ਅੰਮ੍ਰਿਤਸਰ (ਦਲਜੀਤ)- ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਕਾਇਆਕਲਪ ਪ੍ਰੋਗਰਾਮ ਵਿਚ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਪਹਿਲੇ ਸਥਾਨ ਤੋਂ ਖਿਸਕ ਕੇ 11ਵੇਂ ਸਥਾਨ ’ਤੇ ਆ ਗਿਆ ਹੈ। ਪ੍ਰੋਗਰਾਮ ਤਹਿਤ ਕੀਤੀ ਜਾਂਚ ਵਿਚ ਹਸਪਤਾਲ ਨੂੰ 78.46 ਫੀਸਦੀ ਅੰਕ ਦਿੱਤੇ ਗਏ ਹਨ। ਪ੍ਰੋਗਰਾਮ ਤਹਿਤ ਸਿਹਤ ਵਿਭਾਗ ਵੱਲੋਂ 23 ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਵਿਚੋਂ 16 ਹਸਪਤਾਲਾਂ 'ਚ ਅੰਕਾਂ ਦਾ ਮੁਕਾਬਲਾ ਹੋਇਆ, ਜਦਕਿ 7 ਹਸਪਤਾਲ ਯੋਗ ਕਰਾਰ ਨਹੀਂ ਦਿੱਤੇ ਗਏ।
ਇਸ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਹਸਪਤਾਲ ਪਠਾਨਕੋਟ 90.98 ਅੰਕ ਲੈ ਕੇ ਪਹਿਲੇ ਸਥਾਨ ’ਤੇ ਰਿਹਾ। ਅੰਮ੍ਰਿਤਸਰ ਦਾ ਜ਼ਿਲਾ ਪੱਧਰੀ ਸਿਵਲ ਹਸਪਤਾਲ 11ਵੇਂ ਨੰਬਰ ’ਤੇ ਆਉਣ ਤੋਂ ਬਾਅਦ ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਹੋਰ ਪ੍ਰੋਗਰਾਮਾਂ ਵਿਚ ਪਹਿਲਾ ਸਥਾਨ ਹਾਸਲ ਕਰਨ ਲਈ ਮੁੜ ਕਵਾਇਤ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਧੁੰਦ ਤੇ ਠੰਡ ਦਾ ਲਗਾਤਾਰ ਪ੍ਰਕੋਪ, ਮੌਸਮ ਵਿਭਾਗ ਨੇ ਐਤਵਾਰ ਤੱਕ ਜਾਰੀ ਕੀਤਾ ਅਲਰਟ
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਹਰ ਸਾਲ ਸਿਹਤ ਸੇਵਾਵਾਂ ਅਤੇ ਹੋਰ ਮਾਪਦੰਡਾਂ ’ਤੇ ਕਇਆਕਲਪ ਪ੍ਰੋਗਰਾਮ ਆਯੋਜਿਤ ਕਰਦੀ ਹੈ। ਪ੍ਰੋਗਰਾਮ ਤਹਿਤ ਸੂਬੇ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਦੀ ਚੋਣ ਕੀਤੀ ਜਾਂਦੀ ਹੈ ਅਤੇ ਵਿਭਾਗ ਵੱਲੋਂ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਨੇ ਵੱਖ-ਵੱਖ ਸਮਿਆਂ ’ਤੇ ਹਸਪਤਾਲਾਂ ਦਾ ਦੌਰਾ ਕਰ ਕੇ ਚੈਕਿੰਗ ਕਰਦੀ ਹੈ। ਸਾਲ 2015-2016 ਵਿਚ ਵਿਸ਼ਵ ’ਚ ਪਹਿਲੇ ਸਥਾਨ ’ਤੇ ਰਹਿਣ ਵਾਲਾ ਅੰਮ੍ਰਿਤਸਰ ਦਾ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ 2022 ਵਿਚ ਪੰਜਵੇਂ ਅਤੇ ਸਾਲ 2021 ਵਿਚ ਦੂਜੇ ਸਥਾਨ ’ਤੇ ਰਿਹਾ ਹੈ ਪਰ ਹੁਣ 11ਵੇਂ ਸਥਾਨ ’ਤੇ ਆਉਣ ਤੋਂ ਬਾਅਦ ਅਧਿਕਾਰੀਆਂ ਨੂੰ ਹੋਰ ਮਿਹਨਤ ਕਰਨੀ ਪਵੇਗੀ। ਕਾਇਆਕਲਪ ਪ੍ਰੋਗਰਾਮ ਤਹਿਤ 28 ਨਵੰਬਰ ਨੂੰ ਸਿਹਤ ਵਿਭਾਗ ਦੀ ਉੱਚ ਪੱਧਰੀ ਟੀਮ ਵੱਲੋਂ ਡਾ. ਨਿਤਿਆ ਦੀ ਅਗਵਾਈ ਹੇਠ ਜਾਂਚ ਕੀਤੀ ਗਈ ਸੀ। ਜਾਂਚ ਦੌਰਾਨ ਹਸਪਤਾਲ ਦੀਆਂ ਅੰਦਰੂਨੀ ਅਤੇ ਬਾਹਰੀ ਸੇਵਾਵਾਂ ਅਤੇ ਖਾਸ ਕਰ ਕੇ ਪਾਰਕਿੰਗ ਨੂੰ ਦੇਖਿਆ ਗਿਆ। ਟੀਮ ਵੱਲੋਂ ਓ. ਪੀ. ਡੀ. ਗਾਇਨੀਕੋਲੋਜੀ ਅਤੇ ਹੋਰ ਸੇਵਾਵਾਂ ਦਾ ਵੀ ਜਾਇਜ਼ਾ ਲਿਆ ਗਿਆ।
ਇਹ ਵੀ ਪੜ੍ਹੋ : ਲੁਧਿਆਣਾ 'ਚ ਫਿਰ ਇਕ ਹੋਰ ਬਲਾਸਟ, ਦੂਰ ਤੱਕ ਫੈਲੀਆਂ ਅੱਗ ਦੀਆਂ ਲਪਟਾਂ
ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਨੂੰ ਆਸ ਸੀ ਕਿ ਇਸ ਵਾਰ ਇਹ ਪ੍ਰੋਗਰਾਮ ਤਹਿਤ ਪਹਿਲੇ ਨੰਬਰ ’ਤੇ ਆਵੇਗਾ ਪਰ 11ਵੇਂ ਸਥਾਨ ’ਤੇ ਆਉਣ ਤੋਂ ਬਾਅਦ ਹਰ ਕਿਸੇ ਦੇ ਚਿਹਰੇ ’ਤੇ ਨਿਰਾਸ਼ਾ ਹੀ ਛਾ ਗਈ ਹੈ, ਕਿਉਂਕਿ ਹਸਪਤਾਲ ਵੱਲੋਂ ਪਹਿਲੇ ਨੰਬਰ ’ਤੇ ਆਉਣ ਲਈ ਕਾਫੀ ਮਿਹਨਤ ਕੀਤੀ ਗਈ ਸੀ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਪਹਿਲਾਂ ਇਹ ਹਸਪਤਾਲ ਸਿਹਤ ਸੇਵਾਵਾਂ ਵਿਚ ਆਦਰਸ਼ ਮੰਨਿਆ ਜਾਂਦਾ ਸੀ ਪਰ ਹੁਣ ਜ਼ਿਲ੍ਹਾ ਪਠਾਨਕੋਟ ਦੇ ਹਸਪਤਾਲ ਨੂੰ ਸੂਬੇ ਦੇ ਹੋਰਨਾਂ ਹਸਪਤਾਲਾਂ ਲਈ ਆਦਰਸ਼ ਚੁਣਿਆ ਗਿਆ ਹੈ।
ਜ਼ਿਲ੍ਹਾ ਹਸਪਤਾਲ ਸਿਹਤ ਸੇਵਾਵਾਂ ’ਚ ਕਰ ਰਿਹਾ ਹੈ ਲਗਾਤਾਰ ਸੁਧਾਰ
ਡਾ. ਮਦਨ ਮੋਹਨ ਅਤੇ ਡਾ. ਸਵਰਨਜੀਤ ਧਵਨ ਦੋਵੇਂ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਅਗਵਾਈ ਹੇਠ ਅਜੋਕੇ ਸਮੇਂ ਵਿਚ ਸਮਾਜ ਸੇਵੀ ਕੰਮਾਂ ਵਿਚ ਕਾਫ਼ੀ ਸੁਧਾਰ ਹੋਇਆ ਹੈ। ਦੋਵੇਂ ਅਧਿਕਾਰੀ ਕੁਸ਼ਲ ਪ੍ਰਸ਼ਾਸਕ ਹਨ ਅਤੇ ਹਸਪਤਾਲ ਵਿਚ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਮਰੀਜ਼ਾਂ ਦੀ ਸੇਵਾ ਲਈ ਹੋਰ ਵੀ ਲਗਨ ਅਤੇ ਮਿਹਨਤ ਨਾਲ ਕੰਮ ਕਰਨਗੇ। ਦੂਜੇ ਪਾਸੇ ਪਤਾ ਲੱਗਾ ਹੈ ਕਿ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਬਹੁਤ ਵੱਡਾ ਹੋਣ ਕਾਰਨ ਇੱਥੇ ਪਾਰਕਿੰਗ ਦੀ ਸਮੱਸਿਆ ਦਿਨੋਂ ਦਿਨ ਵੱਧ ਰਹੀ ਹੈ ਅਤੇ ਉਸ ਸਮੇਂ ਆਈ ਟੀਮ ਨੇ ਪਾਰਕਿੰਗ ਦੀ ਸਮੱਸਿਆ ਨੂੰ ਦੇਖਦਿਆਂ ਅੰਕ ਵਿਚ ਕਟੋਤੀ ਕਰ ਦਿੱਤੀ। ਦੂਜੇ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪ੍ਰੋਗਰਾਮ ਤਿਆਰ ਕਰਵਾਉਣ ਵਾਲੇ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਡਾ. ਵਰੁਣ ਜੋਸ਼ੀ ਨੇ ਕਿਹਾ ਕਿ ਪਾਰਕਿੰਗ ਅਤੇ ਹੋਰ ਸੇਵਾਵਾਂ ਕਾਰਨ ਅੰਕਾਂ ਦੀ ਕਟੌਤੀ ਕੀਤੀ ਗਈ ਹੈ ਅਤੇ ਸਖ਼ਤ ਮਿਹਨਤ ਨਾਲ ਹਸਪਤਾਲ ਨੂੰ ਪਹਿਲੇ ਸਥਾਨ ’ਤੇ ਲਿਆਂਦਾ ਜਾਵੇਗਾ। ਸਿਵਲ ਡਾ. ਵਿਜੇ ਕੁਮਾਰ ਨੇ ਦੱਸਿਆ ਕਿ 11ਵੇਂ ਨੰਬਰ ’ਤੇ ਆਉਣ ਤੋਂ ਬਾਅਦ ਸਿਵਲ ਹਸਪਤਾਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਸੇਵਾਵਾਂ ਵਿਚ ਹੋਰ ਸੁਧਾਰ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਭਵਿੱਖ ਵਿਚ ਹਸਪਤਾਲ ਪਹਿਲੇ ਨੰਬਰ ’ਤੇ ਆ ਸਕੇ। ਉਨ੍ਹਾਂ ਕਿਹਾ ਕਿ ਜ਼ਿਲਾਪੱਧਰੀ ਸਿਵਲ ਹਸਪਤਾਲ ਪਹਿਲਾਂ ਹੀ ਵਧੀਆ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਅਤੇ ਇਸ ਨੂੰ ਹੋਰ ਵੀ ਵਧੀਆ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੀ. ਐੱਚ. ਡੀ. ਪਾਸ ਸਬਜ਼ੀ ਵੇਚ ਕਰ ਰਿਹੈ ਘਰ ਦਾ ਗੁਜ਼ਾਰਾ, ਜਾਣੋ ਪ੍ਰੋਫੈਸਰ ਦੀ ਪੂਰੀ ਕਹਾਣੀ
ਹਸਪਤਾਲ ਨੂੰ ਮਿਲੇਗਾ ਵਿਸ਼ੇਸ਼ ਪ੍ਰਸ਼ੰਸਾ ਸਰਟੀਫਿਕੇਟ ਅਤੇ 3 ਲੱਖ ਦਾ ਇਨਾਮ
ਕਾਇਆਕਲਪ ਪ੍ਰੋਗਰਾਮ ਤਹਿਤ 11ਵੇਂ ਸਥਾਨ ’ਤੇ ਆਉਣ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਅੰਮ੍ਰਿਤਸਰ ਨੂੰ ਵਿਸ਼ੇਸ਼ ਪ੍ਰਸ਼ੰਸਾ ਸਰਟੀਫਿਕੇਟ ਅਤੇ 3 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਪਹਿਲੇ ਸਥਾਨ ’ਤੇ ਰਹਿਣ ਵਾਲੇ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਪਠਾਨਕੋਟ ਨੂੰ 25 ਲੱਖ ਰੁਪਏ ਦੀ ਰਾਸ਼ੀ ਨਾਲ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ। ਪ੍ਰੋਗਰਾਮ ਤਹਿਤ ਵਿਸ਼ੇਸ਼ ਅੰਕ ਪ੍ਰਾਪਤ ਕਰਨ ਵਾਲੇ 16 ਹਸਪਤਾਲਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਹਸਪਤਾਲ ’ਚ 5 ਦਿਨਾਂ ਤੋਂ ਐਕਸਰੇ ਦੀ ਮਸ਼ੀਨ ਹੈ ਖ਼ਰਾਬ
ਸਿਹਤ ਵਿਭਾਗ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਪੰਡਿਤ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੀ ਐਕਸਰੇ ਮਸ਼ੀਨ ਪਿਛਲੇ 4 ਦਿਨਾਂ ਤੋਂ ਖ਼ਰਾਬ ਹੋ ਚੁੱਕੀ ਹੈ। ਇਸ ਸਬੰਧੀ ਵਿਭਾਗ ਦੇ ਸਕੱਤਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੰਡਿਤ ਸ਼ਰਮਾ ਨੇ ਦੱਸਿਆ ਕਿ ਮਸ਼ੀਨ ਦੇ ਖ਼ਰਾਬ ਹੋਣ ਕਾਰਨ ਮੁਫ਼ਤ ਦਾ ਲਾਭ ਲੈਣ ਵਾਲੇ ਮਰੀਜ਼ਾਂ ਨੂੰ ਪੈਸੇ ਖਰਚ ਕੇ ਪ੍ਰਾਈਵੇਟ ਸੈਂਟਰਾਂ ਤੋਂ ਟੈਸਟ ਕਰਵਾਉਣੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਐਕਸਰੇ ਮਸ਼ੀਨ ਬਹੁਤ ਪੁਰਾਣੀ ਹੋ ਚੁੱਕੀ ਹੈ ਅਤੇ ਅਕਸਰ ਖ਼ਰਾਬ ਹੋ ਜਾਂਦੀ ਹੈ। ਇੱਥੇ ਮਰੀਜ਼ਾਂ ਦੇ ਜ਼ਿਆਦਾ ਲੋਡ ਨੂੰ ਦੇਖਦੇ ਹੋਏ ਸਰਕਾਰ ਨੂੰ ਅਤਿ-ਆਧੁਨਿਕ ਤਕਨੀਕ ਨਾਲ ਲੈਸ ਮਸ਼ੀਨਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਮਰੀਜ਼ਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਵਿਭਾਗ ਦੇ ਸਕੱਤਰ ਨੇ ਜਲਦੀ ਹੀ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਰਾਂ ਨੇ ਗੁਰੂ ਘਰ ਨੂੰ ਵੀ ਨਹੀਂ ਬਖਸ਼ਿਆ, 1 ਲੱਖ ਚੋਰੀ ਕਰ ਹੋਏ ਫ਼ਰਾਰ
NEXT STORY