ਖੰਨਾ(ਸੁਖਵਿੰਦਰ ਕੌਰ)-ਸਥਾਨਕ ਲਲਹੇੜੀ ਰੋਡ ਦੇ ਵਾਰਡ ਨੰਬਰ 6 ਦੇ ਵਸਨੀਕਾਂ ਨੇ ਇਲਾਕੇ ਵਿੱਚ ਹਰ ਵੇਲੇ ਖੜ੍ਹੇ ਰਹਿੰਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਤੇ ਕੌਂਸਲਰ ਵੱਲੋਂ ਇਲਾਕੇ ਦੇ ਲੋਕਾਂ ਦੀ ਕੋਈ ਸਾਰ ਨਾ ਲੈਣ 'ਤੇ ਵਾਰਡ ਕੌਂਸਲਰ ਖਿਲਾਫ਼ ਇਕੱਠੇ ਹੋਏ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਪ੍ਰਦਰਸ਼ਨ ਕੀਤਾ ਹੈ। ਕੌਂਸਲਰ ਦਫ਼ਤਰ ਦੇ ਬਾਹਰ ਗੱਲਬਾਤ ਕਰਦਿਆਂ ਇਲਾਕੇ ਦੀਆਂ ਔਰਤਾਂ ਨੇ ਕਿਹਾ ਕਿ ਵੋਟਾਂ ਲੈਣ ਲਈ ਸਾਡੇ ਕੋਲ ਵਾਰ-ਵਾਰ ਗੇੜੇ ਮਾਰਨ ਵਾਲਾ ਵਾਰਡ ਕੌਂਸਲਰ ਸੁਨੀਲ ਕੁਮਾਰ ਹੁਣ ਸਾਡਾ ਫੋਨ ਵੀ ਨਹੀਂ ਚੁੱਕਦਾ, ਜਦੋਂਕਿ ਕਈ ਵਾਰਡ ਦੇ ਕੌਂਸਲਰ ਤਾਂ ਆਪਣੀ ਵਾਰਡ ਦੇ ਲੋਕਾਂ ਦੇ ਹੱਕਾਂ ਅਤੇ ਬੁਨਿਆਦੀ ਸਹੂਲਤਾਂ ਦੇ ਧਰਨੇ-ਪ੍ਰਦਰਸ਼ਨ ਕਰਕੇ ਨਗਰ ਕੌਂਸਲ ਦੇ ਦਫ਼ਤਰ ਜਾ ਕੇ ਲੋਕਾਂ ਦੇ ਹੱਕਾਂ 'ਚ ਖੜ੍ਹਦੇ ਹਨ ਪਰ ਸਾਡਾ ਕੌਂਸਲਰ ਕਦੇ ਵੀ ਸਾਡੀ ਗਲੀ ਦੇ ਵਿੱਚ ਦਿਖਾਈ ਹੀ ਨਹੀਂ ਦਿੱਤਾ, ਜਦਕਿ ਸਾਰੇ ਹੀ ਮੁਹੱਲੇ ਨੇ ਉਸਨੂੰ ਵੋਟਾਂ ਪਾ ਕੇ ਜਿੱਤਾਇਆ ਹੈ ਪਰ ਹੁਣ ਸਾਰੇ ਹੀ ਵੋਟਰ ਆਪਣੀ ਕਿਸਮਤ ਨੂੰ ਕੋਸ ਰਹੇ ਹਨ ਕਿ ਵਾਰ-ਵਾਰ ਕਹਿਣ 'ਤੇ ਵੀ ਐੱਮ. ਸੀ. ਸਾਡਾ ਕੋਈ ਕੰਮ ਨਹੀਂ ਕਰਦਾ। ਲੋਕਾਂ ਦਾ ਕਹਿਣਾ ਸੀ ਕਿ ਗਲੀਆਂ ਵਿਚ ਪਾਣੀ ਖੜ੍ਹਾ ਰਹਿਣ ਕਰਕੇ ਸਵੇਰੇ-ਸ਼ਾਮ ਮੰਦਰ ਅਤੇ ਗੁਰਦੁਆਰੇ ਜਾਣ ਵਾਲੇ ਸ਼ਰਧਾਲੂਆਂ ਨੂੰ ਚਿੱਕੜ ਅਤੇ ਖੜ੍ਹੇ ਗੰਦੇ ਪਾਣੀ 'ਚੋਂ ਲੰਘ ਕੇ ਜਾਣਾ ਪੈਂਦਾ ਹੈ। ਇਸ ਤੋਂ ਦੁਖੀ ਸ਼ਰਧਾਲੂ ਅਤੇ ਲੋਕਾਂ ਨੇ ਕੌਂਸਲਰ ਅਤੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਬਿਨਾਂ ਬਰਸਾਤ ਤੋਂ ਹੀ ਗਲੀਆਂ ਵਿਚ ਗੰਦਾ ਪਾਣੀ ਖੜ੍ਹਾ ਰਹਿਣ ਕਰਕੇ ਮੱਛਰ ਅਤੇ ਮੱਖੀਆਂ ਦੀ ਬਹੁਤ ਭਰਮਾਰ ਹੈ, ਜਿਸ ਨਾਲ ਮੁਹੱਲੇ ਦੇ ਵਿਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਫੈਲ ਸਕਦੀਆਂ ਹਨ, ਨਾ ਹੀ ਕੋਈ ਸਫਾਈ ਕਰਮਚਾਰੀ, ਸਫਾਈ ਕਰਨ ਲਈ ਆਉਂਦਾ ਹੈ। ਇਸ ਮੌਕੇ ਦਵਿੰਦਰ ਸਿੰਘ, ਬਹਾਦਰ ਸਿੰਘ, ਸਿਮਰਜੀਤ ਸਿੰਘ ਗਿੱਲ, ਮਨਦੀਪ ਸਿੰਘ, ਦਵਿੰਦਰਪਾਲ ਸਿੰਘ, ਜਸਵਿੰਦਰ ਸਿੰਘ, ਜਸਵੰਤ ਸਿੰਘ, ਬਲਰਾਮ ਕੁਮਾਰ, ਸਚਿਨ ਸ਼ਰਮਾ, ਲੱਕੀ ਮੈਨਰੋ, ਪ੍ਰਕਾਸ਼ ਕੌਰ, ਜਸਵੀਰ ਕੌਰ, ਬੀਬੀ ਪਾਲ ਕੌਰ ਅਤੇ ਮਨਜੀਤ ਕੌਰ ਆਦਿ ਹਾਜ਼ਰ ਸਨ।
ਟੈਂਕਰਾਂ ਰਾਹੀਂ ਕੱਢਵਾਇਆ ਜਾਂਦਾ ਹੈ ਗੰਦਾ ਪਾਣੀ : ਕੌਂਸਲਰ
ਇਸ ਸਬੰਧੀ ਵਾਰਡ ਕੌਂਸਲਰ ਸੁਨੀਲ ਕੁਮਾਰ ਨੀਟਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਾਈਨੋਂ ਪਾਰ ਇਲਾਕੇ ਵਿਚ ਸੀਵਰੇਜ ਨਾ ਹੋਣ ਕਰਕੇ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਫਿਰ ਵੀ ਉਨ੍ਹਾਂ ਵੱਲੋਂ ਟੈਂਕਰਾਂ ਰਾਹੀਂ ਗੰਦਾ ਪਾਣੀ ਕੱਢਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਗੁਰਕੀਰਤ ਸਿੰਘ ਦੀ ਅਗਵਾਈ ਵਿਚ ਖੰਨਾ ਸ਼ਹਿਰ ਜਿਸ ਵਿਚ ਕਿ ਅਮਰੁਤ ਸਕੀਮ ਤਹਿਤ ਸੀਵਰੇਜ ਪਾਇਆ ਜਾ ਰਿਹਾ ਹੈ, ਉਸ ਮੁਤਾਬਿਕ ਲਾਈਨੋਂ ਪਾਰ ਇਲਾਕੇ ਵਿਚ ਸੀਵਰੇਜ ਲਾਈਨ ਪਾਈ ਜਾ ਰਹੀ ਹੈ, ਜਿਸ ਤੋਂ ਬਾਅਦ ਲਾਈਨੋਂ ਪਾਰ ਇਲਾਕੇ ਵਿਚ ਸੀਵਰੇਜ ਅਤੇ ਵਾਟਰ ਸਪਲਾਈ ਦੀ ਕੋਈ ਸਮੱਸਿਆ ਨਹੀਂ ਰਹੇਗੀ।
ਜੰਮੂ ਅੱਤਵਾਦੀ ਹਮਲੇ ਕਾਰਨ ਰੀਟ੍ਰੀਟ ਸੈਰੇਮਨੀ ਵਾਲੀ ਥਾਂ 'ਤੇ ਅਲਰਟ
NEXT STORY