ਅੰਮ੍ਰਿਤਸਰ, (ਸੁਮੀਤ, ਅਰੁਣ, ਅਗਨੀਹੋਤਰੀ)-ਥਾਣਾ ਕੰਬੋਅ ਅਧੀਨ ਆਉਂਦੇ ਪਿੰਡ ਮਾਹਲ ’ਚ ਰਾਤ ਸਵਾ 9 ਵਜੇ ਦੇ ਕਰੀਬ ਦਹਿਸ਼ਤਗਰਦਾਂ ਵਲੋਂ ਚਲਾਈਆਂ ਗੋਲੀਆਂ ਦੇ ਨਾਲ ਇਕ ਜਨਰਲ ਸਟੋਰ ਮਾਲਕ ਸਿਤਾਰ ਸਿੰਘ ਤੋਂ ਇਲਾਵਾ 2 ਹੋਰ ਰਾਹਗੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਪਿੰਡ ਵਾਸੀ ਸਿਤਾਰ ਸਿੰਘ ਅਤੇ ਛੋਟੇ ਲਾਲ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਦਕਿ ਤੀਸਰੇ ਇਕ ਹੋਰ ਵਿਅਕਤੀ, ਜਿਸ ਦੀ ਪਛਾਣ ਸ਼ੇਰ ਇੰਦਰਜੀਤ ਸ਼ਰਮਾ ਵਜੋਂ ਹੋਈ ਹੈ, ਦੀ ਸੱਜੀ ਬਾਂਹ ’ਤੇ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਸਿਵਲ ਹਸਪਤਾਲ ਵਿਚ ਇਲਾਜ ਅਧੀਨ ਸਿਤਾਰ ਸਿੰਘ, ਜਿਸ ਦੀ ਪਿੱਠ ’ਤੇ ਗੋਲੀ ਲੱਗੀ ਹੈ, ਉਸ ਵਲੋਂ ਗੋਲੀ ਚੱਲਣ ਦੀ ਆਵਾਜ਼ ਤਾਂ ਜ਼ਰੂਰ ਸੁਣੀ ਪਰ ਉਸ ਨੂੰ ਆਪਣੇ ਗੋਲੀ ਲੱਗਣ ਦੀ ਭਿਣਕ ਨਹੀ ਲੱਗੀ। ਸਿਤਾਰ ਸਿੰਘ ਨੇ ਦੱਸਿਆ ਕਿ ਜਦ ਉਹ ਦੁਕਾਨ ਬੰਦ ਕਰ ਕੇ ਆਪਣੀ ਸਕੂਟਰੀ ਸਟਾਰਟ ਕਰਨ ਲੱਗਾ ਤਾਂ ਉਸ ਦੀ ਪਿੱਠ ’ਚ ਆ ਕੇ ਗੋਲੀ ਲੱਗ ਗਈ। ਇਸੇ ਤਰ੍ਹਾਂ ਛਾਤੀ ’ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਛੋਟੇ ਲਾਲ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਲੈਣ ਲਈ ਜਾ ਰਿਹਾ ਸੀ ਕਿ ਉਹ ਅਚਾਨਕ ਗੋਲੀਆਂ ਚੱਲਦੀਆਂ ਦੇਖ ਕੇ ਰੁਕ ਗਿਆ ਅਤੇ ਗੋਲੀ ਛਾਤੀ ਵਿਚ ਆ ਲੱਗੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੰਬੋਅ ਦੀ ਪੁਲਸ ਤੋਂ ਪਹਿਲਾਂ ਥਾਣਾ ਛੇਹਰਟਾ ਦੀ ਪੁਲਸ ਮੌਕੇ ’ਤੇ ਪੁੱਜ ਗਈ।
ਥਾਣਾ ਛੇਹਰਟਾ ਦੇ ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਅਚਾਨਕ ਗੋਲੀ ਦੀ ਆਵਾਜ਼ ਸੁਣ ਕੇ ਇਲਾਕੇ ਵਿਚ ਘੁੰਮ ਰਹੇ ਪੀ. ਸੀ. ਆਰ. ਥਾਣਾ ਛੇਹਰਟਾ ਦੇ ਮੁਲਾਜ਼ਮਾਂ ਵਲੋਂ ਕੰਟਰੋਲ ਰੂਮ ’ਤੇ ਥਾਣਾ ਛੇਹਰਟਾ ਦੀ ਪੁਲਸ ਨੂੰ ਇਤਲਾਹ ਦਿੱਤੀ ਗਈ। ਗੋਲੀ ਕਿਸ ਤਰ੍ਹਾਂ ਅਤੇ ਕਿਸ ਵਲੋਂ ਚਲਾਈ ਗਈ ਕਿਸੇ ਨੂੰ ਕੋਈ ਖ਼ਬਰ ਨਹੀਂ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ 6 ਖੋਲ ਬਰਾਮਦ ਹੋਏ ਹਨ ਕਿਉਂਕਿ ਇਹ ਇਲਾਕਾ ਥਾਣਾ ਕੰਬੋਅ ਦੀ ਪੁਲਸ ਅਧੀਨ ਆਉਂਦਾ ਹੈ, ਅਗਲੀ ਕਾਰਵਾਈ ਥਾਣਾ ਕੰਬੋਅ ਦੀ ਪੁਲਸ ਕਰੇਗੀ। ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਕੰਬੋਅ ਦੇ ਮੁਖੀ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਬਾਰੀਕੀ ਨਾਲ ਕਰ ਰਹੀ ਹੈ। ਮੁਕੰਮਲ ਜਾਂਚ ਮਗਰੋਂ ਪੂਰਾ ਖੁਲਾਸਾ ਕੀਤਾ ਜਾਵੇਗਾ।
BLACK SUNDAY : ਪੰਜਾਬ ਵਿਚ ਇਕੋ ਦਿਨ 8 ਬੱਚੀਆਂ ਨਾਲ ਜ਼ਬਰ-ਜਨਾਹ
NEXT STORY