ਮੰਡੀ ਗੋਬਿੰਦਗੜ੍ਹ(ਜਗਦੇਵ)-ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੇ ਆਰ. ਜੀ. ਮਿੱਲ ਰੋਡ ਸਥਿਤ ਇਕ ਸਟੀਲ ਰੋਲਿੰਗ ਮਿੱਲ ਦੇ ਟ੍ਰਾਂਸਫਾਰਮਰ ਨੂੰ ਅਚਾਨਕ ਭਿਆਨਕ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਦੀ ਲਪੇਟ ਵਿਚ ਆ ਕੇ ਮਿੱਲ ਦਾ ਸੌ ਫੁੱਟ ਲੰਮਾ ਸ਼ੈੱਡ ਵੀ ਡਿੱਗ ਕੇ ਤਹਿਸ-ਨਹਿਸ ਹੋ ਗਿਆ, ਜਦਕਿ ਸ਼ੈੱਡ ਥੱਲੇ ਕੰਮ ਕਰਦੇ ਮਜ਼ਦੂਰਾਂ ਨੇ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ। ਭਾਵੇਂ ਕਿ ਇਸ ਘਟਨਾ ਦੇ ਵਾਪਰਨ ਨਾਲ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ ਪਰ ਸ਼ੈੱਡ ਡਿੱਗਣ ਕਾਰਨ ਲੱਖਾਂ ਦਾ ਮਾਲੀ ਨੁਕਸਾਨ ਹੋਣ ਦਾ ਅਨੁਮਾਨ ਹੈ। ਇਸ ਮੌਕੇ ਸਟੇਸ਼ਨ ਫਾਇਰ ਅਫ਼ਸਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਕਰੀਬ ਸਵੇਰੇ ਪੌਣੇ 10 ਵਜੇ ਉਕਤ ਮਿੱਲ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਤੇ ਉਹ ਆਪਣੀ ਟੀਮ ਨਾਲ ਘਟਨਾ ਵਾਲੀ ਥਾਂ ਪਹੁੰਚੇ ਪਰ ਅੱਗ ਇੰਨੀ ਜ਼ਿਆਦਾ ਫੈਲ ਚੁੱਕੀ ਸੀ ਕਿ ਉਸ 'ਤੇ ਕਾਬੂ ਪਾਉਣ ਲਈ ਵਿਭਾਗ ਦੀ ਦੂਸਰੀ ਅੱਗ ਬੁਝਾਊੁ ਗੱਡੀ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਕਰੀਬ ਡੇਢ ਘੰਟੇ ਦੀ ਜੱਦੋਜਹਿਦ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਮਿੱਲ ਵਿਚ ਰੱਖੇ ਬਿਜਲੀ ਦੇ ਵੱਡੇ ਟ੍ਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਵਾਪਰਿਆ ਹੈ। ਮਿੱਲ ਮਾਲਕਾਂ ਨੇ ਇਸ ਘਟਨਾ ਬਾਰੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਅੱਗ ਬੁਝਾਊੁ ਅਮਲੇ ਵਿਚ ਸਹਾਇਕ ਸਟੇਸ਼ਨ ਫਾਇਰ ਅਫ਼ਸਰ ਹਰਦੀਪ ਸਿੰਘ, ਫਾਇਰਮੈਨ ਪਰਮਜੀਤ ਸਿੰਘ, ਜਤਿਨ ਭਾਂਬਰੀ, ਫਾਇਰ ਅਫ਼ਸਰ ਰਣਜੀਤ ਸਿੰਘ, ਡਰਾਈਵਰ ਹਰੀਸ਼ ਚੰਦਰ ਅਤੇ ਭੁਪਿੰਦਰ ਸਿੰਘ ਸ਼ਾਮਲ ਸਨ।
ਐੱਸ. ਸੀ. ਤੇ ਪੱਛੜੇ ਵਰਗ ਦੇ ਵਿਦਿਆਰਥੀਆਂ ਨੂੰ ਰੋਲ ਨੰਬਰ ਜਾਰੀ ਕਰਨ ਤੋਂ ਇਨਕਾਰ
NEXT STORY