ਨੈਸ਼ਨਲ ਡੈਸਕ—ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਭਾਵੇਂ ਕਰਨਾਟਕ 'ਚ ਆਪਣੀ ਪਾਰਟੀ ਦੀ ਸਰਕਾਰ ਬਣਾਉਣ 'ਚ ਨਾਕਾਮ ਰਹੇ ਹਨ ਪਰ ਉਨ੍ਹਾਂ ਆਪਣਾ ਧਿਆਨ ਹੁਣ ਪੁੱਡੂਚੇਰੀ ਦੀ ਦੋ ਸਾਲ ਪੁਰਾਣੀ ਕਾਂਗਰਸ ਸਰਕਾਰ ਦਾ ਤਖਤਾ ਪਲਟਣ ਵੱਲ ਲਾ ਦਿੱਤਾ ਹੈ। ਉਹ ਜੁਲਾਈ ਦੇ ਸ਼ੁਰੂ 'ਚ ਪੁੱਡੂਚੇਰੀ ਦਾ ਦੌਰਾ ਕਰਨਗੇ। ਇਸ ਗੱਲ ਲਈ ਜ਼ਮੀਨੀ ਪੱਧਰ 'ਤੇ ਕੰਮ ਸ਼ੁਰੂ ਹੋ ਗਿਆ ਹੈ ਕਿ ਪੁੱਡੂਚੇਰੀ ਦੀ ਨਾਰਾਇਣ ਸਵਾਮੀ ਸਰਕਾਰ ਦੀ ਛੁੱਟੀ ਹੋ ਜਾਵੇ ਕਿਉਂਕਿ ਉਹ ਬਹੁਤ ਹਲਕੇ ਬਹੁਮਤ ਦੇ ਸਿਰ 'ਤੇ ਖੜ੍ਹੀ ਹੈ। 30 ਮੈਂਬਰੀ ਪੁੱਡੂਚੇਰੀ ਵਿਧਾਨ ਸਭਾ ਵਿਚ ਕਾਂਗਰਸ ਦੇ 15 ਵਿਧਾਇਕ ਹਨ ਅਤੇ ਡੀ. ਐੱਮ. ਕੇ. ਦੇ 2 ਵਿਧਾਇਕਾਂ ਵਲੋਂ ਆਪਣੀ ਹਮਾਇਤ ਦਿੱਤੀ ਜਾ ਰਹੀ ਹੈ। ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ 16 ਵਿਧਾਇਕ ਹਨ। ਜੇ ਪੁੱਡੂਚੇਰੀ ਸਰਕਾਰ ਜਾਂਦੀ ਹੈ ਤਾਂ ਫਿਰ ਕਾਂਗਰਸ ਦੀ ਸਿਰਫ ਪੰਜਾਬ 'ਚ ਹੀ ਸਰਕਾਰ ਰਹਿ ਜਾਵੇਗੀ ਜਦਕਿ ਕਰਨਾਟਕ ਵਿਚ ਵੀ ਉਹ ਜਨਤਾ ਦਲ ਐੱਸ ਦੀ ਭਾਈਵਾਲ ਹੀ ਹੈ।
ਮਿਜ਼ੋਰਮ ਵਿਚ ਇਸ ਸਾਲ ਨਵੰਬਰ ਵਿਚ ਵੋਟਾਂ ਪੈਣੀਆਂ ਹਨ। ਭਾਜਪਾ ਇਹ ਸਮਝਦੀ ਹੈ ਕਿ ਉਹ ਉਥੋਂ ਦੀ ਕਾਂਗਰਸ ਸਰਕਾਰ ਨੂੰ ਡੇਗ ਕੇ ਆਪਣੀ ਸਰਕਾਰ ਬਣਾਵੇਗੀ ਅਤੇ ਉੱਤਰ-ਪੂਰਬ ਨੂੰ ਕਾਂਗਰਸ ਮੁਕਤ ਕਰ ਦੇਵੇਗੀ।
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪ੍ਰਮੁੱਖ ਵਿਰੋਧੀ ਪਾਰਟੀ ਏ. ਆਈ. ਐੱਨ. ਆਰ. ਸੀ. ਦੇ ਮੁਖੀ ਐੱਨ. ਰੰਗਾਸਵਾਮੀ ਨਾਲ ਲੰਮੀ ਗੱਲਬਾਤ ਕੀਤੀ। ਉਨ੍ਹਾਂ ਤਰੀਕਿਆਂ ਬਾਰੇ ਸੋਚਿਆ ਜਿਨ੍ਹਾਂ ਅਧੀਨ ਇਥੇ ਗੈਰ ਕਾਂਗਰਸ ਸਰਕਾਰ ਸਥਾਪਤ ਕੀਤੀ ਜਾਵੇ। ਏ. ਆਈ. ਐੱਨ. ਆਰ. ਸੀ. ਦੇ 8 ਵਿਧਾਇਕ ਹਨ ਅਤੇ ਉਸ ਨੂੰ ਅੰਨਾ ਡੀ. ਐੱਮ. ਕੇ. ਦੇ 4 ਅਤੇ 1 ਆਜ਼ਾਦ ਉਮੀਦਵਾਰ ਦੀ ਹਮਾਇਤ ਹਾਸਲ ਹੈ। ਭਾਵੇਂ ਇਹ ਗਿਣਤੀ ਸਰਕਾਰ ਬਣਾਉਣ ਲਈ ਲੋੜੀਂਦੇ ਵਿਧਾਇਕਾਂ ਦੀ ਗਿਣਤੀ ਤੋਂ ਬਹੁਤ ਘੱਟ ਹੈ ਪਰ ਸੂਬੇ ਦੀ ਸਿਆਸੀ ਸਥਿਤੀ ਉਦੋਂ ਬਦਲ ਗਈ ਜਦੋਂ ਪੁੱਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ 3 ਵਿਅਕਤੀਆਂ ਨੂੰ ਵਿਧਾਨ ਸਭਾ ਲਈ ਨਾਮਜ਼ਦ ਕੀਤਾ ਅਤੇ ਉਹ ਭਾਜਪਾ 'ਚ ਸ਼ਾਮਲ ਹੋ ਗਏ। ਇਸ ਤਰ੍ਹਾਂ ਵਿਰੋਧੀ ਧਿਰ ਦੇ ਮੈਂਬਰਾਂ ਦੀ ਗਿਣਤੀ ਵਧ ਕੇ 16 ਹੋ ਗਈ। ਨਾਰਾਇਣ ਸਵਾਮੀ ਸਰਕਾਰ ਨੇ ਇਨ੍ਹਾਂ 3 ਵਿਧਾਇਕਾਂ ਦੀ ਨਾਮਜ਼ਦਗੀ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਇਸ ਸਬੰਧੀ ਉਪ ਰਾਜਪਾਲ ਨੇ ਸਰਕਾਰ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ। ਸਰਕਾਰ ਕੋਲੋਂ ਪੁੱਛੇ ਬਿਨਾਂ ਹੀ ਇਨ੍ਹਾਂ ਤਿੰਨਾਂ ਨੂੰ ਰਾਜ ਨਿਵਾਸ ਵਿਖੇ ਸਹੁੰ ਚੁਕਾ ਦਿੱਤੀ। ਸਪੀਕਰ ਨੇ ਇਨ੍ਹਾਂ ਤਿੰਨਾਂ ਨਾਮਜ਼ਦ ਵਿਧਾਇਕਾਂ ਨੂੰ ਵਿਧਾਨ ਸਭਾ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ।
ਇਹ ਕਦਮ ਮਦਰਾਸ ਹਾਈ ਕੋਰਟ ਦੇ ਉਸ ਫੈਸਲੇ ਦੇ ਬਾਵਜੂਦ ਚੁੱਕਿਆ ਗਿਆ, ਜਿਸ ਵਿਚ ਉਸਨੇ ਇਨ੍ਹਾਂ ਤਿੰਨਾਂ ਵਿਅਕਤੀਆਂ ਦੀ ਵਿਧਾਇਕ ਵਜੋਂ ਕੀਤੀ ਗਈ ਨਾਮਜ਼ਦਗੀ ਨੂੰ ਸਹੀ ਕਰਾਰ ਦਿੱਤਾ ਸੀ। ਹੁਣ ਇਹ ਤਿੰਨੋਂ ਵਿਧਾਇਕ ਸੁਪਰੀਮ ਕੋਰਟ ਚਲੇ ਗਏ ਹਨ ਅਤੇ ਸੁਪਰੀਮ ਕੋਰਟ ਕਿਸੇ ਸਮੇਂ ਵੀ ਆਪਣਾ ਫੈਸਲਾ ਦੇ ਸਕਦੀ ਹੈ। ਇਸੇ ਸੰਦਰਭ ਵਿਚ ਰੰਗਾਸਵਾਮੀ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ। ਅਮਿਤ ਸ਼ਾਹ ਨੇ ਰੰਗਾਸਵਾਮੀ ਨੂੰ ਕਿਹਾ ਕਿ ਉਹ ਤੇਜ਼ੀ ਨਾਲ ਕੰਮ ਕਰਨ ਅਤੇ ਬਹੁਮਤ ਆਪਣੇ ਹੱਕ ਵਿਚ ਬਣਾਉਣ।
Video Viral: ਸ਼ੁਰੂ ਤੋਂ ਹੀ ਆਲੀਆ ਨੂੰ ਪਸੰਦ ਸੀ ਰਣਬੀਰ ਕਪੂਰ, ਬੇਪਨਾਹ ਮੁਹੱਬਤ ਦਾ ਦੇਖੋ ਸਬੂਤ
NEXT STORY