ਲੁਧਿਆਣਾ (ਰਾਜ)- ਚੀਮਾ ਚੌਕ ਇਲਾਕੇ ਵਿਚ ਰਾਜਨੀਤਕ ਰੰਜ਼ਿਸ਼ ਤੇ ਇਕ ਸਰਕਾਰੀ ਦੁਕਾਨ ‘ਤੇ ਕਬਜ਼ੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਆਹਮੋ ਸਾਹਮਣੇ ਆ ਗਏ। ਦੋਵੇਂ ਧਿਰਾਂ ਦੇ ਵਿਚ ਹੋਈ ਇਸ ਭਿਆਨਕ ਅਤੇ ਹਿੰਸਕ ਝੜਪ ਵਿਚ ਦੋਵੇਂ ਹੀ ਪਾਰਟੀਆਂ ਦੇ ਨੇਤਾ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲਹੂਲੁਹਾਨ ਹਾਲਤ ਵਿਚ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਹਾਈ ਪ੍ਰੋਫਾਇਲ ਸਿਆਸੀ ਟਕਰਾਅ ਤੋਂ ਬਾਅਦ ਪੂਰੇ ਇਲਾਕੇ ਵਿਚ ਭਾਰੀ ਤਣਾਅ ਫੈਲ ਗਿਆ। ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ 2 ਅਤੇ ਚੌਕੀ ਜਨਕਪੁਰੀ ਦੀ ਪੁਲਸ ਨੇ ਮੌਕੈ ‘ਤੇ ਪੁੱਜ ਕੇ ਮਾਹੌਲ ਖਰਾਬ ਹੋਣ ਤੋਂ ਬਚਾਉਣ ਲਈ ਪੁਲਸ ਫੋਰਸ ਤਾਇਨਾਤ ਕਰ ਦਿੱਤੀ।
ਜਾਣਕਾਰੀ ਮੁਤਾਬਕ ਵਾਰਡ 30 ਤੋਂ ਭਾਜਪਾ ਦੀ ਟਿਕਟ ’ਤੇ ਕੌਂਸਲਰ ਦੀ ਚੋਣ ਲੜ ਚੁੱਕੇ ਵਿੱਕੀ ਸਹੋਤਾ ਨੇ ਆਪ ਦੇ ਮੌਜੂਦਾ ਕੌਂਸਲਰ ਨਿੱਕੂ ਭਾਰਤੀ ‘ਤੇ ਜਾਨਲੇਵਾ ਹਮਲਾ ਕਰਵਾਉਣ ਦੇ ਬੇਹੱਦ ਸੰਗੀਨ ਦੋਸ਼ ਲਾਏ ਹਨ। ਉਨ੍ਹਾਂ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਚੀਮਾ ਚੌਕ ਕੋਲ ਢੋਲੇਵਾਲ ਪੁਲ ਦੇ ਕੱਲੇ ਸ਼ਰਾਬ ਦੇ ਠੇਕੇ ਦੇ ਨਾਲ ਲਗਦੀ ਸਰਕਾਰੀ ਦੁਕਾਨ ਨੰਬਰ 252 ’ਤੇ ਆਪ ਕੌਂਸਲਰ ਨਿੱਕੂ ਭਾਰਤੀ ਨਾਜਾਇਜ਼ ਕਬਜ਼ਾ ਕਰਵਾ ਰਹੇ ਹਨ। ਜਦੋਂ ਉਹ ਉੱਥੇ ਪੁੱਜੇ ਤਾਂ ਮੁਲਜ਼ਮ ਨਿਕੂ ਭਾਰਤੀ ਤੇ ਉਸ ਦੇ ਸਾਥੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ।
ਦੂਜੇ ਪਾਸੇ ਸਿਵਲ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਆਏ ਆਮ ਆਦਮੀ ਪਾਰਟੀ ਦੇ ਕੌਂਸਲਰ ਨਿੱਕੂ ਭਾਰਤੀ ਨੇ ਭਾਜਪਾ ਨੇਤਾ ’ਤੇ ਇਨ੍ਹਾਂ ਦੋਸ਼ਾਂ ਨੂੰ ਸਿਰਿਓਂ ਖਾਰਜ ਕਰਦਿਆਂ ਇਸ ਨੂੰ ਇਕ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ। ਕੌਂਸਲਰ ਨਿੱਕੂ ਭਾਰਤੀ ਦਾ ਕਹਿਣਾ ਹੈ ਕਿ ਇਹ ਪੂਰੀ ਜਗ੍ਹਾ ਨਗਰ ਨਿਗਮ ਦੀ ਸਰਕਾਰੀ ਜਾਇਦਾਦ ਹੈ ਤੇ ਉਥੇ ਕਿਸੇ ਦਾ ਕੋਈ ਮਾਲਕਾਨਾ ਹੱਕ ਨਹੀਂ ਹੈ। ਉਨ੍ਹਾਂ ਨੇ ਉਲਟਾ ਭਾਜਪਾ ਨੇਤਾ ‘ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਵਿੱਕੀ ਸਹੋਤਾ ਇਸ ਦੁਕਾਨ ਦੇ ਮਾਮਲੇ ਨੂੰ ਰਫਾ ਦਫਾ ਕਰਨ ਅਤੇ ਦਬਾਉਣ ਬਦਲੇ ਉਨ੍ਹਾਂ ਤੋਂ 1 ਲੱਖ ਦੀ ਮੋਟੀ ਰਕਮ ਮੰਗ ਰਿਹਾ ਸੀ। ਜਦੋਂ ਉਸ ਨੇ ਭਾਜਪਾ ਨੇਤਾ ਨੂੰ ਪੈਸੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਤਾਂ ਉਸ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਗਾਲੀ ਗਲੋਚ ਤੇ ਹੱਥੋਪਾਈ ਕੀਤੀ ਜਿਸ ਨੇ ਬਾਅਦ ਵਿਚ ਬਚਾਅ ਦੌਰਾਨ ਖੂਨੀ ਟਕਰਾਅ ਦਾ ਰੂਪ ਲੈ ਲਿਆ।
ਇਸ ਹਮਲੇ ਵਿਚ ਉਸ ਦੇ ਕੰਨ ਅਤੇ ਗਰਦਨ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦੇ ਬਿਆਨ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਸੱਚ ਦਾ ਪਤਾ ਲਗਾਉਣ ਲਈ ਘਟਨਾ ਸਥਾਨ ਦੇ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤਾਂ ਕਿ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ।
ਲੁਧਿਆਣਾ ਸੈਂਟਰਲ ਜੇਲ੍ਹ 'ਚ ਇੰਟਰਨੈੱਟ ਸੇਵਾ ਠੱਪ!
NEXT STORY