਨੂੰ ਮਖੌਲ ਕਰਦੇ ਹਨ ਨਾ ਇਹ ਡਰੇ ਹਨ ਅਤੇ ਨਾ ਕਦੇ ਡਰਨਗੇ। ਗੁਰਦੁਆਰਾ ਕੈਨਬਰਾ ਸਾਹਿਬ ਦੇ ਪ੍ਰਧਾਨ ਸਰਦਾਰ ਸਤਨਾਮ ਸਿੰਘ ਦਬਰੀਖਾਨਾ ਨੇ ਕਿਹਾ ਕਿ ਅਸੀਂ ਹੀਰਿਆਂ ਦੀ ਕਦਰ ਪਹਿਲਾਂ ਨਹੀਂ ਜਾਣਦੇ ਬਾਅਦ ਵਿੱਚ ਪਛਤਾਉਂਦੇ ਹਾਂ ਕਿ ਅਸੀਂ ਹੀਰਾ ਗਵਾ ਲਿਆ। ਅਸੀਂ ਜਿਉਂਦਿਆਂ ਦੀ ਕਦਰ ਕਰਨੀ ਸਿੱਖੀਏ।
ਭਾਈਚਾਰੇ ਦੇ ਲੀਡਰ ਕਮਲਜੀਤ ਸਿੰਘ ਕੈਮੀ ਨੇ ਕਿਹਾ ਕਿ ਪਿਛਲੇ ਥੋੜ੍ਹੇ ਸਮੇਂ ਵਿੱਚ ਹੀ ਪੰਜਾਬ ਵਿੱਚ ਤਿੰਨ ਵੱਡੇ ਹਾਦਸੇ ਹੋਏ ਹਨ, ਜ਼ਿਹਨਾਂ ਦੀ ਮਾਰ ਪੰਜਾਬ ਦੀ ਸੋਚ, ਲਿਖਤ ਅਤੇ ਖੇਡ ਨੂੰ ਲਹੂ ਡੋਲ ਕੇ ਝੱਲਣੀ ਪਈ ਹੈ। ਉਹਨਾਂ ਕਿਹਾ ਕਿ ਜੇਕਰ ਸੋਚ, ਲਿਖਤ ਅਤੇ ਖੇਡ ਨੂੰ ਖ਼ਤਮ ਕਰਕੇ ਉਹਨਾਂ ਦੇ ਲਹੂ ਨਾਲ ਤੁਸੀਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹੋ ਤਾਂ ਸਾਨੂੰ ਇਹ ਲਹੂ ਰੰਗਾ ਪੰਜਾਬ ਨਹੀਂ ਚਾਹੀਦਾ ਇਹੋ ਜਿਹਾ ਪੰਜਾਬ। ਕੇਵਿਨ ਰਾਣਾ ਨੇ ਕਿਹਾ ਕਿ ਸਾਰੇ ਭਾਈਚਾਰੇ ਆਪਸ ਵਿੱਚ ਰਲ ਮਿਲ ਕੇ ਰਹਿਣ ਅਤੇ ਆਪਣੇ ਵਿੱਚ ਨਫ਼ਰਤ ਫੈਲਾਉਣੀ ਬੰਦ ਕਰੀਏ।
ਪੜ੍ਹੋ ਇਹ ਅਹਿਮ ਖ਼ਬਰ- ਸਿੱਧੂ ਮੂਸੇਵਾਲਾ ਦੇ ਕਤਲ ਦਾ ਫ਼ਾਇਦਾ ਉਠਾ ਰਿਹਾ ਪਾਕਿਸਤਾਨ, ਸੋਸ਼ਲ ਮੀਡੀਆ 'ਤੇ ਭਾਰਤ ਖ਼ਿਲਾਫ਼ ਕਰ ਰਿਹਾ ਪ੍ਰਚਾਰ
ਕੁਈਂਜਲੈਂਡ ਪੁਲਸ ਸਟੇਸ਼ਨ ਦੇ ਸੀਨੀਅਰ ਕਾਂਸਟੇਬਲ ਸਰਬਜੀਤ ਸਿੰਘ ਸੈਮੀ ਨੇ ਕਿਹਾ ਕਿ ਸਾਡੇ ਭਾਈਚਾਰੇ ਨੂੰ ਇੱਕਜੁੱਟ ਰਹਿਣਾ ਚਾਹੀਦਾ ਹੈ। ਜਿਹੜਾ ਇਨਸਾਨ ਆਪਣੀ ਮਿਹਨਤ ਨਾਲ ਆਪਣਾ ਅਤੇ ਆਪਣੇ ਭਾਈਚਾਰੇ ਦਾ ਨਾਮ ਰੌਸ਼ਨ ਕਰਦਾ ਹੈ ਉਸਦੀ ਹੌਂਸਲਾ ਵਧਾਵੋ। ਭਾਈ ਬਚਿੱਤਰ ਸਿੰਘ ਨੇ ਕਿਹਾ ਕਿ ਸਿੰਧੂ ਮੂਸੇਵਾਲਾ, ਦੀਪ ਸਿੱਧੂ ਅਤੇ ਸੰਦੀਪ ਨੰਗਲ ਅੰਬੀਆਂ ਜਿਹੇ ਨੌਜਵਾਨਾਂ 'ਤੇ ਸਾਨੂੰ ਮਾਣ ਹੈ ਜ਼ਿਹਨਾਂ ਆਪਣੇ ਖੇਤਰ ਵਿੱਚ ਆਪਣੇ ਹੁਨਰ ਦਾ ਲੋਹਾ ਮਨਵਾਇਆ ਅਤੇ ਪੰਜਾਬੀਆਂ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕੀਤਾ। ਉਹਨਾਂ ਕਿਹਾ ਕਿ ਇਹੋ ਜਿਹੇ ਨੌਜਵਾਨਾਂ ਨੂੰ ਨਾ ਗਵਾਓ ਸਗੋਂ ਉਹਨਾਂ ਦਾ ਸਾਥ ਦਵੋ। ਇਸ ਮੌਕੇ ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਪਹੁੰਚੇ ਹੋਏ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਦਾ ਓਹੀਓ ਸੂਬਾ ਅਧਿਆਪਕਾਂ ਨੂੰ ਸਕੂਲਾਂ 'ਚ 'ਬੰਦੂਕਾਂ' ਲਿਜਾਣ ਦੀ ਦੇਵੇਗਾ ਇਜਾਜ਼ਤ
NEXT STORY