ਯਾਮੀ ਗੌਤਮ ਨੇ ਐਕਟਿੰਗ ਕਰੀਅਰ ਦਾ ਆਰੰਭ ਬੇਸ਼ੱਕ ਟੀ. ਵੀ. ਨਾਲ ਕੀਤਾ ਸੀ ਪਰ ਪਹਿਲੀ ਹੀ ਫਿਲਮ 'ਵਿੱਕੀ ਡੋਨਰ' ਦੀ ਅਥਾਹ ਸਫਲਤਾ ਪਿੱਛੋਂ ਉਹ ਪੂਰੀ ਤਰ੍ਹਾਂ ਫਿਲਮਾਂ ਵੱਲ ਮੁੜ ਗਈ। ਹਾਲਾਂਕਿ ਇਸ ਫਿਲਮ ਦੀ ਸੁਪਰ ਕਾਮਯਾਬੀ ਪਿੱਛੋਂ ਉਸ ਨੂੰ ਕਈ ਫਿਲਮਾਂ ਦੀ ਪੇਸ਼ਕਸ਼ ਹੋਈ ਪਰ ਉਸ ਨੇ ਸਿਰਫ ਚੋਣਵੀਆਂ ਫਿਲਮਾਂ ਹੀ ਸਾਈਨ ਕੀਤੀਆਂ। ਹਾਲਾਂਕਿ ਉਸ ਦੀਆਂ ਪਿਛਲੀਆਂ 2 ਫਿਲਮਾਂ 'ਟੋਟਲ ਸਿਆਪਾ' ਅਤੇ 'ਐਕਸ਼ਨ ਜੈਕਸਨ' ਕੁਝ ਖਾਸ ਨਹੀਂ ਚੱਲੀਆਂ ਪਰ 'ਬਦਲਾਪੁਰ' ਨੇ ਸਾਰੀ ਕਸਰ ਕੱਢ ਦਿੱਤੀ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼ :-
* ਤੁਹਾਡੀ ਫਿਲਮ 'ਸਨਮ ਰੇ' ਦੀ ਕੁਝ ਵਧੇਰੇ ਹੀ ਚਰਚਾ ਹੋ ਰਹੀ ਹੈ, ਕਿਉਂ?
- ਕਿਉਂਕਿ ਇਸ ਫਿਲਮ ਨੂੰ ਟੀ-ਸੀਰੀਜ਼ ਵਰਗੀ ਕੰਪਨੀ ਕਰ ਰਹੀ ਹੈ, ਜਦੋਂਕਿ ਇਸ ਦੀ ਡਾਇਰੈਕਟਰ ਹੈ 'ਯਾਰੀਆਂ' ਵਰਗੀ ਘੱਟ ਬਜਟ ਦੀ ਸੁਪਰਹਿੱਟ ਫਿਲਮ ਦੇਣ ਵਾਲੀ ਦਿਵਿਆ ਖੋਸਲਾ ਕੁਮਾਰ। ਦਰਅਸਲ, ਇਹ ਇਕ ਮਿਊਜ਼ੀਕਲ ਲਵ ਸਟੋਰੀ ਹੈ। ਅਸੀਂ ਲੱਦਾਖ ਦੀਆਂ ਖੂਬਸੂਰਤ ਵਾਦੀਆਂ 'ਚ ਭਿਅੰਕਰ ਠੰਡ ਦੌਰਾਨ ਇਸ ਫਿਲਮ ਦੀ ਸ਼ੂਟਿੰਗ ਕੀਤੀ ਹੈ। ਉਥੇ ਠੰਡ ਕਰਕੇ ਮੇਰੀ ਤਬੀਅਤ ਵੀ ਖਰਾਬ ਹੋ ਗਈ ਸੀ।
* ਪਹਿਲਾਂ 'ਬਦਲਾਪੁਰ' ਅਤੇ ਹੁਣ 'ਸਨਮ ਰੇ' ਵਿਚ ਵੀ ਤੁਸੀਂ ਲਿੱਪਲਾਕ ਸੀਨ ਦਿੱਤੇ ਹਨ। ਕੀ ਤੁਸੀਂ ਇੰਟੀਮੇਟ ਸੀਨਜ਼ ਤੇ ਐਕਸਪੋਜ਼ ਵੀ ਕਰੋਗੇ?
- ਦੇਖੋ, ਮੈਂ ਆਨਸਕ੍ਰੀਨ ਜਿਹੜੇ ਕਿਸਿੰਗ ਸੀਨ ਦਿੱਤੇ ਹਨ, ਉਹ ਕਿਤਿਓਂ ਤੁੰਨੇ ਹੋਏ ਨਹੀਂ ਹਨ ਕਿਉਂਕਿ ਇਹ ਕਿਰਦਾਰ ਦੀ ਡਿਮਾਂਡ ਸੀ, ਅਜਿਹੇ ਮੌਕੇ ਇਹ ਸੀਨ ਦੇਣਾ ਲਾਜ਼ਮੀ ਸੀ। ਜਿਥੋਂ ਤਕ ਐਕਸਪੋਜ਼ਰ ਅਤੇ ਇੰਟੀਮੇਟ ਸੀਨਜ਼ ਦੀ ਗੱਲ ਹੈ ਤਾਂ ਅੰਗ ਪ੍ਰਦਰਸ਼ਨ ਕਰਨਾ ਮੇਰੇ ਲਈ ਵੱਡੀ ਗੱਲ ਨਹੀਂ ਪਰ ਇਹ ਰੋਲ ਦੀ ਡਿਮਾਂਡ ਹੋਣੀ ਚਾਹੀਦੀ ਹੈ। ਮੈਂ ਤਾਂ ਇਹ ਮੰਨਦੀ ਹਾਂ ਕਿ ਹਰ ਫਿਲਮ ਤੇ ਰੋਲ ਦੀ ਕੁਝ ਡਿਮਾਂਡ ਹੁੰਦੀ ਹੈ, ਜਿਸ ਨੂੰ ਕਲਾਕਾਰ ਨੇ ਪੂਰਾ ਕਰਨਾ ਹੀ ਹੁੰਦਾ ਹੈ।
* ਫਿਰ ਤੁਸੀਂ 'ਦਿ ਸ਼ੌਕੀਨਸ' ਵਿਚ ਕੰਮ ਕਰਨ ਤੋਂ ਪਾਸਾ ਕਿਉਂ ਵੱਟਿਆ?
- ਇਸ ਫਿਲਮ ਦੀ ਕਹਾਣੀ ਦੀ ਮੰਗ ਹੌਟ ਅਦਾਕਾਰਾ ਸੀ। ਅਭਿਸ਼ੇਕ ਵੀ ਹੀਰੋਇਨ ਨੂੰ ਥੋੜ੍ਹਾ ਹੌਟ ਅੰਦਾਜ਼ 'ਚ ਪੇਸ਼ ਕਰਨਾ ਚਾਹੁੰਦੇ ਸਨ। ਮੈਂ ਬਿਨਾਂ ਵਜ੍ਹਾ ਪਰਦੇ 'ਤੇ ਹੌਟ ਦਿਖਣ ਲਈ ਤਿਆਰ ਨਹੀਂ ਸੀ ਅਤੇ ਮੇਰੀ ਲੁਕ ਵੀ ਅਜਿਹੀ ਨਹੀਂ ਕਿ ਤੁਸੀਂ ਉਸ ਨੂੰ ਹੌਟ ਰੂਪ 'ਚ ਪੇਸ਼ ਕਰ ਸਕੋ, ਇਸ ਲਈ ਮੈਂ ਉਸ ਫਿਲਮ 'ਚ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਂਝ ਮੈਨੂੰ ਆਈਟਮ ਸੌਂਗ ਵੀ ਪਸੰਦ ਨਹੀਂ, ਇਸ ਲਈ ਇਨ੍ਹਾਂ ਨੂੰ ਕਰਨ 'ਚ ਮੇਰੀ ਕੋਈ ਦਿਲਚਸਪੀ ਨਹੀਂ।
* ਸ਼ੁਰੂਆਤ ਆਯੁਸ਼ਮਾਨ ਖੁਰਾਣਾ ਨਾਲ, ਉਸ ਪਿੱਛੋਂ ਅਜੇ ਦੇਵਗਨ ਤੇ ਹੁਣ ਪੁਲਕਿਤ ਸਮਰਾਟ....ਕੀ ਕੋਈ ਖੇਡ ਖੇਡ ਰਹੇ ਹੋ?
