ਸਾਹਨੇਵਾਲ, (ਜਗਰੂਪ)- ਸਾਧੂਆਂ ਦੇ ਭੇਸ 'ਚ ਘੁੰਮਣ ਵਾਲੇ ਕਥਿਤ ਠੱਗਾਂ ਵੱਲੋਂ ਮੁੱਲਾਂਪੁਰ ਦੇ ਨੇੜੇ ਇਕ ਪਿੰਡ ਤੋਂ ਇਕ ਨਾਬਾਲਗ ਬੱਚੇ ਨੂੰ ਕਥਿਤ ਅਗਵਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ ਨੂੰ ਅੱਜ ਥਾਣਾ ਸਾਹਨੇਵਾਲ ਦੀ ਪੁਲਸ ਨੇ ਰੇਲਵੇ ਲਾਈਨਾਂ ਨੇੜਿਓਂ ਉਸ ਸਮੇਂ ਕਾਬੂ ਕਰ ਕੇ ਬੱਚੇ ਨੂੰ ਬਰਾਮਦ ਕਰ ਕੇ ਪਰਿਵਾਰ ਹਵਾਲੇ ਕਰ ਦਿੱਤਾ ਹੈ।
ਜਦੋਂ ਆਸ-ਪਾਸ ਦੇ ਲੋਕਾਂ ਨੇ ਚਾਰ ਸਾਧੂਆਂ ਨਾਲ ਡਰੇ-ਸਹਿਮੇ ਘੁੰਮ ਰਹੇ ਉਕਤ ਬੱਚੇ ਨੂੰ ਦੇਖਿਆ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਤੁਰੰਤ ਹਰਕਤ 'ਚ ਆਈ ਥਾਣਾ ਪੁਲਸ ਨੇ ਸਾਧੂਆਂ ਨੂੰ ਕਾਬੂ ਕਰਦੇ ਹੋਏ ਬੱਚੇ ਨੂੰ ਬਰਾਮਦ ਕਰ ਲਿਆ, ਜਿਸ ਦੇ ਬਾਅਦ ਉਕਤ ਚਾਰਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸ. ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੂੰ ਸਥਾਨਕ ਲੋਕਾਂ ਨੇ ਫੋਨ 'ਤੇ ਦੱਸਿਆ ਕਿ ਸਾਧੂਆਂ ਦਾ ਭੇਸ ਧਾਰ ਕੇ ਘੁੰਮ ਰਹੇ ਚਾਰ ਵਿਅਕਤੀਆਂ ਦੇ ਨਾਲ ਇਕ ਨਾਬਾਲਗ ਬੱਚਾ ਘੁੰਮ ਰਿਹਾ ਹੈ, ਜੋ ਕਾਫੀ ਡਰਿਆ ਹੋਇਆ ਹੈ। ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਨੇ ਮੌਕੇ 'ਤੇ ਜਾ ਕੇ ਉਕਤ ਸਾਧੂਆਂ ਕੋਲੋਂ ਪੁੱਛਗਿੱਛ ਕੀਤੀ ਤਾਂ ਘਬਰਾ ਗਏ ਅਤੇ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ। ਜਿਸ ਦੇ ਬਾਅਦ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਥੋੜ੍ਹਾ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਉਕਤ ਬੱਚੇ ਨੂੰ ਉਹ ਮੁੱਲਾਂਪੁਰ ਨੇੜੇ ਸਥਿਤ ਪਿੰਡ ਮੰਡਿਆਣੀ ਕਲਾਂ ਤੋਂ ਵਰਗਲਾ ਕੇ ਲੈ ਕੇ ਆਏ ਹਨ, ਜਿਸ ਕੋਲੋ ਉਹ ਡਰਾ-ਧਮਕਾ ਕੇ ਭੀਖ ਮੰਗਵਾਉਂਦੇ ਸਨ।
ਸ਼ੱਕੀ ਹਾਲਾਤ 'ਚ ਹੋਇਆ ਸੀ ਬੱਚਾ ਲਾਪਤਾ
ਥਾਣਾ ਮੁਖੀ ਨੇ ਦੱਸਿਆ ਕਿ ਉਕਤ ਬੱਚਾ 11 ਮਈ 2018 ਨੂੰ ਆਪਣੇ ਘਰ ਤੋਂ ਸ਼ੱਕੀ ਹਾਲਾਤ 'ਚ ਲਾਪਤਾ ਹੋਇਆ ਸੀ, ਜਿਸ ਬਾਰੇ ਪਰਿਵਾਰ ਨੂੰ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਸੀ। ਉਕਤ ਬੱਚੇ ਦੀ ਪਛਾਣ ਰੌਬਿਨਪ੍ਰੀਤ ਸਿੰਘ ਪੁੱਤਰ ਮਨਜਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਰੌਬਿਨ 8ਵੀਂ ਕਲਾਸ 'ਚ ਪੜ੍ਹਦਾ ਸੀ, ਜੋ ਉਕਤ ਸਾਧੂਆਂ ਦੇ ਝਾਂਸੇ 'ਚ ਆ ਗਿਆ ਸੀ। ਜੋ ਉਸ ਨੂੰ ਲੈ ਕੇ ਸਾਹਨੇਵਾਲ ਦੇ ਇਲਾਕੇ 'ਚ ਆ ਕੇ ਰੇਲਵੇ ਲਾਈਨਾਂ ਦੇ ਨੇੜੇ ਰਹਿਣ ਲੱਗੇ।
ਥਾਣਾ ਮੁਖੀ ਨੇ ਦੱਸਿਆ ਕਿ ਉਕਤ ਸਾਧੂਆਂ ਦੀ ਪਛਾਣ ਭੋਲਾਨਾਥ ਪੁੱਤਰ ਕੇਦਾਰ ਨਾਥ, ਬਲਰਾਮ ਸਿੰਘ ਪੁੱਤਰ ਬੱਚੂ ਸਿੰਘ, ਗਰਜੂ ਪ੍ਰਸਾਦ ਪੁੱਤਰ ਬਲਦੇਵ ਸਿੰਘ, ਸੁਨੀਲ ਪੁੱਤਰ ਮਹੇਸ਼ ਵਾਸੀ ਉਤਰਾਖੰਡ ਹਾਲ ਵਾਸੀ ਪਲੇਟਫਾਰਮ ਨੰ. 1, ਰੇਲਵੇ ਸਟੇਸ਼ਨ, ਲੁਧਿਆਣਾ ਦੇ ਰੂਪ 'ਚ ਹੋਈ ਹੈ। ਪੁਲਸ ਨੇ ਉਕਤ ਚਾਰਾਂ ਖਿਲਾਫ ਸਾਜ਼ਿਸ਼ ਤਹਿਤ ਅਗਵਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।
ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਨੂੰ 10 ਸਾਲ ਦੀ ਕੈਦ
NEXT STORY