ਜਲੰਧਰ : ਪੰਜਾਬੀ ਦੁਨੀਆ ਦੇ ਜਿਸ ਵੀ ਕੋਨੇ ਵਿੱਚ ਗਏ ਆਪਣਾ ਸਭਿਆਚਾਰ ਅਤੇ ਸਭਿਅਤਾ ਨਾਲ ਲੈ ਕੇ ਗਏ। ਗੱਲ ਖਾਣੇ ਦੀ ਕਰੀਏ ਤਾਂ ਹਰ ਚਾਈਚਾਰੇ ਦੇ ਲੋਕ ਪੰਜਾਬੀਆਂ ਦੇ ਪਕਵਾਨਾਂ ਖ਼ਾਸ ਕਰ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦੇ ਮੁਰੀਦ ਹਨ। ਹੋਰਾਂ ਦੇਸ਼ਾਂ ਵਾਂਗ ਕੈਨੇਡਾ ਗਏ ਪੰਜਾਬੀਆਂ ਨੇ ਵੀ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਤਰ੍ਹਾਂ ਦੀ ਇਕ ਮਿਸਾਲ ਕੈਲਗਰੀ ਵਿੱਚ 'ਅੰਮ੍ਰਿਤਸਰੀ ਤੜਕਾ' ਨਾਂ ਦਾ ਰੈਸਟੋਰੈਂਟ ਖੋਲ੍ਹਣ ਵਾਲੇ ਗਗਨਦੀਪ ਸਿੰਘ ਅਤੇ ਜਸਵਿੰਦਰ ਸਿੰਘ ਨਈਅਰ ਨੇ ਸਥਾਪਿਤ ਕੀਤੀ ਹੈ।
ਪਿਛਲੇ ਦਿਨੀਂ ਕੈਨੇਡਾ ਯਾਤਰਾ 'ਤੇ ਗਏ 'ਜਗ ਬਾਣੀ' ਦੀ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ 2005 'ਚ ਅੰਮ੍ਰਿਤਸਰ ਤੋਂ ਕੈਨੇਡਾ ਆਏ ਸਨ। ਜਸਵਿੰਦਰ ਸਿੰਘ ਨੇ ਆਪਣੇ ਰਿਸ਼ਤੇਦਾਰ ਗਗਨਦੀਪ ਸਿੰਘ ਨਾਲ ਪਾਰਟਨਰਸ਼ਿਪ ਕਰ ਕੇ 2020 'ਚ 'ਅੰਮ੍ਰਿਤਸਰੀ ਤੜਕਾ' ਨਾਂ ਦਾ ਰੈਸਟੋਰੈਂਟ ਖੋਲ੍ਹਿਆ।
ਇਹ ਰੈਸਟੋਰੈਂਟ ਆਪਣੇ ਖਾਣੇ ਦੇ ਸਵਾਦ, ਸਟਾਫ਼ ਅਤੇ ਸਫ਼ਾਈ ਕਰ ਕੇ ਕਾਫ਼ੀ ਮਸ਼ਹੂਰ ਹੈ।
ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਰੈਸਟੋਰੈਂਟ ਤੋਂ ਪਹਿਲਾਂ ਉਨ੍ਹਾਂ ਨੇ ਫ਼ੂਡ ਟਰੱਕ ਸ਼ੁਰੂ ਕੀਤਾ ਸੀ। ਫ਼ੂਡ ਟਰੱਕ ਕਾਮਯਾਬ ਹੋਣ 'ਤੇ ਉਨ੍ਹਾਂ ਨੇ ਆਪਣਾ ਰੈਸਟੋਰੈਂਟ ਖੋਲ੍ਹਣ ਦੀ ਯੋਜਨਾ ਬਣਾਈ, ਜੋ ਕਿ ਸਫ਼ਲ ਰਹੀ। ਇਹ ਰੈਸਟੋਰੈਂਟ 