ਅੰਮ੍ਰਿਤਸਰ,(ਛੀਨਾ/ਅਨਜਾਣ): ਭੁੱਖ-ਹੜਤਾਲ 'ਤੇ ਬੈਠੇ 523 ਫਾਰਗ ਮੁਲਾਜ਼ਮਾਂ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਦਬਾਅ ਬਣਾਏ ਜਾਣ 'ਤੇ ਸਰਹੁਸਨ ਸਿੰਘ (ਸੁਖਮਨ) ਨੇ ਸਲਫਾਸ ਨਿਗਲ ਲਿਆ ਹੈ। ਸਰਹੁਸਨ ਸਿੰਘ ਤਰਨਤਾਰਨ ਦੇ ਪਿੰਡ ਕਲੇਰ ਦਾ ਰਹਿਣ ਵਾਲਾ ਹੈ ਅਤੇ ਉਹ ਸ਼੍ਰੋਮਣੀ ਕਮੇਟੀ ਵਿਚ 175/- ਰੁਪਏ ਦਿਹਾੜੀ 'ਤੇ ਸਫਾਈ ਸੇਵਾਦਾਰ ਰੱਖਿਆ ਹੋਇਆ ਸੀ। ਉਸ ਦੀ ਹਾਲਤ ਬਹੁਤ ਗੰਭੀਰ ਹੈ ਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਡਾ. ਸਾਹਿਲ ਉਸ ਦਾ ਇਲਾਜ ਕਰ ਰਹੇ ਹਨ। ਸਰਹੁਸਨ ਦੇ ਇਲਾਜ ਦਾ ਖਰਚਾ ਮੁਲਾਜ਼ਮ ਆਪਣੇ ਕੋਲੋਂ ਪੈਸੇ ਇਕੱਠੇ ਕਰ ਕੇ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੁਲਦੀਪ ਧਾਲੀਵਾਲ, ਲੋਕ ਇਨਸਾਫ਼ ਪਾਰਟੀ ਦੇ ਧਾਰਮਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ ਤੇ ਮਾਝੇ ਦੇ ਇੰਚਾਰਜ ਅਮਰੀਕ ਸਿੰਘ ਵਰਪਾਲ ਨੇ ਪ੍ਰੈੱਸ ਨੂੰ ਬਿਆਨ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ 'ਤੇ ਖੁਦਕੁਸ਼ੀ ਲਈ ਮਜ਼ਬੂਰ ਕਰਨ 'ਤੇ ਪਰਚੇ ਕੱਟਣੇ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਰਘੂਜੀਤ ਸਿੰਘ ਵਿਰਕ ਕੋਲੋਂ ਤੁਰੰਤ ਅਸਤੀਫ਼ੇ ਲਵੇ ਤੇ ਫਾਰਗ ਮੁਲਾਜ਼ਮਾਂ ਨੂੰ ਨੌਕਰੀ 'ਤੇ ਬਹਾਲ ਕਰੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੁਖਮਨ ਨੂੰ ਕੁਝ ਹੋਇਆ ਤਾਂ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਸੜਕਾਂ 'ਤੇ ਧਰਨੇ ਲਾਵੇਗੀ।
ਅੰਮ੍ਰਿਤਸਰ ਤੋਂ ਇਸ ਸਿੱਖ ਉਮੀਦਵਾਰ 'ਤੇ ਦਾਅ ਖੇਡ ਸਕਦੀ ਹੈ ਭਾਜਪਾ!
NEXT STORY