ਚੰਡੀਗੜ੍ਹ(ਭੁੱਲਰ)- ਮੁਕੰਮਲ ਕਰਜ਼ਾ ਮੁਆਫੀ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਫਸਲਾਂ ਦੇ ਮੁੱਲ ਦੇਣ ਸਮੇਤ ਹੋਰ ਮੰਗਾਂ ਲਈ 10 ਦਿਨਾਂ ਦੇਸ਼ ਪੱਧਰੀ ਅੰਦੋਲਨ ਤਹਿਤ ਪੰਜਾਬ ਵਿਚ ਅੱਜ ਦੂਜੇ ਦਿਨ ਵੀ ਕਿਸਾਨ ਸੰਗਠਨਾਂ ਵੱਲੋਂ ਸ਼ਹਿਰਾਂ ਵੱਲ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਰੋਕੇ ਜਾਣ ਦਾ ਐਕਸ਼ਨ ਜਾਰੀ ਰਿਹਾ। ਪ੍ਰਾਪਤ ਰਿਪੋਰਟਾਂ ਅਨੁਸਾਰ ਭਾਵੇਂ ਪਿੰਡਾਂ ਵਿਚੋਂ ਦੁੱਧ ਤੇ ਸਬਜ਼ੀਆਂ ਨਾ ਜਾਣ ਕਾਰਨ ਸ਼ਹਿਰਾਂ ਦੀਆਂ ਮੰਡੀਆਂ 'ਚ ਸਪਲਾਈ ਘਟ ਰਹੀ ਹੈ ਅਤੇ ਕੀਮਤਾਂ ਵੀ ਵਧੀਆਂ ਹਨ ਪਰ ਇਸਦੇ ਬਾਵਜੂਦ ਵੀ ਅਜੇ ਸ਼ਹਿਰੀ ਖੇਤਰਾਂ ਵਿਚ ਲੋਕਾਂ ਨੂੰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਆਮ ਵਾਂਗ ਹੈ ਪਰ ਅਗਲੇ ਇਕ ਦੋ ਦਿਨਾਂ 'ਚ ਸ਼ਹਿਰਾਂ ਵਿਚ ਦੁੱਧ ਤੇ ਸਬਜ਼ੀਆਂ ਦਾ ਸੰਕਟ ਬਣ ਸਕਦਾ ਹੈ। ਪਿੰਡਾਂ ਵਿਚੋਂ ਦੁੱਧ ਦੀ ਸਪਲਾਈ ਨਾ ਹੋਣ ਕਾਰਨ ਮਿਲਕਫੈੱਡ ਦਾ ਕੰਮ ਵੀ ਪ੍ਰਭਾਵਿਤ ਹੋ ਸਕਦਾ ਹੈ, ਜਿਸ ਨਾਲ ਵੇਰਕਾ ਦੁੱਧ ਦੀ ਸਪਲਾਈ 'ਚ ਵਿਘਨ ਪੈ ਸਕਦਾ ਹੈ। ਪਹਿਲੇ ਦਿਨ ਭਾਵੇਂ ਦੋਧੀਆਂ ਵੱਲੋਂ ਕਿਸਾਨਾਂ ਦੇ ਐਕਸ਼ਨ ਦਾ ਵਿਰੋਧ ਕੀਤਾ ਗਿਆ ਸੀ ਪਰ ਕਈ ਥਾਵਾਂ 'ਤੇ ਦੁੱਧ ਸੜਕਾਂ 'ਤੇ ਡੋਲ੍ਹੇ ਜਾਣ ਤੋਂ ਬਾਅਦ ਬਹੁਤੇ ਦੋਧੀ ਵੀ ਸ਼ਹਿਰਾਂ ਵੱਲ ਦੁੱਧ ਲੈ ਕੇ ਅੱਜ ਨਹੀਂ ਗਏ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਸਮੁੱਚੇ ਪੰਜਾਬ ਵਿਚੋਂ ਜੋ ਰਿਪੋਰਟਾਂ ਆ ਰਹੀਆਂ ਹਨ। ਉਨ੍ਹਾਂ ਮੁਤਾਬਕ ਕਿਸਾਨਾਂ ਵੱਲੋਂ ਸ਼ੁਰੂ ਕੀਤੀ ਨਿਵੇਕਲੀ ਹੜਤਾਲ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ। ਪੰਜਾਬ ਦੇ ਕਿਸਾਨਾਂ ਨੇ ਸਮੁੱਚੇ ਰੂਪ ਵਿਚ ਸਬਜ਼ੀਆਂ, ਦੁੱਧ ਤੇ ਹੋਰ ਖੇਤੀਬਾੜੀ ਵਸਤਾਂ ਦੀ ਸ਼ਹਿਰਾਂ ਨੂੰ ਸਪਲਾਈ ਰੋਕ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵਰਕਰਾਂ ਨੇ ਸਮੁੱਚੇ ਪੰਜਾਬ ਵਿਚ ਭਰਾਤਰੀ ਜਥੇਬੰਦੀਆਂ ਦੇ ਵਰਕਰਾਂ ਨੂੰ ਨਾਲ ਲੈ ਕੇ ਸ਼ਹਿਰਾਂ ਨੂੰ ਆਉਣ ਵਾਲੇ ਰਸਤਿਆਂ ਦੀ ਨਾਕੇਬੰਦੀ ਸ਼ੁਰੂ ਕਰ ਦਿੱਤੀ ਹੈ। ਪਿੰਡਾਂ ਵਿਚ ਸਬਜ਼ੀਆਂ ਅਤੇ ਦੁੱਧ ਦੇ ਸਟਾਲ ਸ਼ੁਰੂ ਕਰਵਾਏ ਜਾ ਰਹੇ ਹਨ। ਜਿੱਥੇ ਸਬਜ਼ੀ 10 ਰੁਪਏ ਤੋਂ ਲੈ ਕੇ 15 ਰੁਪਏ ਕਿਲੋ ਤੱਕ ਅਤੇ ਦੁੱਧ 40/- ਰੁਪਏ ਲਿਟਰ ਵੇਚਿਆ ਜਾਵੇਗਾ। ਉਨ੍ਹਾਂ ਆਮ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਔਖੀ ਘੜੀ ਵਿਚ ਅੰਨਦਾਤਿਆਂ ਦਾ ਸਾਥ ਦੇਣ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਦਾਅਵਾ ਹੈ ਕਿ ਪੰਜਾਬ 'ਚ ਕੁੱਲ ਮਿਲਾ ਕੇ 80 ਫੀਸਦੀ ਕਿਸਾਨਾਂ ਨੇ ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ਬੰਦ ਰੱਖੀ। ਯੂਨੀਅਨ ਨੇ ਕੱਲ ਤੋਂ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਕਿਸੇ ਵੀ ਕਿਸਾਨ ਦਾ ਨਾ ਤਾਂ ਦੁੱਧ ਡੋਲਿਆ ਜਾਵੇ ਅਤੇ ਨਾ ਹੀ ਸਬਜ਼ੀਆਂ ਖਿਲਾਰੀਆਂ ਜਾਣ। ਸਗੋਂ ਕਿਸਾਨਾਂ ਨੂੰ ਸਮਝਾ ਕੇ ਘਰਾਂ ਨੂੰ ਵਾਪਸ ਭੇਜ ਦਿੱਤਾ ਜਾਵੇ ਜਾਂ ਫਿਰ ਇਹ ਵਸਤਾਂ ਗੁਰੂ ਘਰਾਂ ਵਿਚ ਭੇਜ ਦਿੱਤੀਆਂ ਜਾਣ ਜਾਂ ਫਿਰ ਗਰੀਬਾਂ ਵਿੱਚ ਵੰਡ ਦਿੱਤੀਆਂ ਜਾਣ। ਉਨ੍ਹਾਂ ਕਿਹਾ ਹੁਣ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਗੁੱਸੇ ਨੂੰ ਸਮਝਣਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਸਥਿਤੀ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਵੇਗਾ। ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਸਤਿਨਾਮ ਸਿੰਘ ਬਹਿਰੂ ਨੇ ਵੀ ਦਾਅਵਾ ਕੀਤਾ ਕਿ ਅੰਦੋਲਨ ਦੇ ਸੱਦੇ ਨੂੰ ਉਮੀਦ ਤੋਂ ਵੱਧ ਹੁੰਗਾਰਾ ਮਿਲਿਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਕਿਸਾਨ ਹੁਣ ਆਰ-ਪਾਰ ਦੀ ਲੜਾਈ ਲਈ ਤਿਆਰ ਹੋ ਚੁੱਕੇ ਹਨ।
ਸਪਲਾਈ ਕਰੋ ਬੰਦ, ਕੱਲ ਨਹੀਂ ਕਰਾਂਗੇ ਲਿਹਾਜ਼
NEXT STORY