- ਇਸ 'ਚ ਕੋਈ ਗੇਮ ਨਹੀਂ। ਇਹ ਸੱਚ ਹੈ ਕਿ 'ਸਨਮ ਰੇ' ਅਤੇ 'ਜੁਨੂੰਨੀਅਤ' ਵਿਚ ਪੁਲਕਿਤ ਸਮਰਾਟ ਮੇਰੇ ਹੀਰੋ ਹਨ। ਮੇਰੇ ਵਾਂਗ ਉਨ੍ਹਾਂ ਨੇ ਵੀ ਆਪਣੇ ਕਰੀਅਰ ਦਾ ਆਰੰਭ ਟੀ. ਵੀ. ਨਾਲ ਹੀ ਕੀਤਾ ਸੀ। ਹੁਣ ਟੀ. ਵੀ. ਵੱਡਾ ਮਾਧਿਅਮ ਬਣ ਚੁੱਕਾ ਹੈ। ਮੈਨੂੰ ਜਾਪਦਾ ਹੈ ਕਿ ਹੁਣ ਜਿਸ ਨੂੰ ਜਿਸ ਮਾਧਿਅਮ 'ਚ ਕੰਮ ਕਰਨ ਦੀ ਇੱਛਾ ਹੋਵੇ, ਉਹ ਉਸ ਮਾਧਿਅਮ 'ਚ ਕੰਮ ਕਰ ਸਕਦਾ ਹੈ। ਆਖਿਰ ਇਹ ਤੁਹਾਡਾ ਕਰੀਅਰ ਹੈ। ਤੁਹਾਡੀ ਜੋ ਮਰਜ਼ੀ ਹੋਵੇ, ਉਹੀ ਕੰਮ ਤੁਹਾਨੂੰ ਕਰਨਾ ਚਾਹੀਦੈ। ਮੈਂ ਕਦੇ ਵੀ ਟੀ. ਵੀ. ਅਤੇ ਫਿਲਮ 'ਚ ਫ਼ਰਕ ਨਹੀਂ ਕੀਤਾ। ਉਂਝ ਵੀ ਹੀਰੋ ਚੁਣਨ ਦੀ ਆਜ਼ਾਦੀ ਹੀਰੋਇਨਾਂ ਨੂੰ ਨਹੀਂ ਹੁੰਦੀ, ਸਗੋਂ ਇਹ ਤਾਂ ਪ੍ਰੋਡਿਊਸਰ-ਡਾਇਰੈਕਟਰ ਤੈਅ ਕਰਦੇ ਹਨ।
* ਖਾਨ ਬ੍ਰਿਗੇਡ 'ਚੋਂ ਕਿਸ ਨਾਲ ਕੰਮ ਕਰਨਾ ਪਸੰਦ ਕਰੋਗੇ?
- ਮੈਂ ਕਿਸੇ ਇਕ ਖਾਨ ਨਾਲ ਨਹੀਂ, ਸਗੋਂ ਤਿੰਨਾਂ ਆਮਿਰ, ਸਲਮਾਨ ਤੇ ਸ਼ਾਹਰੁਖ ਨਾਲ ਕੰਮ ਕਰਨਾ ਚਾਹੁੰਦੀ ਹਾਂ ਕਿਉਂਕਿ ਤਿੰਨੋਂ ਹੀ ਸੀਨੀਅਰ ਕਲਾਕਾਰ ਹਨ।
* ਕੀ ਦੁਬਾਰਾ ਟੀ. ਵੀ. 'ਤੇ ਵਾਪਸੀ ਕਰ ਸਕਦੇ ਹੋ?
- ਹੁਣ ਟੀ. ਵੀ. ਸੀਰੀਅਲਾਂ 'ਚ ਕੰਮ ਕਰਨਾ ਮੇਰੇ ਲਈ ਸੰਭਵ ਨਹੀਂ ਪਰ ਕਿਸੇ ਰੋਚਕ ਰਿਐਲਿਟੀ ਸ਼ੋਅ ਦੀ ਪੇਸ਼ਕਸ਼ ਮਿਲੇ ਤਾਂ ਸੋਚ ਸਕਦੀ ਹਾਂ। ਦਰਅਸਲ, ਮੈਂ ਚੰਗਾ ਕੰਮ ਕਰਨਾ ਹੈ, ਮਾਧਿਅਮ ਅਤੇ ਭਾਸ਼ਾ ਤੋਂ ਮੈਨੂੰ ਕੋਈ ਪ੍ਰਹੇਜ਼ ਨਹੀਂ।
* ਤੁਹਾਡਾ ਪਿਛੋਕੜ ਗ਼ੈਰ-ਫਿਲਮੀ ਹੈ। ਇੰਡਸਟਰੀ 'ਚ ਮੁਸ਼ਕਿਲਾਂ ਵੀ ਸਹਿਣੀਆਂ ਪਈਆਂ?
