ਜਲੰਧਰ (ਮਹੇਸ਼ ਖੋਸਲਾ) : ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ 'ਚ ਮਿਲੀ ਸ਼ਰਮਨਾਕ ਹਾਰ ਦੇ ਸਦਮੇ 'ਚੋਂ ਬਾਹਰ ਨਹੀਂ ਆ ਪਾ ਰਿਹਾ, ਜਦੋਂ ਕਿ ਚੋਣ ਨਤੀਜੇ ਐਲਾਨਿਆਂ ਨੂੰ 6 ਮਹੀਨੇ ਬੀਤ ਚੁੱਕੇ ਹਨ। ਅਕਾਲੀ ਦਲ ਦੇ ਸ਼ਹਿਰੀ ਤੇ ਦਿਹਾਤੀ ਜਥੇ ਦੀਆਂ ਸਰਗਰਮੀਆਂ ਪੂਰੀ ਤਰ੍ਹਾਂ ਠੱਪ ਪਈਆਂ ਹੋਈਆਂ ਹਨ। ਸ਼ਹਿਰੀ ਜਥੇ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਹਨ, ਜਦੋਂ ਕਿ ਦਿਹਾਤੀ ਦੀ ਕਮਾਨ ਗੁਰਪ੍ਰਤਾਪ ਸਿੰਘ ਵਡਾਲਾ ਕੋਲ ਹੈ। ਨਕੋਦਰ ਹਲਕੇ ਤੋਂ ਲਗਾਤਾਰ ਦੋ ਵਾਰ ਵਿਧਾਇਕ ਦੀ ਚੋਣ ਜਿੱਤਣ ਵਾਲੇ ਵਡਾਲਾ ਇਸ ਵਾਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਇੰਦਰਜੀਤ ਕੌਰ ਮਾਨ ਤੋਂ ਹਾਰ ਗਏ ਹਨ।
ਇਹ ਵੀ ਪੜ੍ਹੋ : ਵਿਆਹ ਸਬੰਧੀ ਅੜਚਣਾ ਦਾ ਉਪਾਅ ਕਰਨ ਲਈ ਬੁਲਾਏ ਬਾਬਿਆਂ ’ਤੇ ਰਿਵਾਲਵਰ ਚੋਰੀ ਕਰਨ ਦੋਸ਼, ਮੁਕੱਦਮਾ ਦਰਜ
ਇੰਨਾ ਹੀ ਨਹੀਂ ਵਿਧਾਨ ਸਭਾ ਹਲਕਿਆਂ 'ਚ ਵੀ ਪਾਰਟੀ ਵੱਲੋਂ ਚੋਣ ਲੜਨ ਵਾਲੇ ਉਮੀਦਵਾਰ ਆਪਣੇ ਸਰਕਲਾਂ 'ਚ ਸਰਗਰਮ ਨਹੀਂ ਹਨ। ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਤਾਂ ਦੂਰ, ਉਹ ਵਰਕਰਾਂ ਨੂੰ ਵੀ ਨਹੀਂ ਮਿਲ ਰਹੇ। ਅਜਿਹੇ ’ਚ ਵਰਕਰਾਂ ਨੇ ਵੀ ਪਾਰਟੀ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਆਉਣ ਵਾਲੇ ਦਿਨਾਂ 'ਚ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਕਿਸੇ ਹੋਰ ਸਿਆਸੀ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ।
