ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਭਾਰਤ ਨੂੰ ਵੀਰਵਾਰ ਨੂੰ ਕਿਹਾ ਕਿ ਉਹ ਕਸ਼ਮੀਰ ਵਿਚ ਰਾਜਨੀਤਕ ਅਤੇ ਆਰਥਿਕ ਸਥਿਤੀ ਸਧਾਰਨ ਕਰਨ ਦਾ ਖਾਕਾ ਪੇਸ਼ ਕਰੇ। ਇਸ ਦੇ ਨਾਲ ਹੀ ਜਲਦੀ ਤੋਂ ਜਲਦੀ ਰਾਜਨੀਤਕ ਕੈਦੀਆਂ ਨੂੰ ਰਿਹਾਅ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਇਲਾਵਾ ਅਮਰੀਕਾ ਨੇ ਪਾਕਿਸਤਾਨ ਨੂੰ ਵੀ ਆਪਣੇ ਖੇਤਰ ਵਿਚ ਅੱਤਵਾਦੀਆਂ ਵਿਰੁੱਧ ਲਗਾਤਾਰ ਅਤੇ ਸਥਿਰ ਕਦਮ ਚੁੱਕਣ ਲਈ ਕਿਹਾ ਹੈ। ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਖਤਮ ਕਰਨ ਦੇ ਫੈਸਲੇ ਦੇ ਮੱਦੇਨਜ਼ਰ ਰਾਜ ਦੇ ਕਈ ਵੱਖਵਾਦੀ ਨੇਤਾਵਾਂ ਨੂੰ ਹਿਰਾਸਤ ਵਿਚ ਲਿਆ ਸੀ। ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਜਿਹੇ ਸਾਬਕਾ ਮੁੱਖ ਮੰਤਰੀ ਸਮੇਤ ਕਈ ਮੁੱਖ ਧਾਰਾ ਦੇ ਨੇਤਾ ਨਜ਼ਰਬੰਦ ਹਨ।
ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੀ ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਐਲਿਸ ਜੀ ਵੇਲਜ਼ ਨੇ ਕਿਹਾ,''ਅਸੀਂ ਰੋਜ਼ਾਨਾ ਦੀਆਂ ਸੇਵਾਵਾਂ ਦੇ ਪੂਰੀ ਤਰ੍ਹਾਂ ਬਹਾਲ ਹੋਣ ਤੱਕ ਲਗਾਤਾਰ ਦਬਾਅ ਬਣਾਉਣਾ ਜਾਰੀ ਰੱਖਾਂਗੇ ਪਰ ਸਭ ਤੋਂ ਵੱਧ ਜ਼ਰੂਰੀ ਰਾਜਨੀਤਕ ਅਤੇ ਆਰਥਿਕ ਸਥਿਤੀ ਸਧਾਰਨ ਕਰਨ ਲਈ ਖਾਕਾ ਤਿਆਰ ਕਰਨਾ ਹੈ।'' ਵਿਦਸ਼ ਮੰਤਰਾਲੇ ਦੇ 'ਫੌਗੀ ਵਾਟਮ ਹੈੱਡਕੁਆਰਟਰ' ਵਿਚ ਵੇਲਜ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਘਾਟੀ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹੈ ਜਿੱਥੇ ਕਰੀਬ 80 ਲੱਖ ਸਥਾਨਕ ਲੋਕਾਂ ਦਾ ਜੀਵਨ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲੈਣ ਅਤੇ ਸਿਆਸਤਦਾਨਾਂ ਨੂੰ ਬਿਨਾਂ ਕਾਰਨ ਹਿਰਾਸਤ ਵਿਚ ਲੈਣ ਅਤੇ ਸੰਚਾਰ ਪਾਬੰਦੀਆਂ ਦੇ ਕਾਰਨ ਪ੍ਰਭਾਵਿਤ ਹਨ।
