ਸਰਹਾਲੀ ਸਾਹਿਬ (ਬਲਦੇਵ ਪੰਨੂ)- ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਦੇ ਪਿੰਡ ਵਾੜਾ ਕਾਲੀ ਰਾਉਣ ਵਿਖੇ ਪਿੰਡ ਦੇ ਕੁਝ ਘਰ ਦਰਿਆ ਦੀ ਭੇਟ ਚੜ੍ਹ ਗਏ ਸਨ ਅਤੇ ਫਸਲਾਂ ਬਰਬਾਦ ਹੋ ਗਈਆਂ ਸਨ। ਪਿੰਡ ਦਾ ਗੁਰਦੁਆਰਾ ਸਾਹਿਬ ਵੀ ਦਰਿਆ ਦੇ ਵਗਦੇ ਪਾਣੀ ਤੋਂ ਮਹਿਜ਼ 100 ਫੁੱਟ ਦੀ ਦੂਰੀ ’ਤੇ ਹੋਣ ਕਾਰਨ ਖਤਰੇ ਅਧੀਨ ਸੀ। 13 ਸਤੰਬਰ ਨੂੰ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਨੇ ਨਗਰ ਨਿਵਾਸੀਆਂ ਦੀ ਬੇਨਤੀ ’ਤੇ ਇਥੇ ਸੇਵਾ ਆਰੰਭ ਕੀਤੀ ਅਤੇ ਲਗਾਤਾਰ ਲੱਗ ਰਹੀ ਢਾਹ ਨੂੰ ਰੋਕਣ ਲਈ ਦਿਨ-ਰਾਤ ਨਿਰੰਤਰ ਸੇਵਾ ਜਾਰੀ ਰੱਖੀ। ਅੱਜ ਇਥੇ 12 ਦਿਨਾਂ ਦੀ ਲਗਾਤਾਰ ਸੇਵਾ ਨਾਲ ਕਾਰਜ ਸੰਪੂਰਨ ਹੋਣ ’ਤੇ ਰਾਤ 8.30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸ ਸਮਾਗਮ ਕੀਤਾ ਗਿਆ। ਸੰਤ ਬਾਬਾ ਸੁੱਖਾ ਸਿੰਘ ਜੀ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ, ਆਰਤੀ ਸ਼ਬਦ ਗਾਇਨ ਉਪਰੰਤ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ।
ਇਸ ਮੌਕੇ ਬਾਬਾ ਜੀ ਨੇ ਆਖਿਆ ਕਿ ਇਸ ਬੰਨ੍ਹ ’ਤੇ ਢਾਹ ਬਹੁਤ ਤੇਜ਼ੀ ਨਾਲ ਲੱਗ ਰਹੀ ਸੀ ਅਤੇ 200 ਫੁੱਟ ਸੜਕ ਪਾਣੀ ਵਿਚ ਰੁੜ ਚੁੱਕੀ ਸੀ। ਕੁਝ ਘਰ ਪੂਰੀ ਤਰ੍ਹਾਂ ਸਤਲੁਜ ਦੀ ਭੇਟ ਚੜ੍ਹ ਗਏ ਸਨ। ਸੰਪਰਦਾਇ ਵੱਲੋਂ ਹੋਰ ਵੀ ਅਸਥਾਨਾਂ ’ਤੇ ਜਿਵੇਂ ਸੁਲਤਾਨਪੁਰ ਲੋਧੀ ਇਲਾਕੇ ਦੇ ਪਿੰਡ ਚੱਕ ਪੱਤੀ ਬਾਲੂ ਬਹਾਦਰ, ਬਾਊਪੁਰ ਜਦੀਦ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਘੋਨੇਵਾਲ (ਰਮਦਾਸ) ਅਤੇ ਹੋਰ ਕੁਝ ਇਲਾਕਿਆਂ ਵਿਚ ਸੇਵਾਵਾਂ ਚੱਲ ਰਹੀਆਂ ਹਨ ਪਰ ਇਸ ਬੰਨ੍ਹ ’ਤੇ ਪਹਿਲ ਆਧਾਰ ’ਤੇ ਸੇਵਾ ਮੁਕੰਮਲ ਕੀਤੀ ਗਈ ਹੈ। ਸੰਪਰਦਾਇ ਦੇ ਸਮੂਹ ਜਥੇਦਾਰਾਂ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਸਨ। 13 ਸਤੰਬਰ ਤੋਂ ਲਗਾਤਾਰ ਸੰਗਤਾਂ ਨੇ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਸੇਵਾ ਕੀਤੀ ਹੈ।
ਗੁਰੂ ਦੀਆਂ ਸੰਗਤਾਂ ਦੇ ਨਾਲ ਜ਼ਿਲਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਐੱਸ.ਡੀ.