ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ)— ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਚ.ਐਸ. ਸਰਾਂ ਨੇ ਅੱਜ ਇੱਥੇ ਹੜਾਂ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਦੀ ਸਮੀਖਿਆ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਹਦਾਇਤ ਕੀਤੀ ਕਿ ਇੰਨਾਂ ਪ੍ਰਬੰਧਾਂ 'ਚ ਕੋਈ ਢਿੱਲ ਨਾ ਵਰਤੀ ਜਾਵੇ ਅਤੇ ਬਾਅਦ 'ਚ ਜੇਕਰ ਕਿਸੇ ਦੀ ਅਣਗਹਿਲੀ ਸਾਹਮਣੇ ਆਈ ਤਾਂ ਅਜਿਹੇ ਅਧਿਕਾਰੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬੈਠਕ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜ਼ਿਲਾ ਸਦਰ ਮੁਕਾਮ ਤੋਂ ਇਲਾਵਾ ਗਿੱਦੜਬਾਹਾ ਅਤੇ ਮਲੋਟ ਵਿਖੇ ਵੀ 18 ਜੂਨ ਤੋਂ ਹੜ ਕੰਟਰੋਲ ਰੂਮ ਸਥਾਪਿਤ ਕੀਤੇ ਜਾਣੇ ਹਨ ਜੋ 24 ਘੰਟੇ ਬਰਸਾਤੀ ਸੀਜਨ ਦੌਰਾਨ ਖੁੱਲ੍ਹੇ ਰਹਿਣਗੇ। ਉਨ੍ਹਾਂ ਨੇ ਮਾਲ ਅਫ਼ਸਰਾਂ ਨੂੰ ਕਿਹਾ ਕਿ ਉਹ ਉਨ੍ਹਾਂ ਕੋਲ ਪਹਿਲਾਂ ਤੋਂ ਮੌਜੂਦ ਹੜ•ਪ੍ਰਬੰਧਨ ਸਮਾਨ ਦੀ ਜਾਂਚ ਕਰ ਲੈਣ। ਏ.ਡੀ.ਸੀ. ਨੇ ਕਿਸੇ ਵੀ ਸੰਭਾਵਿਤ ਹੜ ਮੌਕੇ ਬਣਾਏ ਜਾਣ ਵਾਲੇ ਰਾਹਤ ਕੈਂਪਾਂ ਲਈ ਥਾਂ ਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।
ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ 'ਚ ਮੀਹਾਂ ਦੀ ਰੁੱਤ ਦੌਰਾਨ 8 ਮੋਬਾਇਲ ਮੈਡੀਕਲ ਟੀਮਾਂ ਤਾਇਨਾਤ ਰਹਿਣਗੀਆਂ ਜਦ ਕਿ ਫੁਰਤੀ ਨਾਲ ਕਾਰਵਾਈ ਕਰਨ ਲਈ ਵੱਖਰੀਆਂ ਟੀਮਾਂ ਵੀ ਚੌਕਸ ਰਹਿਣਗੀਆਂ। ਇਸੇ ਤਰਾਂ ਬੈਠਕ ਦੌਰਾਨ ਏ.ਡੀ.ਸੀ. ਸ: ਸਰਾਂ ਨੇ ਨਗਰ ਕੌਂਸਲਰਾਂ ਦੇ ਕਾਰਜ ਸਾਧਕ ਅਫ਼ਸਰਾਂ ਨੂੰ ਪਾਬੰਦ ਕੀਤਾ ਕਿ ਉਹ ਸ਼ਹਿਰਾਂ 'ਚ ਸੀਵਰੇਜ ਦੀ ਸਫਾਈ ਸਮੇਤ ਹੋਰ ਲੋੜੀਂਦੇ ਪ੍ਰਬੰਧ ਕਰ ਲੈਣ ਤਾਂ ਜੋ ਬਰਸਾਤ ਦਾ ਪਾਣੀ ਸ਼ਹਿਰੀ ਖੇਤਰਾਂ 'ਚ ਨਾ ਭਰੇ। ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਨੇ ਜਾਨਵਰਾਂ 'ਚ ਟੀਕਾਕਰਨ ਦਾ ਕੰਮ ਮੁਕਾ ਲਿਆ ਹੈ।
ਬੈਠਕ 'ਚ ਹੋਰਨਾਂ ਤੋਂ ਇਲਾਵਾ ਜ਼ਿਲਾ ਮਾਲ ਅਫ਼ਸਰ ਅਵਤਾਰ ਸਿੰਘ, ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਅਰੁਣ ਕੁਮਾਰ, ਸਕੱਤਰ ਰੈੱਡ ਕਰਾਸ ਪ੍ਰੋ: ਗੋਪਾਲ ਸਿੰਘ, ਤਹਿਸੀਲਦਾਰ ਮਨਜੀਤ ਸਿੰਘ ਭੰਡਾਰੀ, ਨਾਇਬ ਤਹਿਸੀਲਦਾਰ ਚਰਨਜੀਤ ਸਿੰਘ, ਥਾਣਾ ਮੁੱਖੀ ਤਜਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਚੂਹਿਆਂ ਤੋਂ ਪਰੇਸ਼ਾਨ ਰੇਲਵੇ ਨੇ ਪੀ. ਏ. ਯੂ. ਦੇ ਦਰਵਾਜ਼ੇ ਦਿੱਤੀ ਦਸਤਕ
NEXT STORY