ਅਜੇ ਤੱਕ ਦੁਨੀਆ ਦੀ ਫੈਕਟਰੀ ਬਣਿਆ ਚੀਨ ਪੂਰੀ ਦੁਨੀਆ ਨੂੰ ਆਪਣੇ ਦੇਸ਼ ’ਚ ਬਣਿਆ ਸਾਮਾਨ ਸਪਲਾਈ ਕਰ ਰਿਹਾ ਸੀ, ਜਿਸ ਨਾਲ ਉਹ ਵਿਦੇਸ਼ੀ ਮੁਦਰਾ ਕਮਾ ਕੇ ਆਪਣਾ ਖਜ਼ਾਨਾ ਭਰ ਰਿਹਾ ਸੀ ਪਰ ਸਾਲ 2019 ’ਚ ਆਈ ਕੋਰੋਨਾ ਮਹਾਮਾਰੀ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਚੀਨ ਨੇ ਜੋ ਕੋਰੋਨਾ ਪੂਰੀ ਦੁਨੀਆ ਨੂੰ ਸੌਗਾਤ ਦੇ ਰੂਪ ’ਚ ਦਿੱਤਾ, ਉਸ ਨੇ ਪੂਰੀ ਦੁਨੀਆ ’ਚ ਜਾਨ ਅਤੇ ਮਾਲ ਦਾ ਜਿੰਨਾ ਨੁਕਸਾਨ ਕੀਤਾ ਉਹੋ ਜਿਹਾ ਨੁਕਸਾਨ ਦੁਨੀਆ ਨੇ ਪਿਛਲੇ 100 ਸਾਲਾਂ ’ਚ ਵੀ ਨਹੀਂ ਦੇਖਿਆ ਸੀ।
ਕੋਰੋਨਾ ਕਾਲ ਦੇ ਬਾਅਦ ਤੋਂ ਚੀਨ ’ਚ ਕੰਮ ਕਰ ਰਹੀਆਂ ਕਈ ਵੱਡੀਆਂ ਵਿਦੇਸ਼ੀ ਕੰਪਨੀਆਂ ਹੁਣ ਚੀਨ ਨੂੰ ਛੱਡ ਕੇ ਜਾ ਰਹੀਆਂ ਹਨ। ਦਰਅਸਲ ਇਹ ਸਭ ਕੁਝ ਸਿਰਫ ਕੋਰੋਨਾ ਦੇ ਕਾਰਨ ਨਹੀਂ ਹੋ ਰਿਹਾ ਹੈ, ਸਗੋਂ ਇਹ ਹੋ ਰਿਹਾ ਹੈ ਚੀਨ ਦੇ ਤਾਨਾਸ਼ਾਹ ਸ਼ੀ ਜਿਨਪਿੰਗ ਦੀਆਂ ਗਲਤ ਨੀਤੀਆਂ ਦੇ ਕਾਰਨ। ਕੋਰੋਨਾ ਕਾਲ ਦੇ ਬਾਅਦ ਚੀਨ ਨੂੰ ਅਜੇ ਤੱਕ ਕੁਲ 831 ਅਰਬ ਅਮਰੀਕੀ ਡਾਲਰ ਦਾ ਘਾਟਾ ਹੋਇਆ ਹੈ। ਹਾਲਾਂਕਿ ਠੀਕ ਇਸੇ ਸਮੇਂ ਚੀਨ ਨੂੰ ਵਪਾਰ ’ਚ 3 ਫੀਸਦੀ ਦਾ ਲਾਭ ਵੀ ਹੋਇਆ ਹੈ ਪਰ ਚੀਨ ਨੂੰ ਤਕੜਾ ਘਾਟਾ ਵੀ ਪਿਆ ਹੈ, ਜਿਸ ਦੇ ਕਾਰਨ ਚੀਨ ਦਾ ਸਟਾਕ ਐਕਸਚੇਂਜ ਲਗਭਗ ਬਰਬਾਦੀ ਦੇ ਕੰਢੇ ’ਤੇ ਹੈ।
ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਚੀਨੀ ਬਾਜ਼ਾਰਾਂ ’ਚ ਵੱਡੇ-ਵੱਡੇ ਵਿਦੇਸ਼ੀ ਨਿਵੇਸ਼ਕਾਂ ਨੇ ਪੈਸੇ ਨਿਵੇਸ਼ ਕੀਤੇ ਸਨ ਅਤੇ ਸ਼ੇਅਰ ਬਾਜ਼ਾਰ ’ਚ ਢੇਰ ਸਾਰੇ ਸ਼ੇਅਰ ਖਰੀਦੇ ਸਨ ਪਰ ਹੁਣ ਉਹ ਆਪਣੇ ਪੈਸਿਆਂ ਨੂੰ ਕੱਢਣ ਲੱਗੇ ਹਨ। ਇਹੀ ਕਾਰਨ ਹੈ ਕਿ ਚੀਨ ਨੂੰ 831 ਅਰਬ ਡਾਲਰ ਦਾ ਘਾਟਾ ਪਿਆ ਹੈ। ਇਨ੍ਹਾਂ ’ਚ ਪ੍ਰਮੁੱਖ ਕੰਪਨੀਆਂ ਆਈ. ਟੀ. ਖੇਤਰ ਦੀਆਂ ਹਨ। ਇਸ ਕਾਰਨ ਚੀਨ ਦੇ ਸ਼ੇਅਰ ਬਾਜ਼ਾਰਾਂ ’ਚ ਇੰਨੀ ਹਫੜਾ-ਦਫੜੀ ਫੈਲੀ ਹੋਈ ਹੈ ਕਿ ਚੀਨੀ ਨਿਵੇਸ਼ਕ ਵੀ ਅੱਜ ਪਹਿਲਾਂ ਆਪਣਾ ਸ਼ੇਅਰ ਵੇਚਣਾ ਚਾਹੁੰਦਾ ਹੈ ਅਤੇ ਇਸ ਗੱਲ ਦਾ ਮੁਲਾਂਕਣ ਬਾਅਦ ’ਚ ਕਰਨਾ ਚਾਹੁੰਦਾ ਹੈ ਕਿ ਉਸ ਨੂੰ ਘਾਟਾ ਕਿੰਨਾ ਪਿਆ ਹੈ।
ਇਸ ਨਾਲ ਜਿਹੜੀਆਂ ਪ੍ਰਮੁੱਖ ਚੀਨੀ ਕੰਪਨੀਆਂ ਨੂੰ ਨੁਕਸਾਨ ਹੋਇਆ ਹੈ, ਉਨ੍ਹਾਂ ’ਚ ਐਂਟ-ਗਰੁੱਪ, ਦੀਦੀ ਗਰੁੱਪ, ਟੇਨਸੇਂਟ ਹੋਲਡਿੰਗਸ ਲਿਮਟਿਡ, ਮੇਈਥੁਆਨ, ਬਾਈਦੂ ਇੰਕ, ਜੇਡੀ ਡਾਟ ਕਾਮ ਇੰਕ ਅਤੇ ਅਲੀਬਾਬਾ ਗਰੁੱਪ ਹੋਲਡਿੰਗਸ ਲਿਮਟਿਡ ਸ਼ਾਮਲ ਹਨ। ਚੀਨ ’ਚ ਇਸ ਸਮੇਂ ਵੱਡੀ ਗਿਣਤੀ ’ਚ ਵਿਦੇਸ਼ੀ ਨਿਵੇਸ਼ ਤਕਨਾਲੋਜੀ ਸੈਕਟਰ ਤੋਂ ਬਾਹਰ ਜਾ ਰਿਹਾ ਹੈ, ਜਿਸ ਨਾਲ ਚੀਨ ਦੀ ਸਰਕਾਰ ਦੇ ਨਾਲ ਉਥੋਂ ਦਾ ਨਿਵੇਸ਼ਕ ਵੀ ਪ੍ਰੇਸ਼ਾਨ ਹੈ। ਜਿਨ੍ਹਾਂ ਕੋਲ ਟੇਕ ਸ਼ੇਅਰ ਹਨ, ਉਹ ਉਨ੍ਹਾਂ ਨੂੰ ਕਾਹਲੀ ’ਚ ਵੇਚ ਰਹੇ ਹਨ, ਜਿਸ ਨਾਲ ਉਹ ਆਪਣੇ ਘਾਟੇ ਨੂੰ ਘਟਾ ਸਕਣ।