ਅੰਮ੍ਰਿਤਸਰ (ਜਸ਼ਨ)- ਸ਼ਹਿਰ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਨਸ਼ਾ ਸਮੱਗਲਰਾਂ ’ਤੇ ਸ਼ਿਕੰਜਾ ਕੱਸਣ ਲਈ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਆਪ੍ਰੇਸ਼ਨ ਕਾਸੋ (ਕਾਰਡਨ ਐਂਡ ਸਰਚ ਆਪ੍ਰੇਸ਼ਨ) ਵਿਸ਼ੇਸ਼ ਤੌਰ ’ਤੇ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਦੌਰਾਨ ਕਮਿਸ਼ਨਰੇਟ ਪੁਲਸ ਦੀਆਂ ਅਲੱਗ ਅਲੱਗ ਟੀਮਾਂ ਨੇ ਐਤਵਾਰ ਨੂੰ ਛੁੱਟੀ ਵਾਲਾ ਦਿਨ ਹੋਣ ਦੇ ਬਾਵਜੂਦ ਅੰਮ੍ਰਿਤਸਰ ਦੇ ਮਦਨ ਲਾਲ ਢੀਂਗਰਾ ਬਸ ਟਰਮੀਨਲ ਅਤੇ ਰੇਲਵੇ ਸਟੇਸ਼ਨ ਦਾ ਚੱਪਾ ਚੱਪਾ ਖੰਗਾਲਿਆ। ਇਸ ਸਾਰੇ ਆਪ੍ਰੇਸ਼ਨ ਦੀ ਕਮਾਨ ਏ. ਡੀ. ਸੀ. ਪੀ.-1 ਡਾ. ਦਰਪਨ ਆਹਲੂਵਾਲੀਆ, ਏ. ਸੀ. ਪੀ. ਨਾਰਥ ਵਰਿੰਦਰ ਸਿੰਘ ਖੋਸਾ, ਏ. ਸੀ. ਪੀ. ਸਾਊਥ ਮਨਿੰਦਰਪਾਲ ਸਿੰਘ, ਪੁਲਸ ਥਾਣਾ ਇੰਚਾਰਜਾਂ, ਚੌਕੀ ਇੰਚਾਰਜਾਂ, ਥਾਣਾ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਦੀਆਂ ਟੀਮਾਂ, ਸਵੈਟ ਟੀਮਾਂ ਵੱਲੋਂ ਕੀਤੀ ਗਈ।
ਇਹ ਵੀ ਪੜ੍ਹੋ : ਮਾਨਸਾ: ਜ਼ਿਲ੍ਹਾ ਮੈਜਿਸਟਰੇਟ ਨੇ ਅਸ਼ਲੀਲ ਪੋਸਟਰਾਂ 'ਤੇ ਪਾਬੰਦੀ ਲਗਾਉਣ ਸਣੇ ਇਹ ਹੁਕਮ ਕੀਤੇ ਜਾਰੀ, ਪੜ੍ਹੋ ਪੂਰੀ ਖ਼ਬਰ
ਇਸ ਆਪ੍ਰੇਸ਼ਨ ਤਹਿਤ ਪੁਲਸ ਨੇ ਅਲੱਗ-ਅਲੱਗ ਕਈ ਟੀਮਾਂ ਬਣਾਈਆਂ ਸਨ। ਇਸ ਤੋਂ ਇਲਾਵਾ ਵੱਖ-ਵੱਖ ਪੁਲਸ ਅਪ੍ਰੇਸ਼ਨ ਸਨ। ਇਹ ਆਪ੍ਰੇਸ਼ਨ ਸਵੇਰੇ ਤੜਕੇ ਸ਼ੁਰੂ ਕੀਤਾ ਗਿਆ, ਜੋ ਕਿ ਦੁਪਹਿਰ 3 ਵਜੇ ਤੱਕ ਜਾਰੀ ਰਿਹਾ। ਰੇਲਵੇ ਸਟੇਸ਼ਨ ’ਤੇ ਚੈਕਿੰਗ ਦੌਰਾਨ ਸਿਵਲ ਲਾਈਨ, ਥਾਣਾ ਜੀ. ਆਰ. ਪੀ. ਦੇ ਐੱਸ. ਐੱਚ. ਓ. ਬਲਬੀਰ ਸਿੰਘ ਘੁੰਮਣ ਦੀ ਟੀਮ ਸ਼ਾਮਿਲ ਸੀ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ। ਇਸ ਚੈਕਿੰਗ ਮੁਹਿੰਮ ਦੌਰਾਨ ਜਿੱਥੇ ਸਟੇਸ਼ਨ ’ਤੇ ਹਰੇਕ ਯਾਤਰੀ ਅਤੇ ਉਸ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ, ਉੱਥੇ ਡੋਗ ਸਕੁਐਡ ਅਤੇ ਬੰਬ ਡਿਸਪੋਜ਼ਲ ਸਕੁਐਡ ਨੇ ਵੀ ਆਪਣੇ ਪੱਧਰ ’ਤੇ ਸਾਰੀਆਂ ਥਾਵਾਂ ਦਾ ਦੌਰਾ ਕਰ ਕੇ ਚੈਕਿੰਗ ਕੀਤੀ। ਇਸ ਮੌਕੇ ਸਨੀਫਰ ਡਾਂਗ ਸਕੁਐਡ ਦੀ ਟੀਮ ਨੇ ਜਿੱਥੇ ਰੇਲਵੇ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ, ਉੱਥੇ ਹੀ ਪੁਲਸ ਨੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ। ਸਨਿਫਰ ਡਾਂਗ ਦੀ ਟੀਮ ਨੇ ਸਟੇਸ਼ਨ ਦੇ ਸਰਕੂਲੇਟਿੰਗ ਏਰੀਆ ਅਤੇ ਸਾਰੇ ਪਲੇਟਫਾਰਮਾਂ ਦੀ ਵੀ ਬਾਰੀਕੀ ਨਾਲ ਤਲਾਸ਼ੀ ਲਈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦਾ ਜਲਦ ਹੋਵੇਗਾ ਕਾਇਆ-ਕਲਪ, ਹੁਣ ਹਵਾਈ ਅੱਡੇ ਵਰਗੀਆਂ ਮਿਲਣਗੀਆਂ ਸਹੂਲਤਾਂ
ਮਹਿਲਾ ਪੁਲਸ ਟੀਮ ਨੇ ਮਹਿਲਾ ਰੇਲਵੇ ਯਾਤਰੀਆਂ ਦੇ ਸਾਮਾਨ ਦੀ ਵੀ ਚੈਕਿੰਗ ਕੀਤੀ ਅਤੇ ਉਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ। ਦੂਜੇ ਪਾਸੇ ਥਾਣਾ ਏ ਡਿਵੀਜ਼ਨ ਦੇ ਐੱਸ. ਐੱਚ. ਓ. ਦੀ ਅਗਵਾਈ ਹੇਠ ਪੁਲਸ ਟੀਮ ਨੇ ਬੱਸ ਅੱਡੇ ’ਤੇ ਅਚਨਚੇਤ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਉਨ੍ਹਾਂ ਬੱਸ ਸਟੈਂਡ ਦੇ ਹਰੇਕ ਕਾਊਂਟਰ ’ਤੇ ਜਾ ਕੇ ਉਥੇ ਸਟਾਲ ਮਾਲਕਾਂ ਤੋਂ ਪੁੱਛ-ਪੜਤਾਲ ਕੀਤੀ ਅਤੇ ਨਾਲ ਹੀ ਉਨ੍ਹਾਂ ਨੂੰ ਅਪੀਲ ਕੀਤੀ ਕਿ ਜੇਕਰ ਬੱਸ ਸਟੈਂਡ ’ਤੇ ਕੋਈ ਵੀ ਸ਼ੱਕੀ ਵਿਅਕਤੀ ਜਾਂ ਕੋਈ ਵੀ ਸ਼ੱਕੀ ਚੀਜ਼ ਨਜ਼ਰ ਆਉਂਦੀ ਹੈ ਤਾਂ ਉਹ ਤੁਰੰਤ ਪੁਲਸ ਨੂੰ ਸੂਚਿਤ ਕਰਨ। ਇਸ ਤੋਂ ਇਲਾਵਾ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ (ਪੀ. ਏ. ਆਈ. ਐੱਸ.) ਰਾਹੀਂ ਫੋਟੋਆਂ ਖਿੱਚ ਕੇ ਬੱਸ ਸਟੈਂਡ ’ਤੇ ਘੁੰਮ ਰਹੇ ਸ਼ੱਕੀ ਵਿਅਕਤੀਆਂ ਦੀ ਪਛਾਣ ਵੀ ਕੀਤੀ ਗਈ। ਇਸ ਤੋਂ ਬਾਅਦ ਟੀਮ ਨੇ ਬੱਸ ਸਟੈਂਡ ਦੇ ਬੇਸਮੈਂਟ ਅਤੇ ਰੇਲਵੇ ਸਟੇਸ਼ਨ ਦੀ ਮੇਨ ਪਾਰਕਿੰਗ ਵਿੱਚ ਸਥਿਤ ਪਬਲਿਕ ਪਾਰਕਿੰਗ ਵਿੱਚ ਜਾ ਕੇ ਵਾਹਨਾਂ ਦੀ ਚੈਕਿੰਗ ਕੀਤੀ, ਟੀਮ ਨੇ ਉੱਥੇ ਖੜ੍ਹੇ ਵਾਹਨਾਂ ਦੇ ਰਜਿਸਟਰਡ ਨੰਬਰ ਵੀ ਚੈੱਕ ਕੀਤੇ ਅਤੇ ਮਾਲਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਪੁਲਸ ਟੀਮਾਂ ਨੇ ਈ-ਵਾਹਨ ਐਪ ਦੀ ਮਦਦ ਨਾਲ ਵਾਹਨਾਂ ਦੀ ਪੂਰੀ ਜਾਣਕਾਰੀ ਲਈ। ਪੁਲਿਸ ਨੇ ਦੱਸਿਆ ਕਿ ਚੈਕਿੰਗ ਮੁਹਿੰਮ ਅੱਗੇ ਵੀ ਜਾਰੀ ਰਹੇਗੀ।
ਦੂਜੇ ਪਾਸੇ ਏ. ਸੀ. ਪੀ. ਨਾਰਥ ਵਰਿੰਦਰ ਸਿੰਘ ਖੋਸਾ ਦੀ ਪ੍ਰਧਾਨਗੀ ਹੇਠ ਰਣਜੀਤ ਐਵੇਨਿਊ ਥਾਣੇ ਅਤੇ ਕਮਿਸ਼ਨਰੇਟ ਪੁਲਸ ਦੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਵੀ ਸਵੇਰੇ ਤੜਕੇ ਹਾਊਸਿੰਗ ਬੋਰਡ ਕਾਲੋਨੀ, ਲਾਲ ਕੁਆਰਟਰ, ਸੰਜੇ ਗਾਂਧੀ ਕਾਲੋਨੀ, ਧੱਕਾ ਕਾਲੋਨੀ ਵਿਚ ਵਿਸ਼ੇਸ਼ ਤੌਰ ’ਤੇ ਛਾਪੇਮਾਰੀ ਮੁਹਿੰਮ ਚਲਾਈ। ਚੈਕਿੰਗ ਮੁਹਿੰਮ ਦੌਰਾਨ ਏ. ਸੀ. ਪੀ. ਉੱਤਰੀ ਵਰਿੰਦਰ ਸਿੰਘ ਖੋਸਾ ਅਤੇ ਉਨ੍ਹਾਂ ਦੀ ਟੀਮ ਨੇ ਵਿਸ਼ੇਸ਼ ਤੌਰ ’ਤੇ ਅਪਰਾਧਿਕ ਮਾਮਲਿਆਂ ’ਚ ਜ਼ਮਾਨਤ ’ਤੇ ਆਏ ਲੋਕਾਂ ਦੇ ਘਰਾਂ ਦੀ ਚੈਕਿੰਗ ਕੀਤੀ ਅਤੇ ਉਨ੍ਹਾਂ ਦੇ ਘਰਾਂ ਅੰਦਰਲੇ ਅਲਮਾਰੀਆਂ ਚ ਪਏ ਸਾਮਾਨ ਦੀ ਵੀ ਤਲਾਸ਼ੀ ਲਈ। ਇਸ ਕਾਰਵਾਈ ਤੋਂ ਪਹਿਲਾਂ ਪੁਲਸ ਨੇ ਹਾਊਸਿੰਗ ਬੋਰਡ ਕਾਲੋਨੀ ਅਤੇ ਹੋਰ ਚੈਕਿੰਗ ਵਾਲੇ ਇਲਾਕਿਆਂ ਦੇ ਐਂਟਰੀ ਅਤੇ ਐਗਜਿਟ ਪੁਆਇੰਟਾਂ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਸੀ, ਤਾਂ ਜੋ ਉਕਤ ਇਲਾਕਿਆਂ ਵਿਚ ਚੈਕਿੰਗ ਦੌਰਾਨ ਕੋਈ ਵੀ ਵਿਅਕਤੀ ਬਾਹਰ ਨਾ ਜਾ ਸਕੇ। ਇਸ ਦੌਰਾਨ ਉਕਤ ਖੇਤਰ ਦੇ ਅੰਦਰ ਜਾਣ ਵਾਲੇ ਅਤੇ ਆਉਣ ਜਾਣ ਵਾਲੇ ਸਾਰੇ ਰਸਤਿਆਂ ਦੀ ਨਾਕਾਬੰਦੀ ਕੀਤੀ ਗਈ ਅਤੇ ਸਾਰੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ। ਇਸ ਤੋਂ ਇਲਾਵਾ ਥਾਣਾ ਸੀ ਡਵੀਜ਼ਨ ਅਧੀਨ ਪੈਂਦੇ ਗੁੱਜਰਪੁਰਾ ਇਲਾਕੇ ਵਿੱਚ ਵੀ ਚੈਕਿੰਗ ਮੁਹਿੰਮ ਚਲਾਈ ਗਈ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਚੜ੍ਹਦੀ ਜਵਾਨੀ 'ਚ ਨੌਜਵਾਨ ਦੀ ਮੌਤ
ਐਂਟਰੀ ਪੁਆਇੰਟਾਂ ਅਤੇ ਐਗਜ਼ਿਟ ਪੁਆਇੰਟਾਂ ’ਤੇ ਵਿਸ਼ੇਸ਼ ਨਾਕੇਬੰਦੀ
ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਯਕੀਨੀ ਬਣਾ ਦਿੱਤਾ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਐਂਟਰੀ ਪੁਆਇੰਟਾਂ ਅਤੇ ਐਗਜ਼ਿਟ ਪੁਆਇੰਟਾਂ ’ਤੇ ਵਿਸ਼ੇਸ਼ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਮੁਹਿੰਮ ਵੀ ਚਲਾਈ ਜਾ ਰਹੀ ਹੈ। ਸ਼ਹਿਰ ਦੇ ਅੰਦਰੂਨੀ ਇਲਾਕਿਆਂ ਖਾਸ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਦੁਰਗਿਆਣਾ ਮੰਦਿਰ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਅਲੱਗ ਅਲੱਗ ਪੁਲਸ ਟੀਮਾਂ ਲਗਾ ਦਿੱਤੀਆਂ ਗਈਆਂ ਹਨ। ਇਕ ਵਿਸ਼ੇਸ਼ ਯੋਜਨਾ ਤਹਿਤ ਇਨ੍ਹਾਂ ਇਲਾਕਿਆਂ ਵਿਚ ਸਾਦੇ ਕੱਪੜਿਆਂ ਵਿਚ ਪੁਲਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ, ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਕਿਸਮ ਦੀ ਸ਼ਰਾਰਤ ਨਾ ਕਰ ਸਕੇ । ਇਸ ਦੇ ਨਾਲ ਹੀ ਪੁਲਿਸ ਅਪਰਾਧਿਕ ਅਨਸਰਾਂ ਅਤੇ ਜੇਲ ਤੋਂ ਬਾਹਰ ਆਏ ਲੋਕਾਂ 'ਤੇ ਵੀ ਬਾਜ ਅੱਖ ਰੱਖ ਰਹੀ ਹੈ।
