ਅੰਮ੍ਰਿਤਸਰ (ਦਲਜੀਤ ਸ਼ਰਮਾ) : ਪੰਜਾਬ 'ਚ ਕਾਲੇ ਪੀਲੀਏ ਨੇ ਤੇਜ਼ੀ ਨਾਲ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਇਕ ਸਾਲ ਦੌਰਾਨ 85 ਫੀਸਦੀ ਤੱਕ ਵਾਧਾ ਹੋਇਆ ਹੈ। ਸੂਬੇ ਵਿਚ ਸਭ ਤੋਂ ਵੱਧ ਕਾਲੇ ਪੀਲੀਏ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਜ਼ਿਲਾ ਸੰਗਰੂਰ ਵਿਚ 5936 ਹੈ। ਇਹ ਖੁਲਾਸਾ ਸਿਹਤ ਵਿਭਾਗ ਦੇ ਅੰਕੜਿਆਂ ਤੋਂ ਹੋਇਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਕਾਲੇ ਪੀਲੀਏ ਦੀ ਬੀਮਾਰੀ ਅਤੇ ਰੋਕਥਾਮ ਸਬੰਧੀ ਕਰੋੜਾਂ ਰੁਪਏ ਖਰਚ ਕਰ ਕੇ ਉਕਤ ਬੀਮਾਰੀ 'ਤੇ ਨਕੇਲ ਪਾਉਣ ਦੇ ਦਾਅਵੇ ਕੀਤੇ ਗਏ ਹਨ ਪਰ ਮੌਜੂਦਾ ਹਾਲਾਤ ਦੇਖ ਕੇ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਦੇ ਇਹ ਦਾਅਵੇ ਅਜੇ ਵੀ ਅਸਲੀਅਤ ਤੋਂ ਕੋਹਾਂ ਦੂਰ ਹਨ। ਪੰਜਾਬ ਵਿਚ ਕਾਲੇ ਪੀਲੀਏ ਨਾਲ ਸਬੰਧਤ ਮਰੀਜ਼ਾਂ ਦੀ ਮੌਤ ਹੋ ਰਹੀ ਹੈ ਤੇ ਸਰਕਾਰ ਇਸ ਮਾਮਲੇ 'ਤੇ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਹੈਪੇਟਾਈਟਸ-ਸੀ ਦੇ ਜੂਨ 2016 ਤੋਂ ਲੈ ਕੇ ਹੁਣ ਤੱਕ ਸੂਬੇ 'ਚ 44 ਹਜ਼ਾਰ 323 ਕੇਸ ਸਾਹਮਣੇ ਆਏ ਹਨ, ਜਦਕਿ ਸਾਲ 2016 ਵਿਚ ਮਰੀਜ਼ਾਂ ਦੀ ਗਿਣਤੀ 23858 ਦਰਜ ਕੀਤੀ ਗਈ ਸੀ। ਹਰ ਸਾਲ ਕਾਲੇ ਪੀਲੀਏ ਨਾਲ ਦੁਨੀਆ ਵਿਚ 3 ਲੱਖ 99 ਹਜ਼ਾਰ ਮਰੀਜ਼ਾਂ ਦੀ ਮੌਤ ਹੁੰਦੀ ਹੈ।
ਸਰਕਾਰੀ ਹਸਪਤਾਲਾਂ 'ਚ ਕਾਲੇ ਪੀਲੀਏ ਦਾ ਹੁੰਦਾ ਹੈ ਮੁਫਤ ਇਲਾਜ : ਪੰਜਾਬ ਸਰਕਾਰ ਵੱਲੋਂ ਕਾਲੇ ਪੀਲੀਏ ਦਾ ਇਲਾਜ ਸਰਕਾਰੀ ਹਸਪਤਾਲਾਂ ਵਿਚ ਮੁਫਤ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। 