ਚੀਨ ’ਚ ਟੇਕ ਸ਼ੇਅਰਾਂ ਦੀ ਹਾਲਤ ਹੁਣ ਇਸ ਹੱਦ ਤੱਕ ਖਰਾਬ ਹੋ ਚੁੱਕੀ ਹੈ ਕਿ ਐਂਟ- ਗਰੁੱਪ ਦੇ ਸ਼ੇਅਰ ਆਈ. ਪੀ. ਏ. ਨਾਲੋਂ ਵੀ ਹੇਠਾਂ ਦੇ ਭਾਅ ’ਤੇ ਆ ਗਏ ਹਨ, ਜਿਸ ਨਾਲ ਹਾਂਗਕਾਂਗ ਦਾ ਸ਼ੇਅਰ ਬਾਜ਼ਾਰ ਹੇਂਗ-ਸ਼ੇਂਗ ਡਿੱਗਦਾ ਜਾ ਰਿਹਾ ਹੈ। ਫਰਵਰੀ ’ਚ ਆਪਣੀ ਬੁਲੰਦੀ ਹਾਸਲ ਕਰਨ ਤੋਂ ਬਾਅਦ ਹੁਣ ਤੱਕ 31 ਫੀਸਦੀ ਨੁਕਸਾਨ ’ਚ ਚੱਲ ਰਿਹਾ ਹੈ।
ਹਾਂਗਕਾਂਗ ਦੇ ਪੇਗਾਸਸ ਫੰਡ ਮੈਨੇਜਰਸ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਪੌਲ ਪੋਂਗ ਦਾ ਕਹਿਣਾ ਹੈ ਕਿ ਇਸ ਸਾਲ ਤੀਸਰੀ ਤਿਮਾਹੀ ’ਚ ਵੀ ਲੋਕ ਆਪਣੇ ਸ਼ੇਅਰ ਵੇਚਦੇ ਨਜ਼ਰ ਆਉਣਗੇ ਕਿਉਂਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਇਨ੍ਹਾਂ ਟੇਕ ਕੰਪਨੀਆਂ ਦੇ ਸਮਰਥਨ ਦੀ ਕੋਈ ਗੱਲ ਸੁਣਨ ਨੂੰ ਨਹੀਂ ਮਿਲੀ ਹੈ। ਪੋਂਗ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਟੇਨਸੇਂਟ ਅਤੇ ਅਲੀਬਾਬਾ ਦੇ ਦੋ-ਤਿਹਾਈ ਸ਼ੇਅਰ ਮਈ ਦੇ ਮਹੀਨੇ ’ਚ ਵੇਚ ਦਿੱਤੇ ਸਨ ਕਿਉਂਕਿ ਚੀਨੀ ਸਰਕਾਰ ਦੀ ਇਨ੍ਹਾਂ ਕੰਪਨੀਆਂ ਨੂੰ ਲੈ ਕੇ ਆਪਣੀ ਕਾਰਵਾਈ ਜਾਰੀ ਹੈ।