ਕਪੂਰਥਲਾ, (ਭੂਸ਼ਣ, ਮਲਹੋਤਰਾ)- ਸੂਬੇ ਦੀਆਂ ਜੇਲਾਂ ਵਿਚ ਸੁਧਾਰ ਲਈ ਜੰਗੀ ਪੱਧਰ 'ਤੇ ਇਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਸੂਬੇ ਭਰ ਦੀ ਜੇਲਾਂ ਵਿਚ ਮੋਬਾਇਲ ਫੋਨ ਦੇ ਇਸਤੇਮਾਲ ਨੂੰ ਰੋਕਣ ਲਈ ਜਿਥੇ ਆਧੁਨਿਕ ਜੈਮਰ ਲਾਏ ਗਏ ਹਨ ਉਥੇ ਹੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ ਲਈ ਬਾਡੀ ਸਕੈਨਰ ਲਾਏ ਗਏ ਹਨ। ਇਸ ਪ੍ਰਕਿਰਿਆ ਨੂੰ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ। ਇਹ ਗੱਲਾਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਹੀਆਂ। ਜੇਲ ਮੰਤਰੀ ਰੰਧਾਵਾ ਆਪਣੇ ਕਪੂਰਥਲਾ ਦੌਰੇ ਦੌਰਾਨ ਪ੍ਰੈੱਸ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਜੇਲਾਂ ਵਿਚ ਡਰੱਗ ਮਾਫੀਆਂ ਨੂੰ ਖਤਮ ਕਰਨ ਲਈ ਇਕ ਸਖ਼ਤ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਹੁਣ ਸਾਰੀਆਂ ਜੇਲਾਂ ਵਿਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੇਲਾਂ ਵਿਚ ਪੁਲਸ ਫੋਰਸ ਦੀ ਗਿਣਤੀ ਨੂੰ ਵਧਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਮਕਸਦ ਨੂੰ ਲੈ ਕੇ ਹੀ ਜੇਲਾਂ ਵਿਚ ਆਧੁਨਿਕ ਸਾਜ਼ੋ-ਸਾਮਾਨ ਦਿੱਤਾ ਜਾ ਰਿਹਾ ਹੈ ਤਾਂ ਕਿ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ 'ਤੇ ਲਗਾਮ ਕੱਸੀ ਜਾ ਸਕੇ। ਇਸ ਤੋਂ ਪਹਿਲਾਂ ਆਪਣੇ ਕਪੂਰਥਲਾ ਦੌਰੇ ਦੇ ਦੌਰਾਨ ਜੇਲ ਮੰਤਰੀ ਨੇ ਇਸ ਸਰਵਿਸ ਟ੍ਰੇਨਿੰਗ ਸੈਂਟਰ ਵਿਚ ਜੇਲ ਵਿਭਾਗ ਲਈ ਭਰਤੀ ਕੀਤੇ ਗਏ 374 ਨਵੇਂ ਜੇਲ ਵਾਰਡਨ ਅਤੇ ਮੈਟਰਨਰ ਦੀ ਪਾਸਿੰਗ ਪ੍ਰੇਡ ਦਾ ਨਿਰੀਖਣ ਵੀ ਕੀਤਾ ਜਿਨ੍ਹਾਂ ਨੂੰ ਇਸ ਸਰਵਿਸ ਟ੍ਰੇਨਿੰਗ ਸੈਂਟਰ ਵਿਚ ਵਧੀਆ ਟ੍ਰੇਨਿੰਗ ਦਿੱਤੀ ਗਈ ਹੈ । ਉਨ੍ਹਾਂ ਨੇ ਕਿਹਾ ਕਿ ਇਸ 374 ਕਰਮਚਾਰੀਆਂ ਦੀ ਨਿਯੁਕਤੀ ਨਾਲ ਫੋਰਸ ਦੀ ਕਮੀ ਕਾਫ਼ੀ ਹੱਦ ਤਕ ਘੱਟ ਹੋਵੇਗੀ, ਜਦ ਉਨ੍ਹਾਂ ਤੋਂ ਫਰੀਦਕੋਟ ਜੇਲ ਵਿਚ ਇਕ ਹਵਾਲਾਤੀ ਦਾ ਵੀਡੀਓ ਵਾਇਰਲ ਹੋਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਦਾ ਦੌਰ ਜਾਰੀ ਹੈ, ਛੇਤੀ ਹੀ ਜਾਂਚ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਜੇਲ ਦੀ ਤਰਜ਼ 'ਤੇ ਸੂਬੇ ਦੀਆਂ ਸਾਰੀਆਂ ਜੇਲਾਂ ਵਿਚ ਹੁਨਰ ਵਿਕਾਸ ਕੇਂਦਰ ਸਥਾਪਤ ਕੀਤੇ ਗਏ ਹਨ ਤਾਂਕਿ ਬਾਹਰਲੀ ਦੁਨੀਆ ਵਿਚ ਵਾਪਸ ਆਉਂਦੇ ਹੀ ਕੈਦੀਆਂ ਨੂੰ ਰੋਜ਼ਗਾਰ ਮਿਲ ਸਕੇ । ਇਸ ਮੌਕੇ ਏ. ਡੀ. ਜੀ. ਪੀ. ਜੇਲ ਇਕਬਾਲਪ੍ਰੀਤ ਸਿੰਘ ਸਹੋਤਾ, ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਆਈ. ਜੀ. ਜੇਲ ਰੂਪ ਕੁਮਾਰ ਅਰੋੜਾ, ਡੀ. ਆਈ. ਜੀ. ਜੇਲ ਸੁਰਿੰਦਰ ਸਿੰਘ, ਕੇਂਦਰੀ ਜੇਲ ਕਪੂਰਥਲਾ ਦੇ ਸੁਪਰਡੈਂਟ ਐੱਸ. ਪੀ. ਖੰਨਾ, ਇਨ ਸਰਵਿਸ ਸੈਂਟਰ ਦੇ ਕਮਾਂਡੈਂਟ ਰਾਜਪਾਲ ਸਿੰਘ ਸੰਧੂ, ਏ. ਡੀ. ਸੀ. ਜਨਰਲ ਰਾਹੁਲ ਚਾਬਾ, ਏ. ਡੀ. ਸੀ. ਵਿਕਾਸ ਅਵਤਾਰ ਸਿੰਘ ਭੁੱਲਰ, ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ ਅਤੇ ਡੀ. ਐੱਸ. ਪੀ. ਸਬ ਡਵੀਜ਼ਨ ਗੁਰਮੀਤ ਸਿੰਘ ਸਮੇਤ ਕਈ ਜੇਲਾਂ ਦੇ ਅਫਸਰ ਮੌਜੂਦ ਸਨ । ਇਸ ਸਮੇਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਕਾਨੂੰਨ ਵਿਵਸਥਾ ਬਣਾਈ ਰੱਖਣਾ ਮੇਰੀ ਪਹਿਲ : ਅਮਰਿੰਦਰ
NEXT STORY