ਇਸ ਤੋਂ ਇਲਾਵਾ ਪੁਲਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸ਼ਹਿਰ ’ਚ ਸਥਿਤ ਕਈ ਧਰਮਸ਼ਾਲਾਵਾਂ ਅਤੇ ਹੋਟਲਾਂ ’ਚ ਵੀ ਜਾ ਕੇ ਸਮੇਂ-ਸਮੇਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ। ਸੀ. ਪੀ. ਭੁੱਲਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਿਆਂ ’ਤੇ ਸ਼ਿਕੰਜਾ ਕੱਸਣ ਲਈ ਅਤੇ ਸ਼ਹਿਰ 'ਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਪੁਲਿਸ ਦਾ ਪੂਰਾ ਸਹਿਯੋਗ ਕਰਨ ਅਤੇ ਜੇਕਰ ਉਨ੍ਹਾਂ ਕੋਲ ਕਿਸੇ ਵੀ ਪ੍ਰਕਾਰ ਦੀ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਹੀ ਉਕਤ ਸੂਚਨਾ ਨੂੰ ਪੁਲਸ ਨਾਲ ਸਾਂਝੀ ਕਰਨ, ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾ ਅਤੇ ਪਤਾ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਜਾਵੇਗਾ। ਸੂਚਨਾ ਮਿਲਣ ’ਤੇ ਪੁਲਸ ਤੁਰੰਤ ਹਰਕਤ ਵਿਚ ਆ ਕੇ ਕਾਰਵਾਈ ਕਰੇਗੀ। ਉਨ੍ਹਾਂ ਦੱਸਿਆ ਕਿ ਕਾਸੋ ਚੈਕਿੰਗ ਮੁਹਿੰਮ ਤਹਿਤ ਐਤਵਾਰ ਨੂੰ ਚਲਾਏ ਗਏ ਆਪ੍ਰੇਸ਼ਨ ਦੌਰਾਨ ਉਕਤ ਖੇਤਰਾਂ ਵਿੱਚੋਂ ਕਰੀਬ ਦਰਜਨ ਦੇ ਕਰੀਬ ਸ਼ੱਕੀ ਵਿਅਕਤੀਆਂ ਅਤੇ ਕੁਝ ਇਲਾਕਿਆਂ ਵਿੱਚ ਲਵਾਰਿਸ ਪਏ ਵਾਹਨਾਂ ਨੂੰ ਵੀ ਇਮਪਾਉਡ ਕੀਤਾ ਗਿਆ ਹੈ, ਜਿਨਾਂ ਦੀ ਪੁਲਸ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਬਾਇਲ ਵਿੰਗ ਦੀ ਟੈਕਸ ਚੋਰੀ ’ਤੇ ਸਖ਼ਤ ਕਾਰਵਾਈ, 13 ਵਾਹਨ ਘੇਰ ਕੇ ਵਸੂਲਿਆ 24.83 ਲੱਖ ਜੁਰਮਾਨਾ
NEXT STORY