ਉਂਝ ਵੀ ਸ਼ੀ ਜਿਨਪਿੰਗ ਦੀ ਕਾਰਜਸ਼ੈਲੀ ਇਕਦਮ ਤਾਨਾਸ਼ਾਹਾਂ ਵਰਗੀ ਹੈ, ਚੀਨ ਦੇ ਪ੍ਰਸਿੱਧ ਰੀਅਲ ਐਸਟੇਟ ਹੁਆਯੁਆਨ ਗਰੁੱਪ ਲਿਮਟਿਡ ਦੇ ਮਾਲਕ ਰੇਨ ਜ਼ੀਸ਼ਿਆਂਗ ਨੂੰ ਸ਼ੀ ਦੀ ਬੁਰਾਈ ਕਰਨ ਦੇ ਬਦਲੇ 18 ਸਾਲ ਦੀ ਕੈਦ ਹੋ ਗਈ। ਰੇਨ ਜ਼ੀਸ਼ਿਆਂਗ ਕਮਿਊਨਿਸਟ ਪਾਰਟੀ ਦੇ ਚੋਟੀ ਦੇ ਮੈਂਬਰ ਵੀ ਹਨ। ਬਾਵਜੂਦ ਇਸ ਦੇ ਉਨ੍ਹਾਂ ਨੂੰ ਸ਼ੀ ਜਿਨਪਿੰਗ ਨੇ ਜੇਲ ’ਚ ਸੁੱਟ ਦਿੱਤਾ। ਰੇਨ ਦਾ ਕਸੂਰ ਸਿਰਫ ਇੰਨਾ ਸੀ ਕਿ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੇ ਫੈਲਣ ’ਤੇ ਚੀਨ ਦੀ ਸਰਕਾਰ ਦੀ ਬੁਰਾਈ ਕਰ ਦਿੱਤੀ ਸੀ।
ਸੋਸ਼ਲ ਮੀਡੀਆ ’ਤੇ ਲਿਖੇ ਆਪਣੇ ਇਕ ਪੱਤਰ ’ਚ ਰੇਨ ਨੇ ਸ਼ੀ ਜਿਨਪਿੰਗ ਨੂੰ ਇਕ ਜੋਕਰ ਕਿਹਾ ਸੀ, ਜਿਸ ਨਾਲ ਸ਼ੀ ਇੰਨਾ ਚਿੜ ਗਏ ਕਿ ਉਨ੍ਹਾਂ ਨੇ ਰੇਨ ਜ਼ੀਸ਼ਿਆਂਗ ਨੂੰ 18 ਸਾਲ ਲਈ ਜੇਲ ’ਚ ਭੇਜ ਦਿੱਤਾ, ਰੇਨ ਦਾ ਸੋਸ਼ਲ ਅਕਾਊਂਟ ਵੀ ਬੰਦ ਕਰ ਦਿੱਤਾ ਗਿਆ। ਰੇਨ ’ਤੇ ਭ੍ਰਿਸ਼ਟਾਚਾਰ, ਰਿਸ਼ਵਤ ਦੇਣ ਅਤੇ ਪੈਸਿਆਂ ਦੇ ਹੇਰ-ਫੇਰ ਦੇ ਦੋਸ਼ ਲਗਾਏ ਗਏ ਹਨ। ਸ਼ੀ ਜਿਨਪਿੰਗ ਸਿਰਫ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਰੇਨ ਜ਼ੀਸ਼ਿਆਂਗ ਦੇ ਸਮਰਥਕਾਂ ’ਤੇ ਵੀ ਕੋਰਟ ਦਾ ਮੁਕੱਦਮਾ ਚਲਾ ਦਿੱਤਾ ਜਿਸ ਨਾਲ ਚੀਨ ’ਚ ਸੀ. ਸੀ. ਪੀ. ਦੀ ਬੁਰਾਈ ਕਰਨ ਦੀ ਹਿੰਮਤ ਕਿਸੇ ’ਚ ਨਾ ਬਚੇ। ਬਹੁਤ ਸਾਰੇ ਜਾਣਕਾਰ ਇਹ ਕਹਿ ਰਹੇ ਹਨ ਕਿ ਹੋ ਸਕਦਾ ਹੈ ਕਿ ਮਾਮਲਾ ਠੰਡਾ ਪੈਣ ਦੇ ਬਾਅਦ ਰੇਨ ਨੂੰ ਜੇਲ ’ਚ ਹੀ ਮਾਰ ਦਿੱਤਾ ਜਾਵੇ।