ਉਨ੍ਹਾਂ ਨੇ ਕਿਹਾ,''ਅਸੀਂ ਥੋੜ੍ਹੀ ਤਰੱਕੀ ਦੇਖੀ ਹੈ ਜਿਵੇਂ ਕਿ ਕਰੀਬ 40 ਲੱਖ ਮੋਬਾਈਲ ਫੋਨ 'ਤੇ ਪੋਸਟਪੇਡ ਸੇਵਾਵਾਂ ਬਹਾਲ ਹੋਈਆਂ ਹਨ ਪਰ ਐੱਸ.ਐੱਮ.ਐੱਸ. ਅਤੇ ਇੰਟਰਨੈੱਟ ਸੇਵਾਵਾਂ 'ਤੇ ਹਾਲੇ ਵੀ ਪਾਬੰਦੀ ਹੈ।'' ਵੇਲਜ਼ ਨੇ ਕਸ਼ਮੀਰ ਦੀ ਸਥਿਤੀ 'ਤੇ ਨਜ਼ਰ ਬਣਾਈ ਰੱਖਣ ਲਈ ਮੀਡੀਆ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਪੱਤਰਕਾਰਾਂ ਦੀ ਭੂਮਿਕਾ ਵਿਸ਼ੇਸ਼ ਰੂਪ ਨਾਲ ਮਹੱਤਵਪੂਰਨ ਹੈ ਪਰ ਸੁਰੱਖਿਆ ਪਾਬੰਦੀਆਂ ਕਾਰਨ ਪੱਤਰਕਾਰਾਂ ਨੂੰ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੇਲਜ਼ ਨੇ ਕਿਹਾ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਹਿਜ਼ਬੁੱਲ ਮੁਜਾਹਿਦੀਨ ਵਰਗੇ ਗਿਰੋਹ ਨਿਸ਼ਚਿਤ ਤੌਰ 'ਤੇ ਪਰੇਸ਼ਾਨੀ ਦਾ ਕਾਰਨ ਹਨ।
ਉਨ੍ਹਾਂ ਨੇ ਕਿਹਾ,''ਇਸ ਸਿਲਸਿਲੇ ਵਿਚ ਅਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਤੰਬਰ ਵਿਚ ਆਏ ਉਸ ਬਿਆਨ ਦਾ ਸਵਾਗਤ ਕਰਦੇ ਹਾਂ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਕਸ਼ਮੀਰ ਵਿਚ ਹਿੰਸਾ ਕਰਨ ਲਈ ਪਾਕਿਸਤਾਨ ਤੋਂ ਲੰਘਣ ਵਾਲਾ ਹਰੇਕ ਸ਼ਖਸ ਪਾਕਿਸਤਾਨੀਆਂ ਅਤੇ ਕਸ਼ਮੀਰੀਆਂ ਦੋਹਾਂ ਦਾ ਦੁਸ਼ਮਣ ਹੋਵੇਗਾ।'' ਵੇਲਜ਼ ਨੇ ਕਿਹਾ,''ਭਾਰਤ ਅਤੇ ਪਾਕਿਸਤਾਨ ਦੇ ਵਿਚ ਅਸੀਂ ਰਚਨਾਤਮਕ ਗੱਲਬਾਤ ਦੇਖਣਾ ਚਾਹਾਂਗੇ ਜੋ ਕਿ ਪਾਕਿਸਤਾਨ ਦੇ ਉਸ ਦੇ ਖੇਤਰ ਵਿਚ ਅੱਤਵਾਦੀਆਂ ਵਿਰੁੱਧ ਲਗਾਤਾਰ ਅਤੇ ਸਥਿਰ ਕਦਮਾਂ 'ਤੇ ਆਧਾਰਿਤ ਹੋਣੀ ਚਾਹੀਦੀ ਹੈ।''
ਇਸ ਵਿਚ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਕ ਵਾਰ ਫਿਰ ਕਿਹਾ ਕਿ ਜੇਕਰ ਦੋਵੇਂ ਦੇਸ਼ ਚਾਹੁਣ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਅਤੇ ਪਾਕਿਸਤਾਨ ਵਿਚ ਕਸ਼ਮੀਰ ਮਾਮਲੇ 'ਤੇ ਵਿਚੋਲਗੀ ਕਰਨ ਲਈ ਤਿਆਰ ਹਨ। ਸੀਨੀਅਰ ਅਧਿਕਾਰੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ,''ਟਰੰਪ ਨਿਸ਼ਚਿਤ ਤੌਰ 'ਤੇ ਵਿਚੋਲਗੀ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ ਜੇਕਰ ਦੋਵੇਂ ਦੇਸ਼ ਚਾਹੁਣ। ਬਾਹਰੀ ਮਦਦ ਲੈਣ ਦਾ ਫੈਸਲਾ ਭਾਰਤ ਦਾ ਹੋਵੇਗਾ।''
ਇਸ ਦੇਸ਼ ਨੇ ਬਣਾਇਆ ਜਿਹਾਦੀਆਂ ਦੀ ਨਾਗਰਿਕਤਾ ਰੱਦ ਕਰਨ ਦਾ ਕਾਨੂੰਨ
NEXT STORY