ਕਈ ਵਰਕਰ ਤਾਂ ਇਥੋਂ ਤੱਕ ਕਹਿ ਰਹੇ ਹਨ ਕਿ ਅਕਾਲੀ ਦਲ ਨੂੰ ਵੋਟ ਪਾਉਣਾ ਉਨ੍ਹਾਂ ਦੀ ਗਲਤੀ ਸੀ, ਜਿਸ ਦਾ ਉਨ੍ਹਾਂ ਨੂੰ ਚੋਣ ਨਤੀਜਿਆਂ ਤੋਂ ਬਾਅਦ ਅਹਿਸਾਸ ਹੋਇਆ। ਨਗਰ ਨਿਗਮ ਚੋਣਾਂ ਲਈ ਪਾਰਟੀ ਦੀ ਕੋਈ ਤਿਆਰੀ ਨਜ਼ਰ ਨਹੀਂ ਆ ਰਹੀ। ਅਕਾਲੀ ਵਰਕਰਾਂ 'ਚ ਵੀ ਨਿਗਮ ਚੋਣਾਂ ਲੜਨ ਲਈ ਕੋਈ ਉਤਸ਼ਾਹ ਨਹੀਂ ਹੈ। ਇਸ ਦੇ ਵੀ ਦੋ ਵੱਡੇ ਕਾਰਨ ਹਨ। ਇਕ ਤਾਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਮਾੜੀ ਹਾਲਤ ਅਤੇ ਦੂਜੀ ਪੰਜਾਬ ਵਿਚ 92 ਸੀਟਾਂ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਸ ਨੂੰ ਦੇਖਦਿਆਂ ਪਾਰਟੀ ਹਾਈਕਮਾਨ ਦੀ ਕਾਰਗੁਜ਼ਾਰੀ ਵੀ ਵਧੀਆ ਨਹੀਂ ਦਿਖਾਈ ਦੇ ਰਹੀ। ਉਥੇ ਹੀ, ਕਈ ਵਰਕਰ ਪਾਰਟੀ ਤੋਂ ਨਾਰਾਜ਼ ਵੀ ਨਜ਼ਰ ਆ ਰਹੇ ਹਨ।
ਜੋ ਜਿੱਤਦੇ ਆਏ ਹਨ, ਉਹ ਵੀ ਲੜਨ ਨੂੰ ਤਿਆਰ ਨਹੀਂ
ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਜਿਹੜੇ ਲੋਕ ਨਿਗਮ ਚੋਣਾਂ ਲਗਾਤਾਰ ਜਿੱਤਦੇ ਆਏ ਹਨ, ਇਸ ਵਾਰ ਉਹ ਵੀ ਚੋਣ ਲੜਨ 'ਚ ਕੋਈ ਦਿਲਚਸਪੀ ਨਹੀਂ ਦਿਖਾ ਰਹੇ। ਉਨ੍ਹਾਂ ਨੂੰ ਚੋਣ ਹਾਰਨ ਦਾ ਵੀ ਖਤਰਾ ਹੈ ਅਤੇ ਚੋਣ ਜਿੱਤ ਕੇ ਕੁਝ ਨਾ ਹਾਸਲ ਹੋਣ ਦੀ ਵੀ ਚਿੰਤਾ ਸਤਾ ਰਹੀ ਹੈ। ਅਜਿਹੇ 'ਚ ਚੋਣ ਨਾ ਲੜਨਾ ਹੀ ਉਹ ਠੀਕ ਸਮਝ ਰਹੇ ਹਨ। ਇਸ ਤਰ੍ਹਾਂ ਅਕਾਲੀ ਦਲ ਨੂੰ ਤਾਂ ਨਿਗਮ ਚੋਣ ਲੜਾਉਣ ਲਈ ਉਮੀਦਵਾਰ ਮਿਲਣੇ ਵੀ ਮੁਸ਼ਕਿਲ ਹੋ ਜਾਣਗੇ।
ਕਈ ਜਾਣਗੇ ‘ਆਪ’ ’ਚ, ਸੈਂਟਰਲ ਹਲਕੇ 'ਚ ਵੀ ਲੱਗੇਗਾ ਝਟਕਾ
2017 'ਚ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਨਿਗਮ ਚੋਣਾਂ 'ਚ ਜਿਹੜੇ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਕੇ ਹਾਰ ਗਏ ਸਨ, ਉਹ ਪਾਰਟੀ ਛੱਡਣ ਅਤੇ ਆਮ ਆਦਮੀ ਪਾਰਟੀ 'ਚ ਜਾਣ ਦੀ ਤਿਆਰੀ ਕਰ ਚੁੱਕੇ ਹਨ। ਆਉਣ ਵਾਲੇ ਦਿਨਾਂ 'ਚ ਅਜਿਹੇ ਕਈ ਧਮਾਕੇ ਹੋਣ ਵਾਲੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਸੈਂਟਰਲ ਹਲਕੇ 'ਚ ਵੀ ਝਟਕਾ ਲੱਗਣ ਜਾ ਰਿਹਾ ਹੈ। ਇਸ ਹਲਕੇ ਨਾਲ ਜੁੜੇ ਕਈ ਸੀਨੀਅਰ ਅਕਾਲੀ ਆਗੂ ਹਲਕਾ ਵਿਧਾਇਕ ਰਮਨ ਅਰੋੜਾ ਨਾਲ ਸੰਪਰਕ ਕਰ ਰਹੇ ਹਨ ਅਤੇ ਕਿਸੇ ਵੀ ਸਮੇਂ ਕੋਈ ਵੱਡਾ ਧਮਾਕਾ ਕਰ ਸਕਦੇ ਹਨ। ‘ਆਪ’ ਵਿਧਾਇਕ ਵੀ ਇਨ੍ਹਾਂ ਨੂੰ ‘ਆਪ’ 'ਚ ਲਿਆ ਕੇ ਚੋਣ ਲੜਾਉਣ ਦੀ ਸੋਚ ਰਹੇ ਹਨ।
ਅਕਾਲੀ ਦਲ ਭਾਜਪਾ ਨਾਲ ਮਿਲ ਕੇ ਲੜਦਾ ਸੀ ਚੋਣ
ਕਾਫੀ ਸਾਲ ਅਕਾਲੀ-ਭਾਜਪਾ ਦਾ ਪੰਜਾਬ 'ਚ ਗੱਠਜੋੜ ਰਿਹਾ ਹੈ ਅਤੇ ਦੋਵੇਂ ਪਾਰਟੀਆਂ ਮਿਲ ਕੇ ਨਗਰ ਨਿਗਮ ਦੀਆਂ ਚੋਣਾਂ ਲੜਦੀਆਂ ਆਈਆਂ ਹਨ। ਹਿੰਦੂ ਵੋਟ ਬੈਂਕ ਵਾਲੇ ਵਾਰਡ ਭਾਜਪਾ ਦੇ ਖਾਤੇ 'ਚ ਜਾਂਦੇ ਸਨ ਅਤੇ ਜਿਥੇ ਸਿੱਖ ਵੋਟ ਬੈਂਕ ਜ਼ਿਆਦਾ ਹੁੰਦਾ ਸੀ, ਉਥੇ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਦਾ ਸੀ। ਹੁਣ ਦੋਵਾਂ ਦਾ ਸਾਲਾਂ ਪੁਰਾਣਾ ਗੱਠਜੋੜ ਟੁੱਟ ਚੁੱਕਿਆ ਹੈ, ਜਿਸਦਾ ਨੁਕਸਾਨ ਹੁਣ ਨਿਗਮ ਚੋਣਾਂ 'ਚ ਦੋਵਾਂ ਪਾਰਟੀਆਂ ਨੂੰ ਹੀ ਹੋਣ ਵਾਲਾ ਹੈ ਅਤੇ ਆਮ ਆਦਮੀ ਪਾਰਟੀ ਇਸ ਦਾ ਲਾਭ ਉਠਾ ਸਕਦੀ ਹੈ। ਭਾਜਪਾ ਨੂੰ ਦਿੱਤੇ ਜਾਂਦੇ ਵਾਰਡਾਂ 'ਚ ਵੀ ਹੁਣ ਅਕਾਲੀ ਦਲ ਨੂੰ ਇਕੱਲਿਆਂ ਹੀ ਆਪਣੀ ਕਿਸਮਤ ਅਜ਼ਮਾਉਣੀਨੀ ਪਵੇਗੀ। ਅਕਾਲੀ ਦਲ ਛੱਡਣ ਦੀ ਤਿਆਰੀ ਕਰ ਚੁੱਕੇ ਉਮੀਦਵਾਰਾਂ ਵਾਲੇ ਵਾਰਡ ਵੀ ਖਾਲੀ ਹੋ ਜਾਣਗੇ। ਇਨ੍ਹਾਂ ਵਾਰਡਾਂ 'ਚ ਵੀ ਅਕਾਲੀ ਦਲ ਨੂੰ ਨਵੇਂ ਉਮੀਦਵਾਰ ਲਿਆਉਣ 'ਚ ਕਾਫੀ ਮੁਸ਼ਕਿਲ ਆ ਸਕਦੀ ਹੈ।
ਇਹ ਵੀ ਪੜ੍ਹੋ : ਸਾਲ ਪਹਿਲਾਂ ਸਕਿਓਰਿਟੀ ਗਾਰਡ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
ਸਾਲ ਪਹਿਲਾਂ ਸਕਿਓਰਿਟੀ ਗਾਰਡ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
NEXT STORY