ਜੈਕ ਮਾ ਦੇ ਐਂਟ-ਗਰੁੱਪ ਦੇ ਆਈ. ਪੀ. ਏ. ਦੇ ਨਾਲ ਕੀ ਹੋਇਆ, ਅਸੀਂ ਸਾਰੇ ਜਾਣਦੇ ਹਾਂ। ਜੈਕ ਮਾ ਜੋ ਚੀਨ ਦੇ ਬੜੇ ਵੱਡੇ ਬਿਜ਼ਨੈੱਸਮੈਨ ਹਨ ਅਤੇ ਉਨ੍ਹਾਂ ਨੇ ਚੀਨ ਦੇ ਬੈਂਕਿੰਗ ਸਿਸਟਮ ’ਚ ਖਾਮੀਆਂ ਗਿਣਵਾਈਆਂ ਸਨ, ਨਾਲ ਹੀ ਕਿਹਾ ਸੀ ਕਿ ਕਮਿਊਨਿਸਟ ਪਾਰਟੀ ਅਜੇ ਵੀ ਪੁਰਾਣੇ ਢੰਗਾਂ ’ਤੇ ਕੰਮ ਕਰ ਰਹੀ ਹੈ। ਪਾਰਟੀ ’ਚ ਬੁੱਢਿਆਂ ਨੂੰ ਹਟਾ ਕੇ ਨਵੇਂ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਹੈ।ਇਸ ਘਟਨਾ ਦੇ ਬਾਅਦ ਸ਼ੀ ਜਿਨਪਿੰਗ ਇੰਨਾ ਨਾਰਾਜ਼ ਹੋਇਆ ਕਿ ਉਸ ਨੇ ਜੈਕ ਮਾ ਦੇ ਆਈ. ਪੀ. ਓ. ਨੂੰ ਲਾਂਚ ਹੋਣ ਤੋਂ ਪਹਿਲਾਂ ਹੀ ਰੱਦ ਕਰਵਾ ਦਿੱਤਾ ਅਤੇ ਜੈਕ ਮਾ ਨੂੰ ਗਾਇਬ ਵੀ ਕਰਵਾ ਦਿੱਤਾ। ਜਦੋਂ ਚੀਨ ’ਚ ਲੋਕ ਦੱਬੀ ਆਵਾਜ਼ ’ਚ ਸ਼ੀ ਜਿਨਪਿੰਗ ਦੀ ਬੁਰਾਈ ਕਰਨ ਲੱਗੇ ਉਦੋਂ ਕੁਝ ਸਮੇਂ ਬਾਅਦ ਜੈਕ ਮਾ ਨੂੰ ਟੈਲੀਵਿਜ਼ਨ ’ਤੇ ਥੋੜ੍ਹੀ ਦੇਰ ਲਈ ਦਿਖਾਇਆ ਗਿਆ ਸੀ ਜਿਸ ਦੇ ਬਾਅਦ ਲੋਕ ਸ਼ਾਂਤ ਹੋ ਗਏ।
