ਤਰਨਤਾਰਨ (ਰਮਨ)- ਜ਼ਿਲ੍ਹਾ ਪੁਲਸ ਨੇ ਵੱਖ-ਵੱਖ ਮੰਡੀਆਂ ’ਚੋਂ ਕਣਕ ਦੇ ਤੋੜੇ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਨ੍ਹਾਂ ਤੋਂ 4 ਇਨੋਵਾ ਗੱਡੀਆਂ, 157 ਕਣਕ ਦੇ ਤੋੜੇ, 2 ਮੋਟਰਸਾਈਕਲ ਬਰਾਮਦ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਦਾ ਮਾਣਯੋਗ ਅਦਾਲਤ ਤੋਂ ਰਿਮਾਂਡ ਹਾਸਲ ਕਰ ਕੇ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਬੀਤੇ ਦਿਨੀਂ ਮੰਡੀਆਂ ’ਚ ਕੀਤੀਆਂ ਚੋਰੀਆਂ ਨੇ ਪੁਲਸ ਦੇ ਨੱਕ ’ਚ ਦਮ ਕਰ ਰੱਖਿਆ ਸੀ।
ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਦੁਖਦਾਇਕ ਖ਼ਬਰ, ਪਿੰਡ ਮਾੜੀ ਟਾਂਡਾ ਦੇ ਨੌਜਵਾਨ ਦੀ ਮੌਤ
ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਦੌਰਾਨ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ’ਚ ਕਣਕ ਨਾਲ ਭਰੀਆਂ ਬੋਰੀਆਂ ਨੂੰ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਸੀ, ਜਿਸ ਦੌਰਾਨ ਪੁਲਸ ਨੇ ‘ਸਭ ਫੜੇ ਜਾਣਗੇ’ ਮੁਹਿੰਮ ਤਹਿਤ ਵੱਖ-ਵੱਖ ਮਾਹਿਰਾਂ ਦੀ ਮਦਦ ਅਤੇ ਤਫ਼ਤੀਸ਼ ਦੌਰਾਨ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਪੁੱਤਰ ਜੋਗਿੰਦਰ ਸਿੰਘ ਵਾਸੀ ਪੀਰ ਮੁਹੰਮਦ ਮੱਖੂ, ਇਕਬਾਲ ਸਿੰਘ ਉਰਫ ਬਾਬਾ ਸਪੁੱਤਰ ਡਿਪਟੀ ਸਿੰਘ ਵਾਸੀ ਮੱਖੂ, ਸਿਮਰਨਜੀਤ ਸਿੰਘ ਉਰਫ਼ ਸਿਮਰ ਪੁੱਤਰ ਮਨਜੀਤ ਸਿੰਘ ਵਾਸੀ ਮੱਖੂ ਅਤੇ 8 ਹੋਰ ਅਣਪਛਾਤੇ ਵਿਅਕਤੀਆਂ ਵੱਲੋਂ ਗਿਰੋਹ ਬਣਾਇਆ ਹੋਇਆ ਸੀ, ਜੋ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ’ਚੋਂ ਕਣਕ ਚੋਰੀ ਕਰਨ ਦਾ ਧੰਦਾ ਕਰਦੇ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਦੀ ਅਚਨਚੇਤ ਚੈਕਿੰਗ, ਰੈਸਟੋਰੈਂਟ ਤੇ ਬਾਰ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ
ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਸ਼ਮਸ਼ੇਰ ਸਿੰਘ, ਇਕਬਾਲ ਸਿੰਘ ਅਤੇ ਸਿਮਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਨ੍ਹਾਂ ਤੋਂ 3 ਇਨੋਵਾ ਗੱਡੀਆਂ ਅਤੇ 150 ਤੋੜੇ (50 ਕਿਲੋ ਪ੍ਰਤੀ ਤੋੜਾ) ਕਣਕ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਵੱਲੋਂ ਬੀਤੀ 29 ਅਪ੍ਰੈਲ ਨੂੰ ਖਡੂਰ ਸਾਹਿਬ ਦਾਣਾ ਮੰਡੀ ’ਚੋਂ 2 ਇਨੋਵਾ ਗੱਡੀਆਂ ਦੀ ਮਦਦ ਨਾਲ 25 ਤੋੜੇ ਕਣਕ ਚੋਰੀ ਕੀਤੇ ਗਏ ਸਨ, ਜਦੋਂਕਿ 4 ਮਈ ਨੂੰ 3 ਇਨੋਵਾ ਗੱਡੀਆਂ ਦੀ ਮਦਦ ਨਾਲ ਦਾਣਾ ਮੰਡੀ ਪਿੰਡ ਢੋਟੀਆਂ ਵਿਖੇ 2 ਵਾਰ ਗੇੜੇ ਲਾਉਂਦੇ ਹੋਏ 76 ਤੋੜੇ ਕਣਕ ਚੋਰੀ ਕੀਤੇ ਗਏ ਸਨ।
ਇਹ ਵੀ ਪੜ੍ਹੋ- ਚਾਵਾਂ ਨਾਲ ਮਾਪਿਆਂ ਨੇ ਇਕਲੌਤੇ ਪੁੱਤ ਨੂੰ ਭੇਜਿਆ ਸੀ ਅਮਰੀਕਾ, ਸੋਚਿਆ ਵੀ ਨਹੀਂ ਇੰਝ ਹੋਵੇਗੀ ਵਾਪਸੀ
ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਇਸੇ ਥਾਣਾ ਵੈਰੋਵਾਲ ਦੇ ਮੁਖੀ ਇੰਸਪੈਕਟਰ ਉਪਕਾਰ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਰਾਜਵਿੰਦਰ ਸਿੰਘ ਉਰਫ਼ ਗੋਪੀ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਮੀਆਂਵਿੰਡ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਪਾਸੋਂ ਇਕ ਇਨੋਵਾ ਗੱਡੀ ਅਤੇ 7 ਤੋੜੇ ਕਣਕ ਨਾਲ ਭਰੇ ਅਤੇ 13 ਬੋਰੀਆਂ ਖਾਲੀ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਥਾਣਾ ਚੋਹਲਾ ਸਾਹਿਬ ਦੇ ਮੁਖੀ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਮੁਲਜ਼ਮ ਵਰਿੰਦਰ ਵਾਸੀ ਜਾਖਲ, ਜ਼ਿਲ੍ਹਾ ਫਤਿਹਾਬਾਦ ਹਰਿਆਣਾ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਸ ਤੋਂ 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇਸ ਸਮੇਂ ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲ ਜੀਤ ਸਿੰਘ ਤੋਂ ਇਲਾਵਾ ਇੰਸਪੈਕਟਰ ਉਪਕਾਰ ਸਿੰਘ, ਸਬ-ਇੰਸਪੈਕਟਰ ਵਿਨੋਦ ਸ਼ਰਮਾ ਆਦਿ ਹਾਜ਼ਰ ਸਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਅਮਰੀਕਾ ਤੋਂ ਆਈ ਦੁਖਦਾਇਕ ਖ਼ਬਰ, ਪਿੰਡ ਮਾੜੀ ਟਾਂਡਾ ਦੇ ਨੌਜਵਾਨ ਦੀ ਮੌਤ
NEXT STORY