ਖਰੜ (ਅਮਰਦੀਪ) : ਜਾਅਲੀ ਇਮੀਗ੍ਰੇਸ਼ਨ ਕੰਪਨੀ ਦਾ ਸ਼ਿਖਾਰ ਹੋਏ ਦਿੱਲੀ, ਹਰਿਆਣਾ, ਜੰਮੂ ਕਸ਼ਮੀਰ ਤੋਂ ਪੁੱਜੇ ਪੀੜਤਾਂ ਨੇ ਅੱਜ ਇੰਮੀਗ੍ਰੇਸ਼ਨ ਕੰਪਨੀ ਖਿਲਾਫ ਧਰਨਾ ਦਿੱਤਾ। ਗੱਲਬਾਤ ਕਰਦਿਆਂ ਰਾਮ ਫਲ ਕੈਥਲ, ਅਵਤਾਰ ਸਿੰਘ ਮੋਗਾ, ਮੁਹੰਮਦ ਤਨਵੀਰ ਦਿੱਲੀ, ਮੁਹੰਮਦ ਇਫਰਾਨ ਦਿੱਲੀ, ਜਸਵੀਰ ਸਿੰਘ ਕੈਥਲ, ਸੁਖਵਿੰਦਰ ਸਿੰਘ ਕੈਥਲ ਨੇ ਦੱਸਿਆ ਕਿ ਉਨ੍ਹਾਂ ਖਰੜ ਸਥਿਤ ਵਿੰਗਜ਼ ਐਜੂਕੇਸ਼ਨਲ ਅਬਰੋਡ ਨਾਮਕ ਕੰਪਨੀ ਜਿਸ ਨੇ ਲਾਇਸੈਂਸ ਸਮੇਤ ਅਖਬਾਰ ਵਿਚ ਮਕਾਊ ਦੇ ਦੋ ਸਾਲਾਂ ਵਰਕ ਪਰਮਟ ਵੀਜ਼ਾ ਸਬੰਧੀ ਇਸ਼ਤਿਹਾਰ ਦਿੱਤਾ ਸੀ ਤਾਂ ਉਨ੍ਹਾਂ ਕੰਪਨੀ ਕੋਲ ਆਪਣੇ ਪਾਸਪੋਰਟ ਸਮੇਤ 1 ਲੱਖ 80 ਹਜ਼ਾਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਜਮਾਂ ਕਰਵਾਏ। ਕੰਪਨੀ ਵਲੋਂ ਉਨ੍ਹਾਂ ਨੂੰ ਦੋ ਸਾਲ ਦਾ ਵਰਕ ਪਰਮਟ, ਹਵਾਈ ਟਿਕਟਾਂ ਦੇ ਦਿੱਤੀਆਂ ਅਤੇ ਉਹ 1 ਜੂਨ ਨੂੰ ਜਦੋਂ ਖੁਸ਼ੀ-ਖੁਸ਼ੀ ਦਿੱਲੀ ਏਅਰਪੋਰਟ ਤੇ ਵਰਕ ਪਰਮਟ ਸਮੇਤ ਪੁਜੇ ਤਾਂ ਜਦੋਂ ਉਨ੍ਹਾਂ ਏਅਰਪੋਰਟ ਵਿਚ ਏਅਰ ਲਾਈਨ ਦੇ ਮੁਲਾਜ਼ਮਾਂ ਨੂੰ ਹਵਾਈ ਟਿਕਟਾਂ ਅਤੇ ਪਰਮਟ ਦਿਖਾਏ ਤਾਂ ਉਨ੍ਹਾਂ ਕਿਹਾ ਕਿ ਹਵਾਈ ਟਿਕਟਾਂ ਅਤੇ ਪਰਮਟ ਜਾਅਲੀ ਹਨ ਤਾਂ ਉਹ ਹੱਕੇ ਬੱਕੇ ਰਹਿ ਗਏ।
ਜਦੋਂ ਉਹ ਖਰੜ ਉਕਤ ਕੰਪਨੀ ਦੇ ਦਫਤਰ ਵਿਚ ਪੁਜੇ ਤਾਂ ਕੰਪਨੀ ਨੂੰ ਤਾਲਾ ਲੱਗਾ ਹੋਇਆ ਸੀ ਅਤੇ ਜੋ ਮੋਬਾਇਲ ਫੋਨ ਉਨ੍ਹਾਂ ਨੂੰ ਦਿੱਤੇ ਹੋਏ ਸਨ ਉਹ ਵੀ ਬੰਦ ਆ ਰਹੇ ਸਨ। ਉਨ੍ਹਾਂ ਦੱÎਸਿਆ ਕਿ ਕੰਪਨੀ ਮਾਲਕ ਦਾ ਕਾਰ ਨੰਬਰ, ਪਾਸਪੋਰਟ ਦੀ ਫੋਟੋ ਕਾਪੀ ਉਨ੍ਹਾਂ ਆਪਣੀਆਂ ਦਰਖਾਸਤਾਂ ਸਮੇਤ ਸਦਰ ਪੁਲਸ ਨੂੰ ਕਾਰਵਾਈ ਕਰਨ ਲਈ ਦਿੱਤੀ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਮੀਗ੍ਰੇਸ਼ਨ ਕੰਪਨੀ ਦਾ ਜਾਅਲੀ ਸੀ ਲਾਇਸੈਂਸ ਨੰਬਰ
ਅਵਤਾਰ ਸਿੰਘ ਵਾਸੀ ਮੋਗਾ ਨੇ ਦੱਸਿਆ ਕਿ ਜਦੋਂ ਇਮੀਗ੍ਰੇਸ਼ਨ ਲਾਇਸੈਂਸ ਨੰਬਰ ਨੂੰ ਚੈੱਕ ਕੀਤਾ ਤਾਂ ਲਾਇਸੈਂਸ ਨੰਬਰ 1 ਮੁੰਬਈ ਦੀ ਕੰਪਨੀ ਦਾ ਸੀ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਕੋਈ ਵੀ ਬ੍ਰਾਂਚ ਪੰਜਾਬ ਵਿਚ ਨਹੀਂ ਹੈ। ਕੰਪਨੀ ਵਲੋਂ ਕਿਸੀ ਹੋਰ ਕੰਪਨੀ ਦਾ ਨੰਬਰ ਚੋਰੀ ਕਰਕੇ ਇਸ਼ਤਿਹਾਰ ਵਿਚ ਦਿੱਤਾ ਹੋਇਆ ਸੀ।
ਕੀ ਕਹਿਣਾ ਹੈ ਐੱਸ. ਐੱਚ. ਓ. ਦਾ
ਇਸ ਸਬੰਧੀ ਸੰਪਰਕ ਕਰਨ 'ਤੇ ਥਾਣਾ ਸਦਰ ਦੇ ਐੱਸ. ਐੱਚ. ਓ. ਭਗਵੰਤ ਸਿੰਘ ਨੇ ਆਖਿਆ ਕਿ ਸਮੇਂ-ਸਮੇਂ ਸਿਰ ਇਮੀਗ੍ਰੇਸ਼ਨ ਕੰਪਨੀਆਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਪਿਛਲੇ ਦਿਨੀਂ ਜਾਅਲੀ ਇਮੀਗ੍ਰੇਸ਼ਨ ਕੰਪਨੀ ਚਲਾਉਂਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਸੀ ਪਰ ਇਹ ਮਸਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਜੇਕਰ ਇਸ ਮਾਮਲੇ ਵਿਚ ਦਰਖਾਸਤ ਆਉਂਦੀ ਹੈ ਤਾਂ ਇੰਮੀਗ੍ਰੇਸ਼ਨ ਕੰਪਨੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸੀ. ਜੀ. ਸੀ. ਲਾਂਡਰਾਂ ਨੂੰ ਸਰਵੇਖਣ 'ਚ ਸਰਵੋਤਮ ਸਥਾਨ ਮਿਲਿਆ
NEXT STORY