ਮਾਛੀਵਾੜਾ ਸਾਹਿਬ(ਟੱਕਰ, ਸਚਦੇਵਾ)-ਪੰਜਾਬ ਸਰਕਾਰ ਵਲੋਂ ਵੋਟਾਂ ਤੋਂ ਪਹਿਲਾਂ ਕਿਸਾਨਾਂ ਨਾਲ ਉਨ੍ਹਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦੇ ਵਾਅਦੇ ਤੋਂ ਮੁੱਕਰਨ ਤੇ ਸਿਰਫ ਸਹਿਕਾਰੀ ਬੈਂਕਾਂ ਅਧੀਨ ਆਉਂਦਾ 2 ਲੱਖ ਦਾ ਕਰਜ਼ਾ ਮੁਆਫ ਕਰਨ ਦੇ ਮਾਮਲੇ ਨੇ ਕਿਸਾਨਾਂ ਨੂੰ ਚੱਕਰ ਵਿਚ ਪਾਇਆ ਹੋਇਆ ਹੈ। ਕਿਸਾਨ ਪਰਮਜੀਤ ਸਿੰਘ ਨੇ ਬੈਂਕ ਵਲੋਂ ਕੱਢੇ ਗਏ ਨੋਟਿਸ ਦੀ ਕਾਪੀ ਦਿਖਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਏ ਦਿਨ ਕਰਜ਼ਾ ਮੁਆਫੀ ਸਬੰਧੀ ਨਵੇਂ-ਨਵੇਂ ਸ਼ੋਸ਼ੇ ਛੱਡੇ ਜਾ ਰਹੇ ਹਨ। ਪਰਮਜੀਤ ਸਿੰਘ ਨੇ ਦੱਸਿਆ ਕਿ ਕੈਪਟਨ ਵਲੋਂ ਦਿੱਤੇ ਗਏ ਭਰੋਸੇ 'ਤੇ ਉਸ ਨੇ ਵਿਧਾਨ ਸਭਾ ਚੋਣਾਂ ਵੇਲੇ ਕਰਜ਼ਾ ਮੁਆਫੀ ਦੇ ਫਾਰਮ ਵੀ ਭਰੇ ਸਨ। ਉਸ ਨੇ ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਤੋਂ ਆਪਣੀ 2 ਏਕੜ ਜ਼ਮੀਨ 'ਤੇ 2 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਕਰਜ਼ਾ ਮੁਆਫ਼ ਹੋ ਜਾਣਾ ਹੈ, ਇਸ ਲਈ ਕਿਸ਼ਤਾਂ ਨਹੀਂ ਭਰੀਆਂ ਪਰ ਹੁਣ ਸਾਨੂੰ ਬੈਂਕ ਦੇ ਵਕੀਲ ਦਾ ਕਾਰਵਾਈ ਨੋਟਿਸ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰਜ਼ੇ ਵੇਲੇ ਅਸੀਂ ਕੁਝ ਖਾਲ੍ਹੀ ਚੈੱਕ ਬੈਂਕ ਨੂੰ ਦਿੱਤੇ ਸਨ ਤੇ ਹੁਣ ਬੈਂਕ ਨੇ ਇਹ ਚੈੱਕ ਸਾਡੇ ਖਾਤੇ ਵਿਚ ਲਾ ਦਿੱਤੇ, ਜੋ ਕਿ ਬਾਊਂਸ ਹੋ ਗਏ ਹਨ। ਪਰਮਜੀਤ ਨੇ ਦੱਸਿਆ ਕਿ ਮੈਂ ਬੇਰੁਜ਼ਗਾਰ ਕਿਸਾਨ ਹਾਂ, 3 ਸਾਲ ਪਹਿਲਾਂ ਮੇਰਾ ਬੇਟਾ ਗੁੰਮ ਹੋ ਗਿਆ, ਜਿਸਦਾ ਪੁਲਸ ਅਜੇ ਤਕ ਪਤਾ ਨਹੀਂ ਲਾ ਸਕੀ। ਮੇਰੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਹੈ ਤੇ ਹੁਣ ਬੈਂਕ ਵਲੋਂ ਆਏ ਨੋਟਿਸ ਨੇ ਮੇਰੇ ਹੋਸ਼ੋ-ਹਵਾਸ ਉਡਾ ਕੇ ਰੱਖ ਦਿੱਤੇ ਹਨ। ਉਸ ਨੇ ਇਸ ਚਿੱਠੀ ਸਬੰਧੀ ਬੈਂਕ ਦੇ ਵਕੀਲ ਨਾਲ ਵੀ ਗੱਲ ਕੀਤੀ ਤਾਂ ਉਨ੍ਹਾਂ ਮੈਨੂੰ ਬੈਂਕ ਅਧਿਕਾਰੀਆਂ ਨਾਲ ਮਿਲਣ ਲਈ ਕਿਹਾ। ਜਦੋਂ ਮੈਂ ਕੁਝ ਵਿਅਕਤੀਆਂ ਨੂੰ ਲੈ ਕੇ ਬੈਂਕ ਅਧਿਕਾਰੀਆਂ ਨੂੰ ਮਿਲਣ ਗਿਆ ਤਾਂ ਉਨ੍ਹਾਂ ਨੇ ਮੈਨੂੰ ਸਾਫ਼ ਕਹਿ ਦਿੱਤਾ ਕਿ ਤੁਹਾਨੂੰ ਕਰਜ਼ਾ ਮੋੜਨਾ ਪਵੇਗਾ, ਨਹੀਂ ਤਾਂ ਕਾਨੂੰਨੀ ਕਾਰਵਾਈ ਹੋਵੇਗੀ। ਕਿਸਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖਦਿਆਂ ਕਿਹਾ ਕਿ ਜੇ ਉਹ ਆਤਮ-ਹੱਤਿਆ ਨਾ ਕਰੇ ਤਾਂ ਫਿਰ ਕੀ ਕਰੇ। ਕਿਸਾਨ ਨੇ ਕਿਹਾ ਕਿ ਜੇਕਰ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਮੈਂ ਕੋਈ ਗਲਤ ਕਦਮ ਉਠਾ ਲਿਆ ਤੇ ਖੁਦਕੁਸ਼ੀ ਕਰ ਲਈ ਤਾਂ ਉਸ ਲਈ ਜ਼ਿੰਮੇਵਾਰ ਹੋਰ ਕੋਈ ਨਹੀਂ, ਪੰਜਾਬ ਦੀ ਕੈਪਟਨ ਸਰਕਾਰ ਹੋਵੇਗੀ।
ਸਾਡੀ ਬੈਂਕ ਦਾ ਕਰਜ਼ੇ ਮੁਆਫ਼ੀ ਨਾਲ ਕੋਈ ਸਬੰਧ ਨਹੀਂ : ਅਧਿਕਾਰੀ
ਜਦੋਂ ਇਸ ਮਾਮਲੇ ਸਬੰਧੀ ਬੈਂਕ ਅਧਿਕਾਰੀਆਂ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਬੈਂਕ ਦਾ ਕਰਜ਼ੇ ਮੁਆਫੀ ਨਾਲ ਕੋਈ ਸਬੰਧ ਨਹੀਂ ਹੈ ਕਿਉਂਕਿ ਸਾਡੀ ਬੈਂਕ ਵਲੋਂ ਲੰਮੇ ਸਮੇਂ ਲਈ ਕਰਜ਼ਾ ਦਿੱਤਾ ਜਾਂਦਾ ਹੈ, ਜਿਹੜਾ ਕਿ ਕਿਸਾਨ ਨੇ ਹੌਲੀ-ਹੌਲੀ ਤੇ ਸੌਖਿਆਂ ਹੀ ਮੋੜਨਾ ਹੁੰਦਾ ਹੈ। ਸਰਕਾਰ ਵਲੋਂ ਜੋ ਕਰਜ਼ਾ ਮੁਆਫੀ ਦੀ ਸਕੀਮ ਹੈ, ਉਹ ਹੱਦ ਕਰਜ਼ੇ ਵਾਲੇ ਕਿਸਾਨਾਂ ਲਈ ਹੈ। ਹੱਦ ਕਰਜ਼ਾ ਖੇਤੀਬਾੜੀ ਸਹਿਕਾਰੀ ਬੈਂਕਾਂ ਵਲੋਂ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ, ਸਾਨੂੰ ਤਾਂ ਸਰਕਾਰ ਵਲੋਂ ਹੀ ਸਖਤ ਹੁਕਮ ਹਨ ਕਿ ਕਰਜ਼ਦਾਰਾਂ ਤੋਂ ਜਲਦੀ ਤੇ ਸਮੇਂ ਸਿਰ ਕਰਜ਼ੇ ਵਾਪਸ ਕਰਵਾਏ ਜਾਣ।
ਫਗਵਾੜਾ ਜਾਤੀ ਹਿੰਸਾ, ਮੁਲਜ਼ਮਾਂ ਦੀ ਹੋਈ ਵੀਡੀਓ ਕਾਨਫਰੰਸ ਜ਼ਰੀਏ ਪੇਸ਼ੀ
NEXT STORY