- ਫਿਲਮ ਇੰਡਸਟਰੀ ਦੀ ਜ਼ਿੰਦਗੀ ਮੇਰੇ ਲਈ ਬੜੀ ਕਠਿਨ ਰਹੀ ਹੈ ਕਿਉਂਕਿ ਮੈਂ ਬਹੁਤ ਅੰਤਰਮੁਖੀ ਹਾਂ। ਲੋਕਾਂ ਨਾਲ ਛੇਤੀ ਘੁਲ-ਮਿਲ ਸਕਣਾ ਮੇਰੇ ਲਈ ਸੰਭਵ ਨਹੀਂ ਹੁੰਦਾ। ਹਾਲਾਂਕਿ ਰੀਅਲ ਲਾਈਫ 'ਚ ਮੈਂ ਮਜ਼ਾਕੀਆ ਹਾਂ ਪਰ ਮੇਰਾ ਉਹ ਰੂਪ ਅਤੇ ਸੁਭਾਅ ਸਿਰਫ ਪਰਿਵਾਰ ਦੇ ਲੋਕਾਂ 'ਚ ਹੀ ਉੱਭਰਦਾ ਹੈ। ਹੁਣ ਮੈਂ ਐਡਜਸਟ ਕਰਨਾ ਸਿੱਖ ਲਿਆ ਹੈ। ਹੁਣ ਤਾਂ ਬਹੁਤੀ ਸਮੱਸਿਆ ਨਹੀਂ ਪਰ ਅੱਜ ਵੀ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦੇਣ 'ਚ ਝਿਜਕ ਮਹਿਸੂਸ ਹੁੰਦੀ ਹੈ।
* ਕਿਸ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਚਾਹੁੰਦੇ ਹੋ?
- ਪੀਰੀਅਡ ਫਿਲਮ ਕਰਨ ਦੀ ਇੱਛਾ ਹੈ। 'ਮੁਗਲ-ਏ-ਆਜ਼ਮ' ਵਰਗੀ ਕਾਸਟਿਊਮ ਡਰਾਮਾ ਫਿਲਮ ਕਰਨ ਦੀ ਇੱਛਾ ਹੈ। ਮੈਂ 'ਗਲੈਡੀਏਟਰ' ਵਰਗੀਆਂ ਫਿਲਮਾਂ ਵੀ ਕਰਨਾ ਚਾਹੁੰਦੀ ਹਾਂ। ਕੁਝ ਵੱਖਰੀ ਤਰ੍ਹਾਂ ਦਾ ਕੰਮ ਕਰਨ ਦੀ ਇੱਛਾ ਹੈ। ਚੰਗੇ ਨਿਰਦੇਸ਼ਕਾਂ ਨਾਲ ਵੰਨ-ਸੁਵੰਨੇ ਕਿਰਦਾਰ ਨਿਭਾਉਣ ਦੀ ਇੱਛਾ ਹੈ। ਉਂਝ ਮੈਂ ਹੁਣ ਤਕ ਤਾਂ ਵੱਖਰੀ ਤਰ੍ਹਾਂ ਦਾ ਹੀ ਕੰਮ ਕੀਤਾ ਹੈ।
* ਕਿਸੇ ਖਾਸ ਨਿਰਦੇਸ਼ਕ ਨਾਲ ਕੰਮ ਕਰਨ ਦੀ ਵੀ ਖਾਹਿਸ਼ ਹੈ?
- ਇਸ ਲਿਸਟ 'ਚ ਇਕ ਨਹੀਂ, ਕਈ ਨਿਰਦੇਸ਼ਕ ਹਨ। ਮੈਂ ਨੀਰਜ ਪਾਂਡੇ, ਰਾਜਕੁਮਾਰ ਹਿਰਾਨੀ, ਸੁਜੋਏ ਘੋਸ਼ ਦੇ ਕੰਮ ਦੀ ਮੁਰੀਦ ਹਾਂ। ਇਨ੍ਹਾਂ ਤੋਂ ਇਲਾਵਾ ਵੀ ਕਈ ਨਾਂ ਹਨ, ਜੇ ਗਿਣਨ ਬੈਠੀ ਤਾਂ ਲਿਸਟ ਲੰਬੀ ਹੋ ਜਾਏਗੀ।
* ਤੁਹਾਡੀ ਫਿੱਟਨੈੱਸ ਤੇ ਬਿਊਟੀ ਦਾ ਰਾਜ਼ ਕੀ ਹੈ?
- ਮੈਂ ਚੰਗੀ ਖੁਰਾਕ ਅਤੇ ਇਕ ਸੰਤੁਲਿਤ ਆਹਾਰ 'ਤੇ ਭਰੋਸਾ ਕਰਦੀ ਹਾਂ। ਮੈਂ ਜੰਕ ਫੂਡ ਤੋਂ ਬਚਦੀ ਹਾਂ ਅਤੇ ਹਮੇਸ਼ਾ ਸਿਹਤ ਵਧਾਉਣ ਵਾਲਾ ਆਹਾਰ ਹੀ ਲੈਂਦੀ ਹਾਂ।
New Movie : ਬਜਰੰਗੀ ਭਾਈਜਾਨ
NEXT STORY