80 ਐਵੇਨਿਊ, ਨਾਰਥਈਸਟ ਕੈਲਗਰੀ ਵਿਖੇ ਖੋਲ੍ਹਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੂੰ ਉਨ੍ਹਾਂ ਦਾ ਅੰਮ੍ਰਿਤਸਰੀ ਕੁਲਚਾ ਅਤੇ ਮੱਛੀ ਬਹੁਤ ਪਸੰਦ ਆਉਂਦੀ ਹੈ। ਖ਼ਾਸ ਤਰੀਕੇ ਨਾਲ ਬਣਾਈ ਜਾਂਦੀ ਮੱਛੀ ਦੀ ਹਰ ਮੌਸਮ ਵਿੱਚ ਬਹੁਤ ਮੰਗ ਰਹਿੰਦੀ ਹੈ। ਸਰਦੀਆਂ 'ਚ ਤਾਂ ਉਨ੍ਹਾਂ ਨੂੰ 4-5 ਮੁਲਾਜ਼ਮ ਸਿਰਫ਼ ਮੱਛੀ ਬਣਾਉਣ ਲਈ ਹੀ ਰੱਖਣੇ ਪੈਂਦੇ ਹਨ।
ਅੰਮ੍ਰਿਤਸਰੀ ਕੁਲਚੇ ਬਾਰੇ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਕੈਨੇਡਾ ਹੋਣ ਦੇ ਬਾਵਜੂਦ ਉਨ੍ਹਾਂ ਦੇ ਕੁਲਚੇ 'ਚੋਂ ਅੰਮ੍ਰਿਤਸਰ ਵਾਲਾ ਸਵਾਦ ਆਉਂਦਾ ਹੈ ਅਤੇ ਲੋਕ ਇਸ ਦੀ ਵੀ ਬਹੁਤ ਤਾਰੀਫ਼ ਕਰਦੇ ਹਨ। ਮੱਕੀ ਦੀ ਰੋਟੀ, ਸਾਗ, ਦਾਲ ਮਖਣੀ ਤੋਂ ਇਲਾਵਾ ਪੰਜਾਬ ਦੇ ਖਾਣੇ ਦਾ ਸਵਾਦ ਮਾਣਨ ਲਈ ਲੋਕ ਦੂਰੋਂ ਦੂਰੋਂ ਇਸ ਰੈਸਟੋਰੈਂਟ ਆਉਂਦੇ ਹਨ। ਗਾਹਕ ਵਧਣ ਕਾਰਨ ਹੁਣ ਉਨ੍ਹਾਂ ਕੋਲ ਜਗ੍ਹਾ ਦੀ ਥੋੜ੍ਹੀ ਤੰਗੀ ਹੋ ਗਈ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਉਹ ਹੁਣ ਇਕ ਹੋਰ ਰੈਸਟੋਰੈਂਟ ਖੋਲ੍ਹਣ ਜਾ ਰਹੇ ਹਨ ਜਿੱਥੇ 170 ਤੋਂ ਵਧੇਰੇ ਗਾਹਕ ਬੈਠ ਸਕਦੇ ਹਨ। ਇਸ ਰੈਸਟੋਰੈਂਟ ਵਿੱਚ ਇਕ ਸਪੋਰਟਸ ਕਲੱਬ ਵੀ ਹੋਵੇਗਾ ਅਤੇ ਰਾਤ 11 ਵਜੇ ਤੋਂ ਬਾਅਦ ਇੱਥੇ ਨੌਜਵਾਨ ਪਾਰਟੀ ਵੀ ਕਰ ਸਕਣਗੇ।
ਸਿੱਧੂ ਮੂਸੇਵਾਲਾ ਲਈ ਇਨਸਾਫ਼ ਮੰਗਣ ਦਾ ਅਨੋਖਾ ਤਰੀਕਾ, ਨੌਜਵਾਨ ਨੇ ਬਿਸਤ ਦੋਆਬ ਨਹਿਰ 'ਚ ਸੁੱਟੀ 'ਕਾਲੀ ਥਾਰ'
NEXT STORY