ਡੇਰਾਬੱਸੀ (ਅਨਿਲ) : ਗੁਰਦੁਆਰਾ ਨਾਡਾ ਸਾਹਿਬ ਤੋਂ ਸੇਵਾ ਕਰਕੇ ਡੇਰਾਬੱਸੀ ਦੀਆਂ ਦੋ ਨੌਜਵਾਨ ਭੈਣਾਂ ਪਰਤਦੀਆਂ ਜ਼ੀਰਕਪੁਰ ਦੇ ਸਿੰਘਪੁਰਾ ਚੌਕ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈਆ। ਹਾਦਸੇ ਦੌਰਾਨ ਐਕਟਿਵਾ ਚਾਲਕ ਵੱਡੀ ਭੈਣ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਪਿੱਛੇ ਬੈਠੀ ਛੋਟੀ ਭੈਣ ਦੀ ਲੱਤ ਟੁੱਟ ਗਈ। ਪੁਲਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਹਰਪ੍ਰੀਤ ਕੌਰ (25) ਅਤੇ ਉਸ ਦੀ ਛੋਟੀ ਭੈਣ ਗਿੰਨੀ ਮਹਾਲ (22) ਵਾਸੀ ਗੁਲਾਬਗੜ੍ਹ, ਡੇਰਾਬੱਸੀ ਹਰ ਐਤਵਾਰ ਨਾਡਾ ਸਾਹਿਬ ਸੇਵਾ ਕਰਨ ਜਾਂਦੀਆਂ ਸਨ। ਲੜਕੀਆਂ ਦੇ ਪਿਤਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਐਕਟਿਵਾ 'ਤੇ ਸਵਾਰ ਹੋ ਕੇ ਘਰੋਂ ਚਾਰ ਵਜੇ ਨਾਡਾ ਸਾਹਿਬ ਗੁਰਦੁਆਰਾ ਸਾਹਿਬ ਗਈਆਂ ਸਨ, ਵਾਪਸੀ ਵੇਲੇ ਕਰੀਬ ਪੌਣੇ ਸੱਤ ਵਜੇ ਸਿੰਘਪੁਰਾ ਚੌਕ ਨੇੜੇ ਕਿਸੇ ਅਣਪਛਾਤੀ ਕਾਰ ਨੇ ਐਕਟਿਵਾ ਨੂੰ ਫੇਟ ਮਾਰ ਦਿੱਤੀ। ਐਕਟਿਵਾ ਬੇਕਾਬੂ ਹੋ ਕੇ ਡਿਗ ਗਈ।
ਹਾਦਸੇ ਦੌਰਾਨ ਵੱਡੀ ਲੜਕੀ ਦਾ ਸਿਰ ਫ਼ੁੱਟਪਾਥ ਨਾਲ ਜਾ ਟਕਰਾਇਆ ਅਤੇ ਪਿੱਛੇ ਬੈਠੀ ਲੜਕੀ ਦੀ ਲੱਤ ਟੁੱਟ ਗਈ। ਦੋਵਾਂ ਨੂੰ ਗੌਰਮਿੰਟ ਹਸਪਤਾਲ ਸੈਕਟਰ-32 ਚੰਡੀਗੜ੍ਹ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਹਰਪ੍ਰੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਵਲੋਂ ਗਿੰਨੀ ਦੀ ਲੱਤ ਦਾ ਪਲਸਤਰ ਕਰਨ ਮਗਰੋਂ ਉਸ ਦੀ ਛੁੱਟੀ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਕੌਰ ਬੀ. ਐੱਡ ਦੀ ਪੜ੍ਹਾਈ ਵਿਚ ਟਾਪਰ ਰਹੀ ਸੀ ਅਤੇ ਹੁਣ ਉਹ ਐੱਮ. ਏ. ਦੀ ਪੜ੍ਹਾਈ ਕਰ ਰਹੀ ਸੀ। ਤਫ਼ਤੀਸ਼ੀ ਅਫ਼ਸਰ ਹੌਲਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਕਾਰ ਚਾਲਕ ਦੇ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 279, 337, 304ਏ ਅਤੇ 427 ਦੇ ਤਹਿਤ ਮਾਮਲਾ ਦਰਜ ਕਰਕੇ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸਿੱਧੂ ਨੂੰ ਫਸਾਉਣ ਪਿੱਛੇ ਬਾਦਲਾਂ ਦਾ ਹੱਥ : ਨਵਜੋਤ ਸਿੱਧੂ (ਵੀਡੀਓ)
NEXT STORY