ਜਲੰਧਰ, (ਗੁਲਸ਼ਨ)- ਸ਼ੁੱਕਰਵਾਰ ਸਵੇਰੇ ਅੱਡਾ ਹੁਸ਼ਿਆਰਪੁਰ ਫਾਟਕ 'ਤੇ ਅੰਮ੍ਰਿਤਸਰ ਵਲੋਂ ਆ ਰਹੀ ਅੰਬਾਲਾ ਪੈਸੰਜਰ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਇਕ ਔਰਤ ਨੇ ਖੁਦਕੁਸ਼ੀ ਕਰ ਲਈ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਔਰਤ ਨੇ ਟ੍ਰੇਨ ਆਉਂਦੀ ਵੇਖ ਉਸਦੇ ਅੱਗੇ ਛਾਲ ਮਾਰ ਦਿੱਤੀ। ਡਰਾਈਵਰ ਨੇ ਘਟਨਾ ਦੀ ਸੂਚਨਾ ਰੇਲਵੇ ਅਧਿਕਾਰੀਆਂ ਨੂੰ ਦਿੱਤੀ।
ਮੀਮੋ ਮਿਲਣ ਤੋਂ ਬਾਅਦ ਜੀ. ਆਰ. ਪੀ. ਦੇ ਏ. ਐੱਸ. ਆਈ. ਹੀਰਾ ਸਿੰਘ ਮੌਕੇ 'ਤੇ ਪਹੁੰਚੇ। ਇਸ ਦੌਰਾਨ ਲਾਸ਼ ਰੇਲਵੇ ਲਾਈਨਾਂ 'ਤੇ ਪਈ ਰਹੀ ਤੇ ਉਸਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ। ਮ੍ਰਿਤਕਾ ਦੀ ਪਛਾਣ ਬਲਜੀਤ ਕੌਰ (55) ਪਤਨੀ ਕੁਲਦੀਪ ਸਿੰਘ ਵਾਸੀ ਨਿਊ ਵਿਨੇ ਨਗਰ ਦੇ ਤੌਰ 'ਤੇ ਹੋਈ ਹੈ।
ਸ਼ਨਾਖਤ ਨਾ ਹੋਣ ਕਾਰਨ ਉਸਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਸੀ। ਦੁਪਹਿਰ ਵੇਲੇ ਮ੍ਰਿਤਕਾ ਦਾ ਪਤੀ ਕੁਲਦੀਪ ਸਿੰਘ ਤੇ ਬੇਟਾ ਸਤਨਾਮ ਸਿੰਘ ਜੀ. ਆਰ. ਪੀ. ਥਾਣੇ ਪਹੁੰਚੇ। ਏ. ਐੱਸ. ਆਈ. ਹੀਰਾ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦਾ ਬੇਟਾ ਸਤਨਾਮ ਸਿੰਘ (35) ਜੋ ਕਿ ਫੈਕਟਰੀ ਵਿਚ ਕੰਮ ਕਰਦਾ ਹੈ। ਉਸਨੇ ਆਪਣੇ ਮੋਬਾਇਲ ਫੋਨ ਵਿਚ ਵਟਸਐਪ ਗਰੁੱਪ ਵਿਚ ਰੇਲ ਹਾਦਸੇ ਦੀ ਫੋਟੋ ਵੇਖੀ। ਜਿਸ ਤੋਂ ਬਾਅਦ ਉਸਨੂੰ ਘਟਨਾ ਬਾਰੇ ਪਤਾ ਲੱਗਾ ਤੇ ਉਹ ਥਾਣੇ ਪਹੁੰਚਿਆ। ਜਦੋਂ ਕਿ ਉਸਤੋਂ ਪਹਿਲਾਂ ਉਹ ਉਸਨੂੰ ਕਾਫੀ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ।
ਪੁਲਸ ਮੁਤਾਬਿਕ ਮ੍ਰਿਤਕਾ ਦੇ ਪਤੀ ਕੁਲਦੀਪ ਸਿੰਘ ਤੇ ਬੇਟੇ ਸਤਨਾਮ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਮਾਨਸਿਕ ਪ੍ਰੇਸ਼ਾਨੀ ਕਾਰਨ ਉਸਨੇ ਇਹ ਕਦਮ ਚੁੱਕਿਆ ਹੈ। ਪਰਿਵਾਰ ਵਾਲਿਆਂ ਮੁਤਾਬਿਕ ਉਹ ਘਰੋਂ ਸਹੇਲੀ ਦੇ ਘਰ ਜਾਣ ਦਾ ਕਹਿ ਕੇ ਨਿਕਲੀ ਸੀ ਪਰ ਉਨ੍ਹਾਂ ਦੇ ਘਰ ਨਹੀਂ ਪਹੁੰਚੀ। ਇਸ ਲਈ ਉਸਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਇਸ ਸਬੰਧ ਵਿਚ ਧਾਰਾ 174 ਦੇ ਅਧੀਨ ਕਾਰਵਾਈ ਕੀਤੀ ਹੈ। ਹੀਰਾ ਸਿੰਘ ਨੇ ਕਿਹਾ ਕਿ ਕੱਲ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਇਨੋਵਾ ਪਲਟੀ, ਮਾਸੂਮ ਸਮੇਤ 5 ਦੀ ਮੌਤ
NEXT STORY