ਸੱਤਾ ਦੇ ਨਸ਼ੇ ’ਚ ਚੂਰ ਸ਼ੀ ਜਿਨਪਿੰਗ ਆਪਣੇ ਦੇਸ਼ ’ਚ ਵਪਾਰ ਨੂੰ ਦਬਾਉਣ ਲਈ ਜੋ ਕੁਝ ਵੀ ਕਰ ਰਿਹਾ ਹੈ, ਉਹ ਆਉਣ ਵਾਲੇ ਦਿਨਾਂ ’ਚ ਚੀਨ ਦੀ ਅਰਥਵਿਵਸਥਾ ਲਈ ਖਤਰਨਾਕ ਹੋਵੇਗਾ, 1976 ’ਚ ਮਾਓ ਤਸੇ ਤੁੰਗ ਦੀ ਮੌਤ ਦੇ ਬਾਅਦ ਤੰਗ ਸ਼ਿਆਓਫਿੰਗ ਨੇ ਦੇਸ਼ ਦੀ ਆਰਥਿਕ ਵਿਵਸਥਾ ਨੂੰ ਖੋਲ੍ਹਣ ਦੇ ਨਾਲ-ਨਾਲ ਸਮੂਹਿਕ ਜ਼ਿੰਮੇਵਾਰੀ ਦੀ ਸ਼ੁਰੂਆਤ ਕੀਤੀ, 1990 ਦੇ ਦਹਾਕੇ ਦੇ ਬਾਅਦ ਜੈਕ ਮਾ ਇਸ ਆਰਥਿਕ ਖੁੱਲ੍ਹੇਪਨ ਨਾਲ ਸਭ ਤੋਂ ਵੱਧ ਲਾਭ ਹਾਸਲ ਕਰਨ ਵਾਲੇ ਬਿਜ਼ਨੈੱਸਮੈਨ ਬਣੇ। ਤੰਗ ਸ਼ਿਆਓਫਿੰਗ ਨਹੀਂ ਚਾਹੁੰਦੇ ਸਨ ਪਰ ਸ਼ੀ ਜਿਨਪਿੰਗ ਕਮਿਊਨਿਸਟ ਪਾਰਟੀ ਦੀਆਂ ਨੀਤੀਆਂ ਦਾ ਪਾਲਣ ਕਰਦੇ ਹੋਏ ਸੱਤਾ ਦੀ ਚੋਟੀ ’ਤੇ ਪਹੁੰਚੇ ਅਤੇ ਭ੍ਰਿਸ਼ਟਾਚਾਰੀਆਂ ਨੂੰ ਹਟਾਉਣ ਦੇ ਨਾਂ ’ਤੇ ਉਹ ਆਪਣੇ ਵਿਰੋਧੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਤੋਂ ਪ੍ਰਹੇਜ਼ ਨਹੀਂ ਕਰਦੇ ਪਰ ਖੁਦ ਦੀ ਸੱਤਾ ਨੂੰ ਸੁਰੱਖਿਅਤ ਰੱਖਣ ਲਈ ਸ਼ੀ ਜਿਨਪਿੰਗ ਅਰਥਵਿਵਸਥਾ ਨੂੰ ਜੋ ਨੁਕਸਾਨ ਪਹੁੰਚਾ ਰਹੇ ਹਨ, ਉਸ ਨਾਲ ਸਾਰੇ ਵਿਦੇਸ਼ੀ ਨਿਵੇਸ਼ਕ ਚੀਨੀ ਕੰਪਨੀਆਂ ’ਚ ਨਿਵੇਸ਼ ਕਰਨ ਤੋਂ ਬਚਣਗੇ, ਨਾਲ ਹੀ ਦੇਸੀ ਵਪਾਰੀਆਂ ਨੂੰ ਇਸ ਦਾ ਨੁਕਸਾਨ ਝੱਲਣਾ ਪਵੇਗਾ, ਵੱਡੇ ਪੱਧਰ ’ਤੇ ਇਸ ਦਾ ਬੁਰਾ ਅਸਰ ਚੀਨ ਦੀ ਅਰਥਵਿਵਸਥਾ ਨੂੰ ਝੱਲਣਾ ਹੋਵੇਗਾ।
ਅਮਰੀਕਾ 'ਚ ਵਾਪਰਿਆ ਜਹਾਜ਼ ਹਾਦਸਾ, 6 ਲੋਕਾਂ ਦੀ ਮੌਤ
NEXT STORY