ਐੱਮ ਜ਼ੀਰਾ, ਇਰੀਗੇਸ਼ਨ ਵਿਭਾਗ ਦੇ ਸਮੂਹ ਅਧਿਕਾਰੀ, ਰਾਜਨੀਤਕ ਨੇਤਾਵਾਂ, ਗ੍ਰਾਮ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਨੇ ਭਰਪੂਰ ਸਹਿਯੋਗ ਦਿੱਤਾ ਹੈ। ਇਸ ਮਾਲਵਾ ਖੇਤਰ ਦੇ ਬੰਨ੍ਹ ’ਤੇ ਮਾਝੇ ਅਤੇ ਦੁਆਬੇ ਤੋਂ ਵੀ ਬਹੁਤ ਸਾਰੀਆਂ ਸੰਗਤਾਂ ਸੇਵਾ ਲਈ ਪਹੁੰਚਦੀਆਂ ਰਹੀਆਂ ਹਨ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਸਾਡੀ ਅਰਦਾਸ ਹੈ ਵਾਹਿਗੁਰੂ ਉਨ੍ਹਾਂ ਨੂੰ ਜੀਵਨ ਦੇ ਹਰ ਖੇਤਰ ਵਿਚ ਤਰੱਕੀ ਬਖਸ਼ੇ, ਜਿਨ੍ਹਾਂ ਨੇ ਸੇਵਾ ਕਰਕੇ ਮਨੁੱਖੀ ਭਾਈਚਾਰੇ ਨੂੰ ਮਜ਼ਬੂਤ ਕੀਤਾ ਹੈ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਸੰਗਤ ਦੇ ਸਹਿਯੋਗ ਨਾਲ ਇਸ ਵਿਚ ਕਾਮਯਾਬੀ ਮਿਲੀ ਹੈ। ਅਸੀਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।
ਇਸ ਮੌਕੇ ਨਗਰ ਨਿਵਾਸੀ ਮੋਹਤਬਰ ਵਿਅਕਤੀਆਂ ਨੇ ਸਟੇਜ਼ ’ਤੇ ਬੋਲਦਿਆਂ ਆਖਿਆ ਕਿ ਅਸੀਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ। ਪਿਛਲੇ ਕਈ ਦਿਨਾਂ ਤੋਂ ਸਾਡੇ ਪਿੰਡ ਉਪਰ ਬਹੁਤ ਵੱਡੀ ਸਮੱਸਿਆ ਆਈ ਸੀ। ਬਿਪਤਾ ਦੇ ਸਮੇਂ ਵਿਚ ਬਾਬਾ ਜੀ ਨੇ ਸਾਡਾ ਹੱਥ ਫੜਿਆ ਅਤੇ ਡੁੱਬਦਾ ਬੇੜਾ ਬੰਨੇ ਲਾਇਆ ਹੈ। ਅਸੀਂ ਆਪਣੀ ਜ਼ਿੰਦਗੀ ਵਿਚ ਕਈ ਸੰਤਾਂ ਦੇ ਦਰਸ਼ਨ ਕੀਤੇ ਹਨ ਪਰ ਸੰਤ ਬਾਬਾ ਸੁੱਖਾ ਸਿੰਘ ਜੀ ਵਰਗਾ ਸੰਤ ਪਹਿਲੀ ਵਾਰ ਵੇਖਿਆ ਹੈ, ਜਿਨ੍ਹਾਂ ਨੇ ਸੰਗਤ ਨਾਲ ਖੁਦ ਅਣਥੱਕ ਸੇਵਾ ਕਰਦਿਆਂ ਹਨੇਰਾ ਸਵੇਰਾ ਨਹੀਂ ਵੇਖਿਆ, ਗਰਮੀ, ਧੁੱਪ, ਛਾਂ ਆਦਿ ਦੀ ਪ੍ਰਵਾਹ ਨਹੀਂ ਕੀਤੀ। ਅਸੀਂ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਐਸੇ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਅਤੇ ਸੇਵਾ ਸਿਮਰਨ ਨਾਲ ਜੁੜਨਾ ਚਾਹੀਦਾ ਹੈ। ਬਾਬਾ ਜੀ ਦੇ ਉੱਦਮ ਨਾਲ ਅਸੀਂ ਇਕ ਵਾਰ ਖਤਰੇ ਤੋਂ ਬਾਹਰ ਹੋ ਗਏ ਹਾਂ। ਅਸੀਂ ਸਮੂਹ ਨਗਰ ਨਿਵਾਸੀ ਇਕ ਹਫਤੇ ਬਾਅਦ ਸਰਹਾਲੀ ਸਾਹਿਬ ਪਹੁੰਚ ਕੇ ਬਾਬਾ ਜੀ ਨੂੰ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਵਾਂਗੇ ਅਤੇ ਜ਼ਰੂਰਤ ਅਨੁਸਾਰ ਬੇਨਤੀ ਕਰਾਂਗੇ। ਮਹਾਂਪੁਰਖਾਂ ਦੀ ਇਸ ਸੇਵਾ ਨਾਲ ਇਸ ਇਲਾਕੇ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਅਸੀਂ ਆਪਣੇ ਪਿੰਡ ਵਾਸੀਆਂ ਅਪੀਲ ਕਰਦੇ ਹਾਂ ਕਿ ਇਸ ਸੰਪਰਦਾਇ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਹੋਰਨਾਂ ਥਾਵਾਂ ’ਤੇ ਚੱਲ ਰਹੀਆਂ ਸੇਵਾਵਾਂ ਵਿਚ ਵੀ ਆਪਣਾ ਸਹਿਯੋਗ ਕਰਨਾ ਚਾਹੀਦਾ ਹੈ।
ਕਾਰ ਥੜ੍ਹੇ ਨਾਲ ਟਕਰਾਉਣ ਦੀ ਮਾਮੂਲੀ ਵਿਵਾਦ ਦੌਰਾਨ 2 ਧਿਰਾਂ ’ਚ ਚੱਲੇ ਘਸੁੰਨ-ਮੁੱਕੇ, ਵੀਡੀਓ ਵਾਇਰਲ
NEXT STORY