3 ਮਹੀਨੇ ਦੇ ਕੋਰਸ ਵਿਚ ਲਗਭਗ 50,000 ਰੁਪਏ ਦੇ ਕਰੀਬ ਦਵਾਈ ਮਰੀਜ਼ਾਂ ਨੂੰ ਮੁਫਤ ਮੁਹੱਈਆ ਕੀਤੀ ਜਾਂਦੀ ਹੈ, ਜਦਕਿ ਇਹੀ ਇਲਾਜ ਪ੍ਰਾਈਵੇਟ ਤੌਰ 'ਤੇ ਲੱਖਾਂ ਰੁਪਇਆਂ ਵਿਚ ਆਮ ਲੋਕਾਂ ਲਈ ਕਰਵਾਉਣਾ ਕਾਫੀ ਮੁਸ਼ਕਿਲ ਹੈ। ਮੁੱਖ ਮੰਤਰੀ ਹੈਪੇਟਾਈਟਸ-ਸੀ ਰਿਲੀਫ ਫੰਡ ਸਕੀਮ ਤਹਿਤ ਇਸ ਬੀਮਾਰੀ ਦਾ ਇਲਾਜ ਸਰਕਾਰ ਵੱਲੋਂ ਮੁਫਤ ਕੀਤਾ ਜਾਂਦਾ ਹੈ।
ਕਿਸ ਤਰ੍ਹਾਂ ਫੈਲਦੀ ਹੈ ਇਹ ਬੀਮਾਰੀ
ਕਾਲੇ ਪੀਲੀਏ ਦੀ ਬੀਮਾਰੀ ਦਾ ਇਲਾਜ ਜੇਕਰ ਸਮੇਂ 'ਤੇ ਨਾ ਕਰਵਾਇਆ ਜਾਵੇ ਤਾਂ ਇਹ ਜਾਨਲੇਵਾ ਸਾਬਿਤ ਹੋ ਸਕਦੀ ਹੈ। ਇਹ ਲੋਕਾਂ ਵਿਚ ਦੂਸ਼ਿਤ ਖੂਨ ਚੜ੍ਹਾਉਣ, ਦੂਸ਼ਿਤ ਸਰਿੰਜਾਂ ਦੀ ਵਰਤੋਂ ਕਰਨ, ਨਾਈ ਦੇ ਬਲੇਡ, ਟੈਟੂ ਬਣਾਉਣ, ਪ੍ਰਭਾਵਿਤ ਵਿਅਕਤੀ ਦੇ ਟੁੱਥ ਬਰੱਸ਼ ਦੀ ਵਰਤੋਂ ਕਰਨ, ਗਲਤ ਢੰਗ ਨਾਲ ਕੰਨ ਵਿੰਨ੍ਹਣ ਆਦਿ ਨਾਲ ਇਸ ਬੀਮਾਰੀ ਦਾ ਵਾਇਰਸ ਇਕ ਸਰੀਰ ਤੋਂ ਦੂਸਰੇ ਸਰੀਰ ਤੋਂ ਆਸਾਨੀ ਨਾਲ ਪਹੁੰਚ ਜਾਂਦਾ ਹੈ।
ਸੰਗਰੂਰ 'ਚ ਹਨ ਸਭ ਤੋਂ ਵੱਧ ਮਰੀਜ਼ : ਰਿਪੋਰਟ ਅਨੁਸਾਰ ਜ਼ਿਲਾ ਸੰਗਰੂਰ 'ਚ 5936, ਤਰਨਤਾਰਨ 3889, ਮੁਕਤਸਰ 3727, ਐੱਸ. ਐੱਸ. ਨਗਰ 241, ਮੋਗਾ 3358, ਅੰਮ੍ਰਿਤਸਰ 2608, ਬਰਨਾਲਾ 1932, ਬਠਿੰਡਾ 3130, ਫਰੀਦਕੋਟ 3526, ਫਤਿਹਗੜ੍ਹ ਸਾਹਿਬ 662, ਫਾਜ਼ਿਲਕਾ 1222, ਫਿਰੋਜ਼ਪੁਰ 1762, ਗੁਰਦਾਸਪੁਰ 1071, ਜਲੰਧਰ 1210, ਕਪੂਰਥਲਾ 778 ਤੇ ਲੁਧਿਆਣਾ 'ਚ 2403 ਕੇਸ ਸਾਹਮਣੇ ਆਏ ਹਨ। ਸਰਕਾਰ ਉਕਤ ਅੰਕੜਿਆਂ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੀ ਹੈ। ਹੈਪੇਟਾਈਟਸ-ਸੀ ਦਾ ਇਲਾਜ ਸਮੇਂ 'ਤੇ ਹੋਣਾ ਜ਼ਰੂਰੀ ਹੈ। ਸਿਹਤ ਵਿਭਾਗ ਵੱਲੋਂ ਇਸ ਸਬੰਧੀ ਸਮੇਂ-ਸਮੇਂ 'ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।
ਪਾਬੰਦੀ ਦੇ ਬਾਵਜੂਦ ਵੀ ਸਾੜੀ ਜਾ ਰਹੀ ਹੈ ਕਣਕ ਦੀ ਨਾੜ
NEXT STORY